ਦੂਜੇ ਪਿਆਰ ਦੀ ਤਲਾਸ਼ 'ਚ ਬਾਲੀਵੁੱਡ ਦੀ ਇਹ ਖੂਬਸੂਰਤ ਹਸੀਨਾ ! 6 ਸਾਲਾਂ ਬਾਅਦ ਕਰ ਰਹੀ ਕਮਬੈਕ
Sunday, Feb 08, 2026 - 10:59 AM (IST)
ਮਨੋਰੰਜਨ ਡੈਸਕ - ਰਿਆ ਚੱਕਰਵਰਤੀ, ਜੋ ਲੰਬੇ ਸਮੇਂ ਤੋਂ ਫਿਲਮੀ ਦੁਨੀਆ ਅਤੇ ਸੁਰਖੀਆਂ ਤੋਂ ਦੂਰ ਸੀ, ਹੁਣ ਆਪਣੀ ਜ਼ਿੰਦਗੀ 'ਚ ਇਕ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਲਗਭਗ 6 ਸਾਲਾਂ ਬਾਅਦ, ਰਿਆ ਨੇ ਨਾ ਸਿਰਫ ਐਕਟਿੰਗ 'ਚ ਵਾਪਸੀ ਦਾ ਐਲਾਨ ਕੀਤਾ ਹੈ, ਬਲਕਿ ਇਹ ਵੀ ਕਿਹਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਵੀ 'ਮੂਵ ਆਨ' ਕਰਨ ਲਈ ਤਿਆਰ ਹੈ।
ਉਸ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਕ ਇੰਟਰਵਿਊ ਦੌਰਾਨ ਰਿਆ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਲਗਭਗ 7 ਸਾਲਾਂ ਤੋਂ ਕੋਈ ਕੰਮ ਨਹੀਂ ਮਿਲ ਰਿਹਾ ਸੀ। ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਹੁਣ ਉਨ੍ਹਾਂ ਦਾ ਅਦਾਕਾਰਾ ਬਣਨ ਦਾ ਸੁਪਨਾ ਹਮੇਸ਼ਾ ਲਈ ਟੁੱਟ ਜਾਵੇਗਾ, ਜਿਸ ਕਾਰਨ ਉਨ੍ਹਾਂ ਨੂੰ ਥੈਰੇਪੀ ਦਾ ਸਹਾਰਾ ਵੀ ਲੈਣਾ ਪਿਆ।
ਰਿਆ ਹੁਣ ਮਸ਼ਹੂਰ ਨਿਰਦੇਸ਼ਕ ਹੰਸਲ ਮਹਿਤਾ ਦੀ ਆਉਣ ਵਾਲੀ ਵੈੱਬ ਸੀਰੀਜ਼ ਰਾਹੀਂ ਪਰਦੇ 'ਤੇ ਵਾਪਸੀ ਕਰ ਰਹੀ ਹੈ। ਰਿਆ ਅਨੁਸਾਰ, ਜਦੋਂ ਉਨ੍ਹਾਂ ਨੂੰ ਇਹ ਆਫਰ ਮਿਲਿਆ ਸੀ, ਤਾਂ ਉਨ੍ਹਾਂ ਨੇ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਉਹ ਐਕਟਿੰਗ ਛੱਡਣ ਦਾ ਮਨ ਬਣਾ ਚੁੱਕੀ ਸੀ ਪਰ ਹੰਸਲ ਮਹਿਤਾ ਅਤੇ ਸੀਰੀਜ਼ ਦੇ ਲੇਖਕ ਨੇ ਉਨ੍ਹਾਂ ਨੂੰ ਮਨਾਇਆ। ਸੈੱਟ 'ਤੇ ਵਾਪਸੀ ਦੇ ਅਨੁਭਵ ਬਾਰੇ ਰਿਆ ਨੇ ਕਿਹਾ, "ਇਹ ਬਿਲਕੁਲ ਸਾਈਕਲ ਚਲਾਉਣ ਵਰਗਾ ਹੈ, ਜਿਸ ਨੂੰ ਤੁਸੀਂ ਕਦੇ ਨਹੀਂ ਭੁੱਲਦੇ"।
ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਰਿਆ ਨੇ ਕਿਹਾ ਕਿ ਉਹ ਹੁਣ ਅੱਗੇ ਵਧਣ ਲਈ ਤਿਆਰ ਹੈ ਅਤੇ ਉਨ੍ਹਾਂ ਨੇ ਪਿਆਰ ਲਈ ਆਪਣੇ ਦਿਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਿਆਰ ਇਕ ਬਹੁਤ ਹੀ ਖੂਬਸੂਰਤ ਚੀਜ਼ ਹੈ ਅਤੇ ਉਹ ਆਪਣੀ ਜ਼ਿੰਦਗੀ 'ਚ ਪਿਆਰ ਨੂੰ ਇਕ ਹੋਰ ਮੌਕਾ ਦੇਣਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਜੂਨ 2026 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 6 ਸਾਲ ਪੂਰੇ ਹੋਣ ਵਾਲੇ ਹਨ ਅਤੇ ਇੰਨੇ ਲੰਬੇ ਵਕਫ਼ੇ ਤੋਂ ਬਾਅਦ ਰਿਆ ਦੀ ਇਹ ਨਵੀਂ ਸ਼ੁਰੂਆਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
