‘ਇਸ਼ਕਨਾਮਾ’ ਦਾ ਰੂਹ ਨੂੰ ਛੂਹ ਲੈਣ ਵਾਲਾ ਗੀਤ ‘ਇੰਡੀਆ -ਪਾਕਿਸਤਾਨ’ ਰਿਲੀਜ਼
Saturday, Jul 18, 2026 - 11:19 AM (IST)
ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਵਿਚ ਜਿੱਥੇ ਹਰ ਸਾਲ ਵੱਖ-ਵੱਖ ਵਿਸ਼ਿਆਂ ’ਤੇ ਫ਼ਿਲਮਾਂ ਅਤੇ ਗੀਤ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ, ਉੱਥੇ ਹੁਣ ਬਹੁ-ਉਡੀਕੀ ਫ਼ਿਲਮ ‘ਇਸ਼ਕਨਾਮਾ’ ਦਾ ਨਵਾਂ ਗੀਤ ‘ਇੰਡੀਆ-ਪਾਕਿਸਤਾਨ’ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਸੋਸ਼ਲ ਮੀਡੀਆ ਅਤੇ ਸੰਗੀਤ ਪ੍ਰੇਮੀਆਂ ਵਿਚਾਲੇ ਚਰਚਾ ਦਾ ਕੇਂਦਰ ਬਣ ਗਿਆ ਹੈ। ਗੀਤ ਦੇ ਸਿਰਲੇਖ ਨੇ ਜਿੱਥੇ ਲੋਕਾਂ ਦੀ ਉਤਸੁਕਤਾ ਵਧਾਈ, ਉੱਥੇ ਇਸ ਦੀ ਕਹਾਣੀ, ਸੰਗੀਤ ਅਤੇ ਜਜ਼ਬਾਤਾਂ ਨੇ ਸਰੋਤਿਆਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ ਹੈ।
‘ਇੰਡੀਆ-ਪਾਕਿਸਤਾਨ’ ਕੋਈ ਰਾਜਨੀਤਕ ਗੀਤ ਨਹੀਂ, ਸਗੋਂ ਇਹ ਦੋ ਦਿਲਾਂ ਦੀ ਅਜਿਹੀ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਹੈ, ਜਿਸ ਵਿਚ ਸਰਹੱਦਾਂ ਨਾਲੋਂ ਵੱਧ ਅਹਿਮੀਅਤ ਜਜ਼ਬਾਤਾਂ ਦੀ ਹੈ। ਗੀਤ ਵਿਚ ਵਿਛੋੜਾ, ਪਿਆਰ, ਉਮੀਦ ਅਤੇ ਮਿਲਾਪ ਦੀ ਤਾਂਘ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਹਰ ਸ਼ਬਦ ਅਤੇ ਹਰ ਸੁਰ ਦਰਸ਼ਕਾਂ ਨੂੰ ਭਾਵੁਕ ਕਰ ਦਿੰਦਾ ਹੈ।
ਇਸ ਗੀਤ ਨੂੰ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜੀ ਖ਼ਾਨ ਅਤੇ ਸੁਰਾਂ ਦੀ ਮਲਿਕਾ ਜੈਸਮੀਨ ਅਖ਼ਤਰ ਨੇ ਆਪਣੀਆਂ ਦਿਲਕਸ਼ ਆਵਾਜ਼ਾਂ ਨਾਲ ਸਜਾਇਆ ਹੈ। ਦੋਵਾਂ ਦੀ ਗਾਇਕੀ ਇਕ-ਦੂਜੇ ਨੂੰ ਬੇਹੱਦ ਖੂਬਸੂਰਤੀ ਨਾਲ ਪੂਰਾ ਕਰਦੀ ਹੈ। ਗੀਤ ਦੇ ਹਰ ਅੰਤਰੇ ਵਿਚ ਦੋਵਾਂ ਗਾਇਕਾਂ ਦੀ ਭਾਵਪੂਰਨ ਪੇਸ਼ਕਾਰੀ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਗੀਤ ਦੇ ਬੋਲ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗੀਤਕਾਰ ਜਾਨੀ ਨੇ ਲਿਖੇ ਹਨ। ਗੀਤ ਦਾ ਸੰਗੀਤ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਦੇ ਮਸ਼ਹੂਰ ਸੰਗੀਤਕਾਰ ਬੀ ਪ੍ਰਾਕ ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਵੀ ਦਰਸ਼ਕਾਂ ਨੂੰ ਖਾਸਾ ਪ੍ਰਭਾਵਿਤ ਕਰ ਰਹੀ ਹੈ। ਸ਼ਾਹੀ ਮਾਹੌਲ, ਸ਼ਾਨਦਾਰ ਸੈੱਟ, ਖੂਬਸੂਰਤ ਪਹਿਰਾਵੇ ਅਤੇ ਕਲਾਕਾਰਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਇਸ ਗੀਤ ਨੂੰ ਇਕ ਵੱਖਰੀ ਹੀ ਉਚਾਈ ’ਤੇ ਲੈ ਜਾਂਦੀ ਹੈ। ਵੀਡੀਓ ਵਿਚ ਪਿਆਰ ਦੀ ਗਹਿਰਾਈ, ਵਿਛੋੜੇ ਦੀ ਤੜਪ ਅਤੇ ਮਿਲਣ ਦੀ ਉਮੀਦ ਨੂੰ ਬੇਹੱਦ ਖੂਬਸੂਰਤੀ ਨਾਲ ਫ਼ਿਲਮਾਇਆ ਗਿਆ ਹੈ।
ਰਿਲੀਜ਼ ਤੋਂ ਕੁਝ ਹੀ ਸਮੇਂ ਬਾਅਦ ‘ਇੰਡੀਆ-ਪਾਕਿਸਤਾਨ’ ਨੂੰ ਯੂ-ਟਿਊਬ ਅਤੇ ਹੋਰ ਸੰਗੀਤ ਪਲੇਟਫਾਰਮਾਂ ’ਤੇ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਫਿਲਮ 24 ਜੁਲਾਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ।
