‘ਬੈਡ ਨਿਊਜ਼’ ਦੀ ਸਕ੍ਰਿਪਟ ਸੁਣ ਕੇ ਪਹਿਲਾ ਸਵਾਲ ਇਹੀ ਸੀ, ਕੀ ਅਜਿਹਾ ਸੱਚਮੁੱਚ ਹੁੰਦੈ : ਵਿੱਕੀ ਕੌਸ਼ਲ

Saturday, Jul 20, 2024 - 10:42 AM (IST)

ਹਮੇਸ਼ਾ ਤੋਂ ਸਾਨੂੰ ਗੁੱਡ ਨਿਊਜ਼ ਦਾ ਹੀ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਉਹ ਸਾਨੂੰ ਖ਼ੁਸ਼ੀ ਦਿੰਦੀ ਹੈ ਪਰ ਹੁਣ ਇਕ ਅਜਿਹੀ ‘ਬੈਡ ਨਿਊਜ਼’ ਆ ਰਹੀ ਹੈ, ਜੋ ਤੁਹਾਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦੇਵੇਗੀ। ਗੱਲ ਕਰ ਰਹੇ ਹਾਂ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਬੈਡ ਨਿਊਜ਼’ ਦੀ, ਜੋ 19 ਜੁਲਾਈ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋ ਰਹੀ ਹੈ। ਫਿਲਮ ਆਪਣੀ ਅਨੌਖੀ ਕਹਾਣੀ ਕਾਰਨ ਚਰਚਾ ਵਿਚ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਅਜਿਹੀ ਅਜੀਬੋ-ਗ਼ਰੀਬ ਪ੍ਰੈਗਨੈਂਸੀ ਬਾਰੇ ਸੁਣਿਆ ਹੋਵੇਗਾ। ਇਸ ’ਚ ਮਾਂ ਦੇ ਗਰਭ ’ਚ ਪਲ ਰਹੇ ਬੱਚੇ ਦੇ ਪਿਤਾ 2 ਵੱਖ-ਵੱਖ ਇਨਸਾਨ ਹਨ। ਸੁਣਨ ’ਚ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਇਸ ਨੂੰ ਹੇਟਰੋ ਪੈਟਨਰਲ ਸੁਪਰਫੇਕੰਡੇਸ਼ਨ ਕਹਿੰਦੇ ਹਨ, ਜਿਸ ਬਾਰੇ ਇਹ ਫਿਲਮ ਦੱਸਦੀ ਹੈ।
ਫਿਲਮ ’ਚ ਇਨ੍ਹਾਂ ਤਿੰਨਾਂ ਸਿਤਾਰਿਆਂ ਦੇ ਨਾਲ-ਨਾਲ ਨੇਹਾ ਧੂਪੀਆ ਨੇ ਵੀ ਕਾਫ਼ੀ ਅਹਿਮ ਰੋਲ ਨਿਭਾਇਆ ਹੈ। ਇਸ ਦਾ ਨਿਰਦੇਸ਼ਨ ਆਨੰਦ ਤਿਵਾੜੀ ਨੇ ਕੀਤਾ ਹੈ, ਜਿਸ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ। ਫਿਲਮ ਦੇ ਲੀਡ ਐਕਟਰ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਅਜਿਹਾ ਲੱਗਾ ਕਿ ਇਕ ਚੰਗੀ ਸਕ੍ਰਿਪਟ ਚੱਲ ਕੇ ਆਈ : ਵਿੱਕੀ ਕੌਸ਼ਲ

ਜਦੋਂ ਤੁਹਾਨੂੰ ‘ਬੈਡ ਨਿਊਜ਼’ ਮਿਲੀ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?
ਸੱਚਮੁੱਚ ਬਹੁਤ ਖ਼ੁਸ਼ੀ ਹੋਈ ਸੀ। ਇਕ ਤਾਂ ਇਹ ਕਿ ਆਨੰਦ ਤਿਵਾੜੀ ਡਾਇਰੈਕਟਰ ਹਨ, ਉਨ੍ਹਾਂ ਦੀ ਜੋ ਪਹਿਲਾਂ ਫਿਲਮ ਸੀ ‘ਲਵ ਤੇ ਸਕੁਆਇਰ ਫੀਟ’ ਉਹ ਅਸੀਂ ਇਕੱਠਿਆਂ ਕੀਤੀ ਸੀ। ਆਨੰਦ ਤਿਵਾੜੀ ਅਤੇ ਅੰਮ੍ਰਿਤ ਜੋ ਨਿਰਮਾਤਾ ਸਨ, ਦੋਵੇਂ ਮੇਰੇ ਭਰਾ ਵਰਗੇ ਹਨ। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸਕ੍ਰਿਪਟ ਸੁਣਾਈ ਤਾਂ ਅਜਿਹਾ ਲੱਗਾ ਕਿ ਘਰ ’ਚ ਹੀ ਇਕ ਚੰਗੀ ਸਕ੍ਰਿਪਟ ਆ ਗਈ ਹੈ।
ਧਰਮਾ ਪ੍ਰੋਡਕਸ਼ਨ ਨਾਲ ਇਹ ਮੇਰੀ ਚੌਥੀ ਫਿਲਮ ਹੈ ਤਾਂ ਉੱਥੇ ਵੀ ਘਰ ਵਰਗਾ ਮਾਹੌਲ ਹੀ ਹੈ। ਜਦੋਂ ਇਕ ਅਜਿਹਾ ਕੰਫਰਟ ਹੁੰਦਾ ਹੈ ਤਾਂ ਕੰਮ ਵੀ ਚੰਗਾ ਨਿਕਲ ਕੇ ਆਉਂਦਾ ਹੈ। ਤੁਸੀਂ ਵੀ ਜ਼ਿਆਦਾ ਆਤਮਵਿਸ਼ਵਾਸ ਨਾਲ ਅੰਦਰ ਜਾਂਦੇ ਹੋ ਕਿ ਚਲੋ ਕੁਝ ਕਰਦੇ ਹਾਂ। ਉਵੇਂ ਹੀ ‘ਬੈਡ ਨਿਊਜ਼’ ਵਰਗੀ ਆਊਟ ਐਂਡ ਆਊਟ ਕਾਮੇਡੀ ਮੈਂ ਜ਼ਿਆਦਾ ਨਹੀਂ ਕੀਤੀ ਤਾਂ ਇਕ ਅਲੱਗ ਕੰਮ ਮਿਲਣ ਦੀ ਵੀ ਖ਼ੁਸ਼ੀ ਸੀ ਕਿ ਇਸ ਨੂੰ ਕਰਨ ’ਚ ਮਜ਼ਾ ਆਵੇਗਾ। ਥੋੜ੍ਹੀ ਉਤਸੁਕਤਾ ਵੀ ਸੀ ਅਤੇ ਨਰਵਸਨੈੱਸ ਵੀ ਕਿਉਂਕਿ ਕਾਮੇਡੀ ਜ਼ੋਨਰ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਸਨ, ਜੋ ਮੈਨੂੰ ਉਤਸ਼ਾਹ ਮਹਿਸੂਸ ਕਰਵਾ ਰਹੀਆਂ ਸਨ।

ਪ੍ਰੈਗਨੈਂਸੀ ਦੀ ਇਸ ਬਾਇਓਲੋਜੀਕਲ ਟਰਮ ਤੋਂ ਕੀ ਤੁਸੀਂ ਵਾਕਿਫ਼ ਹੋ?
ਬਿਲਕੁੱਲ ਨਹੀਂ ਪਤਾ ਸੀ। ਜਿਵੇਂ ਟ੍ਰੇਲਰ ਵਿਚ ਵੀ ਦੱਸਿਆ ਕਿ ਬਿਲੀਅਨਜ਼ ’ਚੋਂ ਇਕ ਕੇਸ ਆਉਂਦਾ ਹੈ ਅਜਿਹਾ, ਜੋ ਸਾਨੂੰ ਹੁਣ ਪਤਾ ਲੱਗਾ ਹੈ। ਉਹ ਇਹ ਕਿ ਦੁਨੀਆ ਭਰ ’ਚ ਅਜਿਹੇ ਸਿਰਫ਼ 19 ਕੇਸ ਹਨ। ਜਦੋਂ ਸਾਨੂੰ ਨਰੇਸ਼ਨ ਸੁਣਾਈ ਗਈ ਸੀ ਤਾਂ ਹੱਸੇ ਤਾਂ ਬਹੁਤ ਸੀ ਅਸੀਂ ਪਰ ਸਵਾਲ ਇਹੀ ਸੀ ਕਿ ਕੀ ਅਜਿਹਾ ਸੱਚਮੁੱਚ ਹੁੰਦਾ ਹੈ ਤਾਂ ਸਾਨੂੰ ਆਰਟੀਕਲਜ਼ ਦਿਖਾਏ ਗਏ ਕਿ ਅਜਿਹਾ ਹੋਇਆ ਚੀਨ ਵਿਚ।
ਇਨਫੈਕਟ ਇੰਡੀਆ ’ਚ ਵੀ ਇਕ ਅਜਿਹਾ ਕੇਸ ਆਇਆ ਹੈ। ਇਸ ’ਚ ਕਾਮੇਡੀ ਤਾਂ ਹੈ ਹੀ, ਨਾਲ ਹੀ ਉਤਸੁਕਤਾ ਵੀ ਸੀ ਕਿ ਜੇਕਰ 3 ਜਣੇ ਅਜਿਹੀ ਹਾਲਤ ’ਚ ਹਨ ਤਾਂ ਗੱਡੀ ਹੈਪੀ ਐਂਡਿੰਗ ’ਚ ਕਿਵੇਂ ਜਾਵੇਗੀ। ਇਸ ਲਈ ਇਸ ਦਾ ਟਾਈਟਲ ‘ਬੈਡ ਨਿਊਜ਼’ ਹੈ ਕਿ ਉਨ੍ਹਾਂ ਲਈ ਇਹ ‘ਬੈਡ ਨਿਊਜ਼’ ਹੈ ਪਰ ਸਾਨੂੰ ਉਨ੍ਹਾਂ ਨੂੰ ਦੇਖ ਕੇ ਹਾਸਾ ਆ ਰਿਹਾ ਹੈ।

ਪ੍ਰਾਜੈਕਟ ਦੀ ਕੋਈ ਸ਼ਲਾਘਾ ਤਾਂ ਕੁਝ ਆਲੋਚਨਾ ਵੀ ਕਰਦੇ ਹਨ, ਕੀ ਤੁਸੀਂ ਦੋਹਾਂ ਲਈ ਤਿਆਰ ਹੋ?
ਇਹ ਸਭ ਕੁਝ ਸ਼ੁੱਕਰਵਾਰ ਤੱਕ ਹੈ। ਜੇਕਰ ਫਿਲਮ ਚੰਗੀ ਹੈ ਤਾਂ ਸਾਰੇ ਦਰਸ਼ਕ ਇਕ ਪਾਸੇ ਅਤੇ ਖ਼ਰਾਬ ਲੱਗੀ ਤਾਂ ਸਾਰੀ ਟਾਈਪ ਜ਼ੀਰੋ ਹੋ ਜਾਂਦੀ ਹੈ।


ਹਰ ਪਾਸੇ ‘ਤੌਬਾ-ਤੌਬਾ’ ਛਾਇਆ ਹੋਇਆ ਹੈ ਤਾਂ ਕੀ ਪਰਟੀਕੁਲਰ ਡਾਂਸ ਮੂਵਜ਼ ਲਈ ਰਿਹਰਸਲ ਕੀਤੀ?
4-5 ਦਿਨ ਰਿਹਰਸਲ ਹੋਈ ਸੀ ਇਸ ਦੀ। ਬੋਸਕੋ ਤੇ ਉਨ੍ਹਾਂ ਦੀ ਟੀਮ ਜਿਨ੍ਹਾਂ ਨੇ ਇਹ ਕੋਰੀਓਗ੍ਰਾਫ ਕਰਵਾਇਆ ਹੈ ਤਾਂ ਸਿਹਰਾ ਤਾਂ ਉਨ੍ਹਾਂ ਨੂੰ ਹੀ ਜਾਂਦਾ ਹੈ। ਪਹਿਲੀ ਵਾਰ ਤਾਂ ਜਦੋਂ ਮੈਂ ਵੀ ਪੈਰ ਦਾ ਸਟੈੱਪ ਦੇਖਿਆ ਤਾਂ ਕਿਹਾ ਸੀ ਕਿ ਮੇਰੇ ਤੋਂ ਨਹੀਂ ਹੋਵੇਗਾ। ਫਿਰ ਜਦੋਂ ਉਨ੍ਹਾਂ ਨੇ ਇਹ ਤੋੜ ਕੇ ਸਿਖਾਇਆ ਤਾਂ ਮੈਂ ਕਿਹਾ ਕਿ ਇਹ ਤਾਂ ਹੋ ਗਿਆ।

ਸ਼ੁਰੂ ਤੋਂ ਹੀ ਵਿੱਕੀ ਨਾਲ ਕੰਮ ਕਰਨਾ ਚਾਹੁੰਦੀ ਸੀ : ਤ੍ਰਿਪਤੀ ਡਿਮਰੀ

‘ਬੈਡ ਨਿਊਜ਼’ ਦੀ ਕਹਾਣੀ ਸੁਣ ਕੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?
ਮੈਂ ਤਾਂ ਬਹੁਤ ਖ਼ੁਸ਼ ਸੀ ਕਿਉਂਕਿ ਜਦੋਂ ਮੈਨੂੰ ਇਹ ਫਿਲਮ ਨਰੇਟ ਕੀਤੀ ਤਾਂ ਮੈਂ ਢਿੱਡ ਫੜ ਕੇ ਹੱਸ ਰਹੀ ਸੀ ਕਿਉਂਕਿ ਇੰਨੀ ਚੰਗੀ ਸਕ੍ਰਿਪਟ ਸੀ। ਉਂਝ ਵੀ ਮੈਂ ਸ਼ੁਰੂ ਤੋਂ ਹੀ ਵਿੱਕੀ ਕੌਸ਼ਲ ਨਾਲ ਕੰਮ ਕਰਨਾ ਚਾਹੁੰਦੀ ਸੀ। ਜਦੋਂ ਤੋਂ ਮੈਂ ਅਦਾਕਾਰੀ ਸ਼ੁਰੂ ਕੀਤੀ, ਕਦੇ ਨਹੀਂ ਸੋਚਿਆ ਸੀ ਕਿ ਮੈਂ ਅਜਿਹੀ ਫਿਲਮ ਦਾ ਹਿੱਸਾ ਬਣਾਂਗੀ।


‘ਤੌਬਾ-ਤੌਬਾ’ ਬਣਿਆ ਤਾਂ ਤੁਸੀਂ ਉਹ ਡਾਂਸ ਮੂਵਜ਼ ਕਰਨ ਦੀ ਕੋਸ਼ਿਸ਼ ਕੀਤੀ?
ਨਹੀਂ ਬਿਲਕੁੱਲ ਵੀ ਨਹੀਂ। ਮੈਨੂੰ ਪੰਜਾਬੀ ਸਮਝ ਆਉਂਦੀ ਹੈ ਪਰ ਬੋਲਣੀ ਨਹੀਂ ਆਉਂਦੀ ਪਰ ਜ਼ਿਆਦਾ ਤੇਜ਼ ਵਾਲੀ ਪੰਜਾਬੀ ਸਮਝ ਨਹੀਂ ਆਉਂਦੀ ਪਰ ਇਹ ਪਹਿਲਾ ਪੰਜਾਬੀ ਗਾਣਾ ਹੈ, ਜਿਸ ਦੇ ਬੋਲ ਮੈਨੂੰ ਯਾਦ ਹਨ। ਸੈੱਟ ’ਤੇ ਵੀ ਕਾਫ਼ੀ ਚੰਗਾ ਅਨੁਭਵ ਸੀ। ਮੈਂ ਤਾਂ ਲਾਈਵ ਦੇਖਿਆ ਹੈ। ਉਸ ਤੋਂ ਬੈਸਟ ਕੀ ਹੋ ਸਕਦਾ ਹੈ।


‘ਐਨੀਮਲ’ ’ਚ ਤੁਹਾਡਾ ਕਿਰਦਾਰ ਛੋਟਾ ਸੀ ਪਰ ਛੋਟੇ ਕਿਰਦਾਰ ’ਚ ਵੀ ਤੁਸੀਂ ਛਾ ਗਏ ਸੀ, ਰਾਤੋ-ਰਾਤ ਨੈਸ਼ਨਲ ਕ੍ਰਸ਼ ਬਣ ਗਏ ਸੀ, ਉਹ ਪਲ ਕਿਵੇਂ ਲੰਘੇ?
ਬਹੁਤ-ਬਹੁਤ ਖ਼ੁਸ਼ੀ ਹੋਈ ਸੀ। ਜਦੋਂ ਸੰਦੀਪ ਸਰ ਨੂੰ ਪਹਿਲੀ ਵਾਰ ਮਿਲੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਇਹ ਫਿਲਮ ਆਫਰ ਕੀਤੀ ਸੀ ਤਾਂ ਉਨ੍ਹਾਂ ਨੇ ਮੈਨੂੰ ਇਹ ਗੱਲ ਬੋਲੀ ਸੀ ਕਿ ਇਸ ਫਿਲਮ ਨਾਲ ਕਿਸੇ ਹੋਰ ਦਾ ਫ਼ਾਇਦਾ ਹੋਵੇ ਨਾ ਹੋਵੇ, ਤੁਹਾਡਾ ਬਹੁਤ ਫ਼ਾਇਦਾ ਹੋਣ ਵਾਲਾ ਹੈ ਕਿਉਂਕਿ ਤੁਹਾਡਾ ਬਹੁਤ ਹੀ ਰੋਚਕ ਰੋਲ ਹੈ। ਇਸ ਕਾਰਨ ਮੈਂ ਵੀ ਫਿਲਮ ਲਈ ਹਾਂ ਕੀਤੀ। ਸਕ੍ਰਿਪਟ ਪੜ੍ਹ ਕੇ ਲੱਗਿਆ ਸੀ ਕਿ ਰੋਲ ਕੰਪਲੈਕਸ ਹੈ। ਕਾਫ਼ੀ ਲੇਅਰਜ਼ ਹਨ ਪਰ ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਮਿਲੇਗਾ। ਮੈਂ ਸਭ ਦੀ ਬਹੁਤ ਸ਼ੁੱਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ।


ਜਿੱਥੇ ਲਿਆ ਕੇ ਮਾਲਕ ਨੇ ਬਿਠਾਇਆ ਹੈ, ਓਨਾ ਡਿਜ਼ਰਵ ਨਹੀਂ ਕਰਦੇ : ਐਮੀ ਵਿਰਕ
ਜਦੋਂ ਤੁਹਾਨੂੰ ਸਟੋਰੀ ਨਰੇਟ ਕੀਤੀ ਗਈ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?

ਕੁਦਰਤੀ ਹੈ ਕਿ ਜਦੋਂ ਕਿਸੇ ਨੂੰ ਵੀ ਅਜਿਹਾ ਆਫਰ ਆਉਂਦਾ ਹੈ ਤਾਂ ਖ਼ੁਸ਼ੀ ਤਾਂ ਹੁੰਦੀ ਹੀ ਹੈ। ਮੈਂ ਕਲਾਊਡ 9 ’ਤੇ ਸੀ ਅਤੇ ਹਾਲੇ ਵੀ ਉੱਥੇ ਹਾਂ। ਜਿੰਨੀ ਖ਼ੁਸ਼ੀ ਮੈਨੂੰ ਫਿਲਮ ਮਿਲਣ ਦੀ ਹੋਈ ਸੀ, ਓਨੀ ਹੀ ਫਿਲਮ ਦਾ ਟਾਈਟਲ ਸੁਣ ਕੇ ਹੋਈ ਕਿਉਂਕਿ ਇਹ ਗੁੱਡ ਨਿਊਜ਼ ਦਾ ਸਕ੍ਰਿਪਚੂਅਲ ਸੀਕਵਲ ਹੈ, ਉਹ ਵੀ ਬਹੁਤ ਚੰਗੀ ਸੀ ਅਤੇ ਧਰਮਾ ਦੀ ਹੀ ਸੀ ਤਾਂ ਖ਼ੁਸ਼ੀ ਤਾਂ ਮੈਨੂੰ ਬਹੁਤ ਹੋਈ ਸੀ।


ਪੰਜਾਬੀ ਗਾਣਾ ਹੈ ‘ਤੌਬਾ-ਤੌਬਾ’ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਤੁਹਾਨੂੰ ਵੀ ਇਸ ਦਾ ਹਿੱਸਾ ਹੋਣਾ ਚਾਹੀਦਾ ਸੀ?
ਪਹਿਲਾਂ ਲੱਗਿਆ ਸੀ ਪਰ ਫਿਰ ਦੇਖ ਕੇ ਕਿਹਾ ਕਿ ਚੰਗਾ ਹੋਇਆ ਨਹੀਂ ਸੀ, ਮੇਰੇ ਤੋਂ ਇਹ ਸਟੈੱਪ ਨਹੀਂ ਹੋਣਾ ਸੀ। ਵਿੱਕੀ ਕੌਸ਼ਲ ਨੇ ਇਹ ਬਹੁਤ ਹੀ ਚੰਗੀ ਤਰ੍ਹਾਂ ਕੀਤਾ ਹੈ। ਇਨਫੈਕਟ ਜਿਨ੍ਹਾਂ ਨੇ ਇਨ੍ਹਾਂ ਨੂੰ ਸਿਖਾਇਆ ਹੈ, ਉਨ੍ਹਾਂ ਤੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਇਨ੍ਹਾਂ ਸਟੈੱਪਜ਼ ਨੂੰ ਵਿੱਕੀ ਕੌਸ਼ਲ ਨੇ ਕੀਤਾ ਹੈ।
ਇਕ ਹੋਰ ਵੀ ਖ਼ਾਸੀਅਤ ਹੈ ਕਿ ਉਹ ਇਹ ਕਿ ਇਹ ਕਰਨ ਔਜਲਾ ਦਾ ਪਹਿਲਾ ਗਾਣਾ ਹੈ, ਜੋ ਕਿਸੇ ਬਾਲੀਵੁੱਡ ਫਿਲਮ ’ਚ ਆਇਆ, ਜੋ ਇੰਨਾ ਚੰਗਾ ਚੱਲਿਆ। ਉਨ੍ਹਾਂ ਨੂੰ ਪਤਾ ਸੀ ਕਿ ਇਹ ਪੂਰੇ ਇੰਡੀਆ ਲਈ ਹੈ ਪਰ ਤੌਬਾ-ਤੌਬਾ ਨੂੰ ਛੱਡ ਕੇ ਕਿਤੇ ਵੀ ਉਨ੍ਹਾਂ ਨੇ ਹੱਥ ਢਿੱਲਾ ਨਹੀਂ ਕੀਤਾ। ਹਰ ਜਗ੍ਹਾ ਢੁੱਕਵੇਂ ਪੰਜਾਬੀ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ।

ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਪਰ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ, ਗੱਲ ਕਿਸਮਤ ਦੀ ਹੁੰਦੀ ਹੈ ਤਾਂ ਕਿਵੇਂ ਫੀਲ ਹੁੰਦੈ?
ਪੰਜਾਬ ਤੋਂ ਬਾਹਰ ਜਦੋਂ ਮੈਂ ਕਿਤੇ ਵੀ ਜਾਵਾਂ, ਪੰਜਾਬ ’ਚ ਵੀ ਵੱਡੇ ਸ਼ਹਿਰਾਂ ’ਚ ਗੱਲ ‘ਕਿਸਮਤ’ ਦੀ ਹੀ ਹੁੰਦੀ ਹੈ ਪਰ ਪਿੰਡ ਦੇ ਲੋਕ ‘ਨਿੱਕਾ ਜ਼ੈਲਦਾਰ’ ਦੀ ਗੱਲ ਜ਼ਿਆਦਾ ਕਰਦੇ ਹਨ। ਫਿਲਮ ਤਾਂ ਮੈਨੂੰ ਲੱਗਦਾ ਹੈ ਕਿ ਹਰ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਬਾਕੀ ਮੈਨੂੰ ਬਹੁਤ ਪਿਆਰ ਮਿਲਿਆ ਹੈ। ਓਨਾ ਡਿਜ਼ਰਵ ਨਹੀਂ ਕਰਦਾ ਸੀ, ਜਿੱਥੇ ਮਾਲਕ ਨੇ ਲਿਆ ਕੇ ਬਿਠਾਇਆ ਹੈ।


sunita

Content Editor

Related News