ਅਕਸ਼ੈ ਕੁਮਾਰ ਨੇ ਯੂਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਣਹਾਨੀ ਦਾ ਨੋਟਿਸ

11/19/2020 2:26:34 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਬਿਹਾਰ ਦੇ ਇਕ ਯੂਟਿਊਬਰ ਨੂੰ 500 ਕਰੋੜ ਦਾ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਯੂਟਿਊਬਰ 'ਤੇ ਦੋਸ਼ ਹੈ ਕਿ ਉਸ ਨੇ ਆਪਣੇ FF News ਨਾਂ ਦੇ ਯੂਟਿਊਬ ਚੈਨਲ 'ਤੇ ਮੁੰਬਈ ਪੁਲਸ, ਆਦਿੱਤਿਆ ਠਾਕਰੇ ਤੇ ਅਕਸ਼ੈ ਕੁਮਾਰ ਖ਼ਿਲਾਫ਼ ਗ਼ਲਤ ਜਾਣਕਾਰੀ ਤੇ ਅਪਮਾਨਜਨਕ ਵੀਡੀਓ ਪੋਸਟ ਕੀਤੀਆਂ ਸਨ। ਇੰਨਾ ਹੀ ਨਹੀਂ ਯੂਟਿਊਬਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਬਾਰੇ ਗ਼ਲਤ ਜਾਣਕਾਰੀ ਵਾਲੇ ਵੀਡੀਓ ਅਪਲੋਡ ਕੀਤੇ ਸਨ, ਜਿਸ ਤੋਂ ਉਸ ਨੇ 15 ਲੱਖ ਰੁਪਏ ਦੀ ਕਮਾਈ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਸ ਨੇ ਯੂਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ। ਹਾਲਾਂਕਿ ਬਾਅਦ 'ਚ ਇਸ ਸ਼ਰਤ 'ਤੇ ਜ਼ਮਾਨਤ ਮਿਲ ਗਈ ਕਿ ਉਹ ਜਾਂਚ 'ਚ ਪੁਲਸ ਦੀ ਮਦਦ ਕਰੇਗਾ।

ਜਾਣੋ ਪੂਰਾ ਮਾਮਲਾ
ਮਿਡ ਡੇ ਦੀ ਖ਼ਬਰ ਅਨੁਸਾਰ ਯੂਟਿਊਬਰ ਦਾ ਨਾਂ ਰਾਸ਼ੀਦ ਸਿਦੀਕੀ ਹੈ, ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਰਾਸ਼ੀਦ ਬਿਹਾਰ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਤੋਂ ਸਿਵਲ ਇੰਜੀਨੀਅਰ ਹੈ। ਰਾਸ਼ਿਦ FF NEWS ਦਾ ਇਕ ਯੂਟਿਊਬ ਚੈਨਲ ਚਲਾਉਂਦਾ ਹੈ, ਜਿਸ 'ਤੇ ਮੁੰਬਈ ਪੁਲਸ, ਆਦਿੱਤਿਆ ਠਾਕਰੇ ਤੇ ਅਕਸ਼ੈ ਕੁਮਾਰ ਖ਼ਿਲਾਫ਼ ਕੁਝ ਅਪਮਾਨਜਨਕ ਵੀਡੀਓ ਪੋਸਟ ਕੀਤੀਆਂ ਗਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਿਵ ਸੈਨਾ ਦੇ ਲੀਗਲ ਸੈੱਲ ਦੇ ਵਕੀਲ ਧਰਮੇਂਦਰ ਮਿਸ਼ਰਾ ਨੇ ਰਾਸ਼ਿਦ ਖ਼ਿਲਾਫ਼ ਕੇਸ ਕੀਤਾ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਰਾਸ਼ਿਦ ਖ਼ਿਲਾਫ਼ ਮਾਣਹਾਨੀ, ਜਨਤਕ ਦੁਰਾਚਾਰ ਤੇ ਜਾਣਬੁੱਝ ਕੇ ਕਿਸੇ ਦਾ ਅਪਮਾਨ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਹਾਲਾਂਕਿ ਕੋਰਟ ਨੇ ਰਾਸ਼ਿਦ ਨੂੰ ਇਸ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ ਕਿ ਉਹ ਅਗਾਓਂ ਪੁਲਸ ਦੀ ਜਾਂਚ 'ਚ ਸਹਿਯੋਗ ਕਰੇਗਾ।

ਅਕਸ਼ੈ ਕੁਮਾਰ ਨੇ ਕਿਉਂ ਭੇਜਿਆ ਨੋਟਿਸ
ਰਾਸ਼ਿਦ ਨੇ ਆਪਣੇ ਯੂਟਿਊਬ ਚੈਨਲ 'ਤੇ ਅਕਸ਼ੈ ਕੁਮਾਰ ਖ਼ਿਲਾਫ਼ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਇਕ ਗ਼ਲਤ ਜਾਣਕਾਰੀ ਦਿੱਤੀ ਸੀ ਕਿ ਅਕਸ਼ੈ ਕੁਮਾਰ ਸੁਸ਼ਾਂਤ ਦੀ ਐੱਮ. ਐੱਸ. ਧੋਨੀ ਫ਼ਿਲਮ ਤੋਂ ਨਾਖ਼ੁਸ਼ ਸੀ। ਇੰਨਾ ਹੀ ਨਹੀਂ ਸੁਸ਼ਾਂਤ ਦੀ ਮੌਤ ਦੇ ਮਾਮਲੇ 'ਚ ਅਕਸ਼ੈ ਨੇ ਆਦਿੱਤਿਆ ਨਾਲ ਇਕ ਨਿੱਜੀ ਮੀਟਿੰਗ ਕੀਤੀ ਸੀ ਤੇ ਰੀਆ ਚੱਕਰਵਰਤੀ ਨੂੰ ਕੈਨੇਡਾ ਭੇਜਣ 'ਚ ਮਦਦ ਕੀਤੀ। ਹੁਣ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਕਸ਼ੈ ਨੇ ਰਾਸ਼ਿਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ।


sunita

Content Editor

Related News