ਮਹਾਕੁੰਭ ਦੀ ‘ਮੋਨਾ ਲੀਜ਼ਾ’ ਹੁਣ ਬਾਲੀਵੁੱਡ ’ਚ ਮਚਾਏਗੀ ਧਮਾਲ, ‘ਦਿ ਡਾਇਰੀ ਆਫ ਮਣੀਪੁਰ’ ਦਾ ਲੁੱਕ ਆਇਆ ਸਾਹਮਣੇ
Wednesday, Feb 04, 2026 - 02:54 PM (IST)
ਮੁੰਬਈ - ਮਹਾਕੁੰਭ 2025 ਦੌਰਾਨ ਕਰੋੜਾਂ ਦੀ ਭੀੜ 'ਚ ਆਪਣੀ ਸਾਦਗੀ ਅਤੇ ਮਾਸੂਮੀਅਤ ਨਾਲ ਰਾਤੋ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਮੋਨਾ ਲੀਜ਼ਾ ਹੁਣ ਫਿਲਮੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਮਹਾਕੁੰਭ ਦੇ ਮੇਲੇ 'ਚ ਮਾਲਾ ਵੇਚਣ ਵਾਲੀ ਇਸ ਸਧਾਰਨ ਕੁੜੀ ਦੀ ਜ਼ਿੰਦਗੀ ਨੇ ਉਦੋਂ ਨਵਾਂ ਮੋੜ ਲਿਆ ਜਦੋਂ ਫਿਲਮ ਨਿਰਮਾਤਾ ਸਨੋਜ ਮਿਸ਼ਰਾ ਦੀ ਨਜ਼ਰ ਉਸ 'ਤੇ ਪਈ। ਹੁਣ ਉਸ ਦੀ ਪਹਿਲੀ ਫਿਲਮ ‘ਦਿ ਡਾਇਰੀ ਆਫ ਮਣੀਪੁਰ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕਰ ਦਿੱਤਾ ਗਿਆ ਹੈ।
ਮੇਲੇ ਤੋਂ ਫਿਲਮਾਂ ਤੱਕ ਦਾ ਸਫ਼ਰ
ਮੋਨਾ ਲੀਜ਼ਾ ਮੱਧ ਪ੍ਰਦੇਸ਼ ਦੇ ਮਹੇਸ਼ਵਰ ਖੇਤਰ ਦੇ ਬੰਜਾਰਾ ਭਾਈਚਾਰੇ ਨਾਲ ਸਬੰਧਤ ਹੈ। ਡਾਇਰੈਕਟਰ ਸਨੋਜ ਮਿਸ਼ਰਾ ਅਨੁਸਾਰ, ਜਦੋਂ ਉਨ੍ਹਾਂ ਨੇ ਮੋਨਾ ਲੀਜ਼ਾ ਨੂੰ ਮੇਲੇ 'ਚ ਦੇਖਿਆ ਤਾਂ ਉਹ ਉਸ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਏ। ਫਿਲਮ 'ਚ ਕੰਮ ਕਰਨ ਤੋਂ ਪਹਿਲਾਂ ਮੋਨਾ ਲੀਜ਼ਾ ਨੂੰ ਇੰਦੌਰ ਅਤੇ ਮੁੰਬਈ 'ਚ ਖਾਸ ਟ੍ਰੇਨਿੰਗ ਦਿੱਤੀ ਗਈ, ਜਿੱਥੇ ਉਸਨੇ ਅਦਾਕਾਰੀ, ਬਾਡੀ ਲੈਂਗੂਏਜ ਅਤੇ ਕੈਮਰੇ ਦੇ ਸਾਹਮਣੇ ਕੰਮ ਕਰਨਾ ਸਿੱਖਿਆ। ਦੱਸਣਯੋਗ ਹੈ ਕਿ ਸ਼ੁਰੂਆਤ 'ਚ ਮੋਨਾ ਲੀਜ਼ਾ ਪੜ੍ਹੀ-ਲਿਖੀ ਨਹੀਂ ਸੀ ਅਤੇ ਉਸਨੂੰ ਆਪਣਾ ਨਾਮ ਤੱਕ ਲਿਖਣਾ ਨਹੀਂ ਆਉਂਦਾ ਸੀ।
ਫਿਲਮ ਦੀ ਸਟਾਰ ਕਾਸਟ ਅਤੇ ਸ਼ੂਟਿੰਗ
ਇਸ ਫਿਲਮ 'ਚ ਮੋਨਾ ਲੀਜ਼ਾ ਅਦਾਕਾਰ ਅਮਿਤ ਰਾਓ (ਜੋ ਕਿ ਰਾਜਕੁਮਾਰ ਰਾਓ ਦੇ ਭਰਾ ਹਨ) ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਇਟਾਵਾ, ਮਣੀਪੁਰ, ਨੇਪਾਲ ਅਤੇ ਦੇਹਰਾਦੂਨ ਵਰਗੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤੀ ਗਈ ਹੈ। ਫਿਲਮ ‘ਦਿ ਡਾਇਰੀ ਆਫ ਮਣੀਪੁਰ’ ਮਣੀਪੁਰ ਦੀ ਪਿਛੋਕੜ 'ਤੇ ਅਧਾਰਤ ਹੈ, ਜਿਸ 'ਚ ਹਿੰਸਾ ਅਤੇ ਸੰਘਰਸ਼ ਦੇ ਵਿਚਕਾਰ ਇਕ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ। ਮੋਨਾ ਲੀਜ਼ਾ ਫਿਲਮ 'ਚ ਇਕ ਨਾਰਥ ਇੰਡੀਅਨ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।
ਭਾਸ਼ਾ ਦੀ ਚੁਣੌਤੀ ਅਤੇ ਡਬਿੰਗ
ਡਾਇਰੈਕਟਰ ਨੇ ਦੱਸਿਆ ਕਿ ਮੋਨਾ ਲੀਜ਼ਾ ਲਈ ਭਾਸ਼ਾ ਅਤੇ ਉਚਾਰਨ ਇਕ ਵੱਡੀ ਚੁਣੌਤੀ ਸੀ, ਜਿਸ ਕਾਰਨ ਫਿਲਮ ਵਿਚ ਉਸਦੇ ਕਿਰਦਾਰ ਲਈ ਡਬਿੰਗ ਦਾ ਸਹਾਰਾ ਲਿਆ ਗਿਆ ਹੈ। ਹਾਲਾਂਕਿ, ਉਸ ਦੀ ਅਦਾਕਾਰੀ ਤੋਂ ਨਿਰਦੇਸ਼ਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ, ਹੁਣ ਫਿਲਮ ਦੀ ਪੂਰੀ ਟੀਮ ਮਾਂ ਗੰਗਾ ਦਾ ਆਸ਼ੀਰਵਾਦ ਲੈਣ ਲਈ ਪ੍ਰਯਾਗਰਾਜ ਦੇ ਮਾਘ ਮੇਲੇ ਵਿਚ ਪਹੁੰਚ ਰਹੀ ਹੈ। ਮੋਨਾ ਲੀਜ਼ਾ ਲਈ ਇਹ ਵਾਪਸੀ ਬੇਹੱਦ ਭਾਵੁਕ ਹੈ ਕਿਉਂਕਿ ਇਕ ਸਾਲ ਪਹਿਲਾਂ ਉਹ ਇੱਥੇ ਮਾਲਾ ਵੇਚ ਰਹੀ ਸੀ ਅਤੇ ਹੁਣ ਇਕ ਅਦਾਕਾਰਾ ਵਜੋਂ ਪਰਤ ਰਹੀ ਹੈ।
