11 ਫਰਵਰੀ ਨੂੰ ਮੁੜ ਛਾਏਗੀ ‘ਕੋਹਰਾ’ ਦੀ ਧੁੰਦ, ਬਰੁਣ ਸੋਬਤੀ ਤੇ ਮੋਨਾ ਸਿੰਘ ਦੀ ਨਵੀਂ ਜੋੜੀ ਮਚਾਏਗੀ ਧਮਾਲ
Tuesday, Jan 20, 2026 - 11:58 AM (IST)
ਮੁੰਬਈ - ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ਦੀ ਚਰਚਿਤ ਅਤੇ ਪੁਰਸਕਾਰ ਜੇਤੂ ਕ੍ਰਾਈਮ ਡਰਾਮਾ ਸੀਰੀਜ਼ 'ਕੋਹਰਾ' ਆਪਣੇ ਦੂਜੇ ਸੀਜ਼ਨ ਨਾਲ ਵਾਪਸੀ ਕਰ ਰਹੀ ਹੈ। ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਇਸ ਸੀਰੀਜ਼ ਦਾ ਦੂਜਾ ਅਧਿਆਏ 11 ਫਰਵਰੀ ਤੋਂ ਸਟ੍ਰੀਮ ਹੋਵੇਗਾ। ਇਸ ਵਾਰ ਦਰਸ਼ਕਾਂ ਨੂੰ ਪੰਜਾਬ ਦੀਆਂ ਸਰਦ ਹਵਾਵਾਂ ਦੇ ਵਿਚਕਾਰ ਇੱਕ ਨਵਾਂ ਕੇਸ ਅਤੇ ਇਕ ਨਵੀਂ ਜੋੜੀ ਦੇਖਣ ਨੂੰ ਮਿਲੇਗੀ।

ਬਰੁਣ ਸੋਬਤੀ ਅਤੇ ਮੋਨਾ ਸਿੰਘ ਦੀ ਨਵੀਂ ਭਾਈਵਾਲੀ
ਇਸ ਵਾਰ ਕਹਾਣੀ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਬਰੁਣ ਸੋਬਤੀ, ਜੋ ਅਮਰਪਾਲ ਗਰੁੰਡੀ ਦੇ ਕਿਰਦਾਰ ਵਿਚ ਵਾਪਸੀ ਕਰ ਰਹੇ ਹਨ, ਹੁਣ ਜਗਰਾਣਾ ਛੱਡ ਕੇ ਦਲੇਰਪੁਰਾ ਪੁਲਸ ਸਟੇਸ਼ਨ ਵਿਚ ਤਾਇਨਾਤ ਹਨ। ਇੱਥੇ ਉਹ ਇਕ ਨਵੀਂ ਕਮਾਂਡਿੰਗ ਅਫ਼ਸਰ ਧਨਵੰਤ ਕੌਰ (ਮੋਨਾ ਸਿੰਘ) ਦੀ ਨਿਗਰਾਨੀ ਹੇਠ ਕੰਮ ਕਰਨਗੇ। ਹਾਲਾਂਕਿ ਇਹ ਦੋਵੇਂ ਕਿਰਦਾਰ ਸੁਭਾਅ ਵਿਚ ਵੱਖਰੇ ਹਨ, ਪਰ ਕੇਸ ਨੂੰ ਸੁਲਝਾਉਣ ਦਾ ਜਜ਼ਬਾ ਦੋਵਾਂ ਵਿਚ ਇਕੋ ਜਿਹਾ ਹੈ।
ਪੰਜਾਬ ਦੀ ਅਸਲ ਤਸਵੀਰ ਹੋਵੇਗੀ ਪੇਸ਼
ਸ਼ੋਅ ਦੇ ਨਿਰਦੇਸ਼ਕ ਅਤੇ ਸ਼ੋਅਰਨਰ ਸੁਦੀਪ ਸ਼ਰਮਾ ਨੇ ਦੱਸਿਆ ਕਿ ਪਹਿਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਅਸਲੀਅਤ ਨੂੰ ਪਰਦੇ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੀਜ਼ਨ ਇਕ 'ਇਮੋਸ਼ਨਲ ਰੋਲਰ-ਕੋਸਟਰ' ਵਾਂਗ ਹੋਵੇਗਾ, ਜਿਸ ਵਿਚ ਕਿਰਦਾਰ ਆਪਣੇ ਅਤੀਤ ਦੀਆਂ ਕੰਧਾਂ ਨੂੰ ਟੁੱਟਦੇ ਹੋਏ ਦੇਖਣਗੇ। ਖ਼ਾਸ ਗੱਲ ਇਹ ਹੈ ਕਿ ਸੁਦੀਪ ਸ਼ਰਮਾ ਇਸ ਸੀਜ਼ਨ ਰਾਹੀਂ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਵੀ ਕਰ ਰਹੇ ਹਨ।
ਵੱਡੀ ਸਟਾਰਕਾਸਟ ਅਤੇ ਮਾਹਿਰ ਟੀਮ
ਇਸ ਸੀਰੀਜ਼ ਨੂੰ ਗੁੰਜੀਤ ਚੋਪੜਾ, ਦਿਗਗੀ ਸਿਸੋਦੀਆ ਅਤੇ ਸੁਦੀਪ ਸ਼ਰਮਾ ਵੱਲੋਂ ਲਿਖਿਆ ਗਿਆ ਹੈ। ਇਹ 'ਫਿਲਮ ਸਕੁਐਡ ਪ੍ਰੋਡਕਸ਼ਨ' ਅਤੇ 'ਐਕਟ ਥ੍ਰੀ' ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ, ਜਿਸ ਨੂੰ ਸੌਰਭ ਮਲਹੋਤਰਾ, ਸੁਦੀਪ ਸ਼ਰਮਾ, ਮਨੁਜ ਮਿੱਤਰਾ ਅਤੇ ਟੀਨਾ ਥਰਵਾਨੀ ਨੇ ਪ੍ਰੋਡਿਊਸ ਕੀਤਾ ਹੈ। ਨੈੱਟਫਲਿਕਸ ਇੰਡੀਆ ਦੀ ਸੀਰੀਜ਼ ਹੈੱਡ ਤਾਨਿਆ ਬਾਮੀ ਅਨੁਸਾਰ, 'ਕੋਹਰਾ' ਇੱਕ ਅਜਿਹਾ ਕਲਟ ਕਲਾਸਿਕ ਹੈ ਜੋ ਆਪਣੀ ਸਾਦਗੀ ਅਤੇ ਡੂੰਘੀਆਂ ਪਰਤਾਂ ਲਈ ਜਾਣਿਆ ਜਾਂਦਾ ਹੈ ਅਤੇ ਸੀਜ਼ਨ 2 ਪਹਿਲਾਂ ਨਾਲੋਂ ਵੀ ਵੱਧ ਦਿਲਚਸਪ ਹੋਣ ਵਾਲਾ ਹੈ।
