ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ, ਪੋਸਟਮਾਰਟਮ ਕਰਨ ਵਾਲੇ ਵਿਅਕਤੀ ਦਾ ਦਾਅਵਾ
Tuesday, Dec 27, 2022 - 02:52 PM (IST)
ਮੁੰਬਈ (ਇੰਟ.)– ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਹੁਣ ਸੁਸ਼ਾਂਤ ਦਾ ਪੋਸਟਮਾਰਟਮ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦਾ ਕਤਲ ਹੋਇਆ ਸੀ।
14 ਜੂਨ, 2020 ਨੂੰ ਸੁਸ਼ਾਂਤ ਦੀ ਲਾਸ਼ ਉਸ ਦੇ ਬਾਂਦਰਾ ਅਪਾਰਟਮੈਂਟ ’ਚੋਂ ਮਿਲੀ ਸੀ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਸ ਮਾਮਲੇ ਕਰ ਰਹੀ ਸੀ, ਬਾਅਦ ’ਚ ਕੇਸ ਸੀ. ਬੀ. ਆਈ. ਨੂੰ ਦੇ ਦਿੱਤਾ ਗਿਆ। ਅਜੇ ਤੱਕ ਇਸ ਮਾਮਲੇ ਦੀ ਜਾਂਚ ਰਿਪੋਰਟ ਨਹੀਂ ਆਈ ਹੈ।
ਇਹ ਖ਼ਬਰ ਵੀ ਪੜ੍ਹੋ : 100 ਰੁਪਏ ਤੋਂ ਵੀ ਘੱਟ ਸੀ ਸਲਮਾਨ ਖ਼ਾਨ ਦੀ ਪਹਿਲੀ ਫੀਸ, ਅੱਜ ਕਰੋੜਾਂ ਦੇ ਨੇ ਮਾਲਕ
ਰੂਪ ਕੁਮਾਰ ਸ਼ਾਹ ਨਾਂ ਦੇ ਵਿਅਕਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਪੋਸਟਮਾਰਟਮ ਕੀਤਾ ਸੀ। ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ ਤਾਂ ਸਾਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ’ਚ 5 ਲਾਸ਼ਾਂ ਮਿਲੀਆਂ ਸਨ। ਇਨ੍ਹਾਂ 5 ਲਾਸ਼ਾਂ ’ਚੋਂ ਇਕ ਵੀ. ਆਈ. ਪੀ. ਦੀ ਲਾਸ਼ ਸੀ। ਜਦੋਂ ਅਸੀਂ ਪੋਸਟਮਾਰਟਮ ਕਕਨ ਗਏ ਤਾਂ ਪਤਾ ਲੱਗਾ ਕਿ ਉਹ ਸੁਸ਼ਾਂਤ ਸੀ ਤੇ ਉਸ ਦੇ ਸਰੀਰ ’ਤੇ ਕਈ ਨਿਸ਼ਾਨ ਸਨ। ਉਸ ਦੀ ਗਰਦਨ ’ਤੇ ਵੀ ਦੋ-ਤਿੰਨ ਨਿਸ਼ਾਨ ਸਨ। ਪੋਸਟਮਾਰਟਮ ਰਿਕਾਰਡ ਬਣਾਉਣ ਦੀ ਲੋੜ ਸੀ ਪਰ ਉੱਚ ਅਧਿਕਾਰੀਆਂ ਨੇ ਸਿਰਫ ਲਾਸ਼ ਦੀਆਂ ਤਸਵੀਰਾਂ ਲੈਣ ਲਈ ਹੀ ਕਿਹਾ ਸੀ। ਅਸੀਂ ਹੁਕਮਾਂ ਮੁਤਾਬਕ ਉਹੀ ਕੀਤਾ।’’
ਉਹ ਅੱਗੇ ਕਹਿੰਦੇ ਹਨ, “ਜਦੋਂ ਮੈਂ ਪਹਿਲੀ ਵਾਰ ਸੁਸ਼ਾਂਤ ਦੀ ਲਾਸ਼ ਦੇਖੀ ਤਾਂ ਮੈਂ ਤੁਰੰਤ ਆਪਣੇ ਸੀਨੀਅਰਾਂ ਨੂੰ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਖੁਦਕੁਸ਼ੀ ਨਹੀਂ, ਕਤਲ ਹੈ। ਮੈਂ ਉਨ੍ਹਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਨਿਯਮਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਮੇਰੇ ਸੀਨੀਅਰਾਂ ਨੇ ਮੈਨੂੰ ਕਿਹਾ ਕਿ ਜਿੰਨੀ ਛੇਤੀ ਹੋ ਸਕੇ, ਤਸਵੀਰਾਂ ਲਵੋ ਤੇ ਲਾਸ਼ ਪੁਲਸ ਨੂੰ ਦੇ ਦਿਓ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।