ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

Monday, Feb 13, 2023 - 12:19 PM (IST)

ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

ਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਵੀ ਕਾਤਲਾਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਗਈ ਤੇ ਸਿੱਧੂ ਦੀ ਸੁਰੱਖਿਆ ਲੀਕ ਕਰਨ ਵਾਲਿਆਂ ਤੋਂ ਸਰਕਾਰ ਨੇ ਕੋਈ ਪੁੱਛਗਿੱਛ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ-ਕਿਆਰਾ ਦੀ ਰਿਸੈਪਸ਼ਨ ਪਾਰਟੀ ’ਚ ਸੈਲੇਬ੍ਰਿਟੀਜ਼ ਦਾ ਲੱਗਾ ਮੇਲਾ, ਦੇਖੋ ਕੌਣ-ਕੌਣ ਪਹੁੰਚਿਆ

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ, ਜਿਸ ’ਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸ ਦਾ ਸੀਸ਼ਾ ਵੀ ਨਹੀਂ ਪਵਾਇਆ ਤੇ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ’ਤੇ ਘੁੰਮਣਗੇ ਤੇ ਸਿੱਧੂ ਦੀਆ ਉਹ ਤਸਵੀਰਾਂ ਲਗਾਉਣਗੇ, ਜਿਸ ’ਚ ਉਸ ਦੇ ਸਰੀਰ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ’ਚ ਪੰਜਾਬ ਦੀ ਜਵਾਨੀ ਪੰਜਾਬ ’ਚ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਉਹ ਸਿੱਧੂ ਦੀ ਬਰਸੀ ਮਨਾ ਰਹੇ ਹਨ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਕਤਲ ਪਿਛਲੇ ਸਾਲ 29 ਮਈ ਨੂੰ ਕੀਤਾ ਗਿਆ ਸੀ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਲਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News