ਸਵਰਾ ਨੇ ਕੀਤੀ ਕੰਗਨਾ ’ਤੇ ਟਿੱਪਣੀ, ਕਿਹਾ- ‘ਚੰਗੇ ਕਲਾਕਾਰ ਦਾ ਚੰਗਾ ਇਨਸਾਨ ਹੋਣਾ ਜ਼ਰੂਰੀ ਨਹੀਂ’
Thursday, Dec 17, 2020 - 04:05 PM (IST)
ਮੁੰਬਈ (ਬਿਊਰੋ)– ਸਵਰਾ ਭਾਸਕਰ ਨੇ ਇਕ ਵਾਰ ਫਿਰ ਕੰਗਨਾ ਰਣੌਤ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਕੰਗਨਾ ਨੇ ਜਦੋਂ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨਬਾਜ਼ੀ ਕੀਤੀ, ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਸਵਰਾ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕਿਹਾ ਕਿ ਚੰਗੇ ਕਲਾਕਾਰ ਦਾ ਚੰਗਾ ਇਨਸਾਨ ਹੋਣਾ ਜ਼ਰੂਰੀ ਨਹੀਂ ਹੈ।
ਸਵਰਾ ਭਾਸਕਰ ਕੋਲੋਂ ਜਦੋਂ ਉਨ੍ਹਾਂ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਇਸ ਦਾ ਸਿਰਫ਼ ਕੰਗਨਾ ਨਾਲ ਮਤਲਬ ਨਹੀਂ ਹੈ। ਇਹ ਸੱਚ ਹੈ ਕਿ ਸਾਡੇ ਝਗੜੇ ਹੋਏ ਹਨ ਪਰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਸਾਰੇ ਚੰਗੇ ਕਲਾਕਾਰ ਚੰਗੇ ਇਨਸਾਨ ਨਹੀਂ ਹੁੰਦੇ।’
ਇਹ ਖ਼ਬਰ ਵੀ ਪੜ੍ਹੋ : ਠੰਡ ਤੇ ਖੁੱਲ੍ਹੇ ’ਚ ਨਹਾਉਂਦੇ ਬਜ਼ੁਰਗ ਨੂੰ ਦੇਖ ਪਸੀਜ ਗਿਆ ਦਿਲਜੀਤ ਦੋਸਾਂਝ ਦਾ ਦਿਲ, ਆਖ ਦਿੱਤੀ ਇਹ ਗੱਲ
ਸਵਰਾ ਨੇ ਅੱਗੇ ਕਿਹਾ, ‘ਅਸੀਂ ਕਈ ਵਾਰ ਇਹ ਗਲਤੀ ਕਰ ਦਿੰਦੇ ਹਾਂ। ਇਸ ਲਈ ਕਿ ਕਿਸੇ ਅਦਾਕਾਰ ਨੇ ਪਰਦੇ ’ਤੇ ਇਕ ਚੰਗੇ ਇਨਸਾਨ ਦਾ ਕਿਰਦਾਰ ਨਿਭਾਇਆ ਤੇ ਅਸੀਂ ਉਸ ਨੂੰ ਇਕ ਚੰਗਾ ਇਨਸਾਨ ਸਮਝਣ ਦੀ ਗਲਤੀ ਕਰ ਬੈਠਦੇ ਹਾਂ। ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਮਤਲਬ ਹੈ ਕਿ ਉਸ ਅਦਾਕਾਰ ’ਚ ਟੈਲੇਂਟ ਹੈ। ਉਹ ਆਪਣੇ ਕੰਮ ’ਚ ਚੰਗਾ ਹੈ। ਇਹ ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ’ਚ ਵੀ ਉਹ ਇਕ ਚੰਗਾ ਇਨਸਾਨ ਹੋਵੇ।’
ਅਦਾਕਾਰਾ ਨੇ ਕਿਹਾ, ‘ਅਦਾਕਾਰੀ ਕਿਸੇ ਦੂਜੇ ਪ੍ਰੋਫੈਸ਼ਨ ਦੀ ਤਰ੍ਹਾਂ ਹੈ। ਜਿਵੇਂ ਇਕ ਡਾਕਟਰ, ਇੰਜੀਨੀਅਰ ਜਾਂ ਟੀਚਰ ਆਪਣੇ ਕੰਮ ’ਚ ਬਹੁਤ ਚੰਗਾ ਹੋਵੇ ਪਰ ਉਹ ਚੰਗਾ ਇਨਸਾਨ ਵੀ ਹੋਵੋ, ਇਹ ਜ਼ਰੂਰੀ ਨਹੀਂ। ਅਦਾਕਾਰਾਂ ਨਾਲ ਵੀ ਅਜਿਹਾ ਹੀ ਹੈ।’
ਇਹ ਖ਼ਬਰ ਵੀ ਪੜ੍ਹੋ : ਲੋਕਾਂ ਨੇ ਕੁਮੈਂਟਾਂ ’ਚ ਘੇਰੀ ਕੰਗਨਾ ਰਣੌਤ, ਕਿਹਾ- ‘ਰੱਬ ਕੋਲੋਂ ਥੋੜ੍ਹਾ ਦਿਮਾਗ ਲੈ ਲੈਂਦੀ’
ਕੰਗਨਾ ਤੇ ਸਵਰਾ ਅਕਸਰ ਵੱਖ-ਵੱਖ ਮੁੱਦਿਆਂ ’ਤੇ ਆਹਮੋ-ਸਾਹਮਣੇ ਆ ਜਾਂਦੀਆਂ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ-ਦਿਲਜੀਤ ਦੇ ਝਗੜੇ ’ਚ ਸਵਰਾ ਨੇ ਦਿਲਜੀਤ ਦਾ ਸਮਰਥਨ ਕੀਤਾ ਸੀ। ਸਵਰਾ ਨੇ ਉਸ ਸਮੇਂ ਕਿਹਾ ਸੀ ਕਿ ਦਿਲਜੀਤ ਨੇ ਸਹੀ ਸਮੇਂ ’ਤੇ ਸਹੀ ਸਟੈਂਡ ਲਿਆ ਹੈ। ਉਥੇ ਹੀ ਕੰਗਨਾ ਸਵਰਾ ਤੇ ਤਾਪਸੀ ਪਨੂੰ ਨੂੰ ਬੀ-ਗ੍ਰੇਡ ਅਦਾਕਾਰਾ ਵੀ ਬੋਲ ਚੁੱਕੀ ਹੈ। ਇਸ ’ਤੇ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।
ਨੋਟ- ਸਵਰਾ ਭਾਸਕਰ ਦੀ ਇਸ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਦੱਸੋ।