ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ
Tuesday, Aug 02, 2022 - 02:01 PM (IST)
ਚੰਡੀਗੜ੍ਹ (ਬਿਊਰੋ)– ਪੰਜਾਬ ’ਚ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਕਤਲ ਹੋਣ ਮਗਰੋਂ ਹੁਣ ਗੈਂਗਸਟਰਾਂ ਵਲੋਂ ਮਸ਼ਹੂਰ ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਗੱਲ ਦਾ ਖ਼ੁਲਾਸਾ ਖ਼ੁਦ ਜਾਨੀ ਨੇ ਕੀਤਾ ਹੈ। ਜਾਨੀ ਨੇ ਮੁੱਖ ਮੰਤਰੀ ਭਗਵੰਤ ਮਾਨ, ਏ. ਡੀ. ਜੀ. ਪੀ. ਪੰਜਾਬ ਤੇ ਐੱਸ. ਐੱਸ. ਪੀ. ਮੋਹਾਲੀ ਨੂੰ ਚਿੱਠੀ ਲਿਖ ਕੇ ਜਾਨ ਨੂੰ ਖ਼ਤਰੇ ਦੀ ਗੱਲ ਆਖੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਉਠੀ ਮੰਗ, ਕਰੀਨਾ ਕਪੂਰ ਤੇ ਆਮਿਰ ਖ਼ਾਨ ਨੇ ਦਿੱਤੀ ਇਹ ਪ੍ਰਤੀਕਿਰਿਆ
ਚਿੱਠੀ ’ਚ ਜਾਨੀ ਲਿਖਦੇ ਹਨ ਕਿ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮੈਨੇਜਰ ਨੂੰ ਸ਼ਰਾਰਤੀ ਅਨਸਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਚਲਦਿਆਂ ਉਹ ਪੰਜਾਬ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਗਏ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਚਲਦਿਆਂ ਉਹ ਤੇ ਉਨ੍ਹਾਂ ਦਾ ਮੈਨੇਜਰ ਦਿਮਾਗੀ ਤੌਰ ’ਤੇ ਵੱਡੀ ਪ੍ਰੇਸ਼ਾਨੀ ਝੱਲ ਰਹੇ ਹਨ।
ਜਾਨੀ ਨੇ ਚਿੱਠੀ ’ਚ ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਹੋਏ ਕਤਲ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਹੌਲ ਦੇ ਚਲਦਿਆਂ ਉਹ ਕਿਤੇ ਸ਼ੂਟ ਕਰਨ ਤੋਂ ਵੀ ਡਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮਕਾਜੀ ਤੇ ਨਿੱਜੀ ਜ਼ਿੰਦਗੀ ’ਤੇ ਅਸਰ ਪੈ ਰਿਹਾ ਹੈ।
ਜਾਨੀ ਨੇ ਕਿਹਾ ਕਿ ਇਨ੍ਹਾਂ ਧਮਕੀਆਂ ਕਾਰਨ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਟਾਫ ਨੂੰ ਸੁਰੱਖਿਆ ਦੀ ਬੇਹੱਦ ਲੋੜ ਹੈ। ਜਾਨੀ ਨੇ ਚਿੱਠੀ ’ਚ ਸੁਰੱਖਿਆ ਦੇ ਨਾਲ-ਨਾਲ ਲਾਇਸੰਸੀ ਹਥਿਆਰ ਦੀ ਵੀ ਮੰਗ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਸਾਂਝੀ ਕਰੋ।