ਰਿਆਜ਼ ਹੀ ਨਹੀਂ, ਫਿਟਨੈੱਸ ਤੇ ਸਟਾਈਲ ’ਤੇ ਵੀ ਮਿਹਨਤ ਕਰਦੈ ਪੰਜਾਬੀ ਗਾਇਕ ਤਾਜੀ
Thursday, Nov 26, 2020 - 08:37 PM (IST)
ਜਲੰਧਰ (ਬਿਊਰੋ)– ਨਵੇਂ ਜ਼ਮਾਨੇ ਦੇ ਗਾਇਕ ਤੋਂ ਹੁਣ ਰਿਆਜ਼ਾ ਤੋਂ ਇਲਾਵਾ ਹੋਰ ਬਹੁਤ ਕੁਝ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਸ ਨੂੰ ਰੋਜ਼ਾਨਾ ਜਿਮ ਜਾਣ ਦੀ ਜ਼ਰੂਰਤ ਹੈ, ਇਕ ਚੰਗੇ ਡਾਈਟ ਪਲਾਨ ਨੂੰ ਫਾਲੋਅ ਕਰਨ ਦੀ ਲੋੜ ਹੈ, ਉਸ ਦੀ ਅਲਮਾਰੀ ’ਚ ਟੌਪ ਦੇ ਕੱਪੜੇ ਹੋਣੇ ਜ਼ਰੂਰੀ ਹਨ ਤੇ ਹੇਅਰਸਟਾਈਲ ਵੀ ਵੱਖਰਾ ਹੋਣਾ ਚਾਹੀਦਾ ਹੈ।
ਤਜਿੰਦਰ ਸਿੰਘ ਤਾਜੀ ਪਿਛਲੇ ਚਾਰ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਹੈ ਤੇ ਉੱਪਰ ਦੱਸੀਆਂ ਚੀਜ਼ਾਂ ਉਹ ਹਰ ਰੋਜ਼ ਕਰਦਾ ਆ ਰਿਹਾ ਹੈ। ਮਾਡਲਿੰਗ ਤੇ ਗਾਇਕੀ ਸਿੱਖਣ ਤੋਂ ਬਾਅਦ ਉਸ ਨੇ ਰੈਪਰ ਬੋਹੇਮੀਆ ਨੂੰ ਸ਼ਿੱਦਤ ਨਾਲ ਫਾਲੋਅ ਕੀਤਾ। 27 ਸਾਲਾ ਇਹ ਗਾਇਕ ਟਾਂਡਾ (ਹੁਸ਼ਿਆਰਪੁਰ) ਨਾਲ ਸਬੰਧ ਰੱਖਦਾ ਹੈ, ਜਿਸ ਨੇ ਹੁਣ ਤਕ ਸੱਤ ਗੀਤ ਕਰ ਲਏ ਹਨ। 2018 ’ਚ ਰਿਲੀਜ਼ ਹੋਇਆ ਉਸ ਦਾ ਗੀਤ ‘ਠੁੱਕ ਥਾਰ ਦੀ’ ਨੂੰ ਸੋਸ਼ਲ ਮੀਡੀਆ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਬਦੌਲਤ ਬੁਲੰਦੀਆਂ ’ਤੇ ਜੱਸੀ ਗਿੱਲ, ਮਿਹਨਤ ਕਰਕੇ ਅੱਜ ਪਹੁੰਚੇ ਇਸ ਮੁਕਾਮ ’ਤੇ
ਤਾਜੀ ਨੇ ਦੱਸਿਆ ਕਿ ਉਸ ਦੀ ਸਕੂਲ ਦੀ ਪੜ੍ਹਾਈ ਟਾਂਡਾ ’ਚ ਹੋਈ ਹੈ, ਜਦਕਿ ਉੱਚ ਸਿੱਖਿਆ ਲਈ ਉਹ ਜਰਮਨੀ ਗਿਆ, ਜਿਥੇ ਉਸ ਦੇ ਪਿਤਾ ਦਾ ਬਿਜ਼ਨੈੱਸ ਵੀ ਹੈ। ਤਾਜੀ ਨੇ ਕਿਹਾ, ‘ਮੈਂ ਕਾਲਜ ਖਤਮ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਮੈਂ ਪਿੰਡ ’ਚ ਆਪਣੀ ਮਾਂ ਨਾਲ ਰਹਿਣਾ ਹੈ। ਮੈਨੂੰ ਗਾਇਕੀ ਦਾ ਵੀ ਬਹੁਤ ਸ਼ੌਕ ਹੈ, ਜਿਸ ਦਾ ਆਨੰਦ ਮੈਂ ਆਪਣੇ ਸੂਬੇ ਪੰਜਾਬ ’ਚ ਹੀ ਮਾਣ ਸਕਦਾ ਹਾਂ। ਪਿਛਲੇ ਕੁਝ ਸਾਲਾਂ ’ਚ ਮੈਂ ਲਿੰਕਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਹਰ ਗੀਤ ’ਚ ਕੁਝ ਵੱਖਰਾ ਕਰਾ।’
ਆਪਣੀ ਰੁਟੀਨ ਸਾਂਝੀ ਕਰਦਿਆਂ ਤਾਜੀ ਨੇ ਦੱਸਿਆ, ‘ਸਵੇਰੇ ਉਠ ਕੇ ਮੈਂ ਜਿਮ ਜਾਂਦਾ ਹਾਂ। ਫਿਰ ਮੈਂ ਰਿਆਜ਼ ਕਰਦਾ ਹਾਂ ਤੇ ਬਾਅਦ ’ਚ ਪਿੰਡ ’ਚ ਆਪਣੇ ਦੋਸਤਾਂ ਨਾਲ ਰਹਿੰਦਾ ਹਾਂ। ਕੁਝ ਸਮਾਂ ਮੈਂ ਆਪਣੇ ਗੀਤ ਲਿਖਣ ’ਚ ਬਤੀਤ ਕਰਦਾ ਹਾਂ। ਮੈਨੂੰ ਗੀਤ ਤਿਆਰ ਕਰਦਿਆਂ ਲਗਭਗ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।’
ਇਹ ਖ਼ਬਰ ਵੀ ਪੜ੍ਹੋ : ਸ਼ੰਭੂ ਬਾਰਡਰ ਟੱਪ ਵੇਖੋ ਕਿਵੇਂ ਸਾਥੀਆਂ ਨਾਲ ਕੁਰੁਕਸ਼ੇਤਰ ਪਹੁੰਚਿਆ ਦੀਪ ਸਿੱਧੂ, ਪੁਲਸ ਨਾਲ ਵੀ ਹੋਈ ਬਹਿਸ
ਤਾਜੀ ਨੇ ਦੱਸਿਆ ਕਿ ਉਹ ਆਪਣੇ ਗੀਤ ਖੁਦ ਦੇ ਯੂਟਿਊਬ ਚੈਨਲ ‘ਤਾਜੀ ਓਏ’ ’ਤੇ ਰਿਲੀਜ਼ ਕਰਦਾ ਹੈ। ਉਸ ਦੇ ਜ਼ਿਆਦਾਤਰ ਗੀਤਾਂ ’ਚ ਅਰਬਨ ਟੱਚ ਹੁੰਦਾ ਹੈ ਤੇ ਉਸ ਨੂੰ ਰੋਮਾਂਟਿਕ ਗੀਤ ਗਾਉਣੇ ਬੇਹੱਦ ਪਸੰਦ ਹਨ।’
ਤਾਜੀ ਨੇ ਦੱਸਿਆ ਕਿ ਜਿਥੇ ਪਿਤਾ ਜਰਮਨੀ ’ਚ ਸੈਟਲ ਹਨ, ਉਥੇ ਉਨ੍ਹਾਂ ਦੀ ਭੈਣ ਕੈਨੇਡਾ ’ਚ ਰਹਿੰਦੀ ਹੈ ਤੇ ਭਰਾ ਯੂ. ਐੱਸ. ’ਚ ਬਿਜ਼ਨੈੱਸ ਕਰਦਾ ਹੈ। ਉਸ ਨੂੰ ਪੰਜਾਬੀ ਦੇ ਨਾਲ-ਨਾਲ ਜਰਮਨੀ ਭਾਸ਼ਾ ਬੋਲਣੀ ਵੀ ਆਉਂਦੀ ਹੈ। ਉਸ ਨੇ ਇਹ ਵੀ ਕਿਹਾ ਕਿ ਸਭ ਤੋਂ ਵੱਧ ਮਜ਼ਾ ਉਸ ਨੂੰ ਪੰਜਾਬੀ ਬੋਲ ਕੇ ਹੀ ਆਉਂਦਾ ਹੈ ਕਿਉਂਕਿ ਇਹ ਸਾਡੀ ਮਾਂ ਬੋਲੀ ਹੈ।