ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਟੁੱਟਿਆ ਸੰਨੀ ਮਾਲਟਨ, ਕਿਹਾ- ‘ਮੇਰਾ ਭਰਾ ਚਲਾ ਗਿਆ...’

06/01/2022 1:02:09 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦਾ ਹਰ ਕਲਾਕਾਰ ਟੁੱਟ ਚੁੱਕਾ ਹੈ। ਸਿੱਧੂ ਦੀ ਮੌਤ ਨਾਲ ਹਰ ਕੋਈ ਸਦਮੇ ’ਚ ਹੈ। ਸੰਨੀ ਮਾਲਟਨ, ਜਿਸ ਨੇ ਸਿੱਧੂ ਮੂਸੇ ਵਾਲਾ ਨਾਲ ਆਖਰੀ ਰਿਲੀਜ਼ ਗੀਤ ‘ਲੈਵਲਸ’ ’ਚ ਕੰਮ ਕੀਤਾ, ਉਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੰਨੀ ਮਾਲਟਨ ਨੂੰ ਸਿੱਧੂ ਦੀ ਮੌਤ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਸਿੱਧੂ ਮੂਸੇ ਵਾਲਾ ਨਾਲ ਆਪਣੀ ਇਕ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਸੰਨੀ ਨੇ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।

ਸੰਨੀ ਨੇ ਪੋਸਟ ’ਚ ਲਿਖਿਆ, ‘‘ਮੈਂ ਟੁੱਟ ਚੁੱਕਾ ਹਾਂ ਭਰਾ। ਮੈਂ ਹੁਣ ਕਦੇ ਵੀ ਪਹਿਲਾਂ ਵਰਗਾ ਨਹੀਂ ਰਹਾਂਗਾ। ਮੈਂ ਇਸ ਜਗ੍ਹਾ ’ਤੇ ਬੈਠ ਕੇ ਪਿਛਲੇ 24 ਘੰਟਿਆਂ ਤੋਂ ਆਪਣੀਆਂ ਯਾਦਾਂ ਦੇਖ ਰਿਹਾ ਹਾਂ, ਖ਼ਾਸ ਕਰਕੇ ਇਹ ਵੀਡੀਓ। ਕਿਉਂ ਰੱਬਾ ਕਿਉਂ। ਕਿਉਂ ਤੂੰ ਮੇਰਾ ਭਰਾ ਮੇਰੇ ਤੋਂ ਖੋਹ ਲਿਆ। ਭਰਾ ਤੇਰੇ ਬਿਨਾਂ ਮੈਂ ਨਾ ਤਾਂ ਮਿਊਜ਼ਿਕ ਇੰਡਸਟਰੀ ’ਚ ਕੁਝ ਸੀ ਤੇ ਨਾ ਹੀ ਅੱਗੇ ਕੁਝ ਰਹਾਂਗਾ। ਤੂੰ ਮੈਨੂੰ ਉਹ ਬਣਾਇਆ, ਜੋ ਅੱਜ ਮੈਂ ਹਾਂ। ਕੋਈ ਮੇਰੇ ਲਈ ਨਹੀਂ ਖੜ੍ਹਿਆ, ਜਿੰਨਾ ਤੂੰ ਖੜ੍ਹਿਆ। ਮੈਂ ਹਰ ਰੋਜ਼ ਉੱਠਦਾ ਤਾਂ ਤੇਰੀਆਂ ਮਿਸ ਕਾਲਜ਼ ਤੇ ਮੈਸੇਜਿਸ ਦੇਖਦਾ। ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਆਇਆ। ਮੈਂ ਉਡੀਕ ਕੀਤੀ ਕਿ ਤੂੰ ਆਨਲਾਈਨ ਆਵੇ, ਹਾਲਾਂਕਿ ਮੈਨੂੰ ਪਤਾ ਕਿ ਤੂੰ ਨਹੀਂ ਆਉਣਾ। ਮੈਨੂੰ ਮੁਆਫ਼ ਕਰਦੇ ਭਰਾ, ਮੈਨੂੰ ਮੁਆਫ਼ ਕਰਦੇ।’’

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

ਸੰਨੀ ਨੇ ਪੋਸਟ ’ਚ ਅੱਗੇ ਲਿਖਿਆ, ‘‘ਕੋਈ ਵੀ ਇਹ ਨਹੀਂ ਸਮਝ ਸਕਦਾ ਕਿ ਤੂੰ ਕਿੰਨਾ ਮਹਾਨ ਇਨਸਾਨ ਸੀ। ਸੋਚਦਾ ਕਿ ਇਥੇ ਬੈਠ ਕੇ ਮੈਂ ਦੁਨੀਆ ਨੂੰ ਦੱਸਾਂ ਕਿ ਅਸੀਂ ਦੋਵਾਂ ਨੇ ਕੀ-ਕੀ ਗੱਲਾਂ ਕੀਤੀਆਂ। ਜੋ ਕੁਝ ਵੀ ਅਸੀਂ ਆਪਣੇ ਟੂਰ ਲਈ ਪਲਾਨ ਕੀਤਾ, ਤੇਰੀ ਤੇਰੇ ਹੋਮਲੈਂਡ ਬਰੈਂਪਟਨ ਵਾਪਸ ਆਉਣ ਦੀ ਟਰਿੱਪ। ਇਹ ਤੇਰਾ ਘਰ ਸੀ ਭਰਾ, ਅਸੀਂ ਸਾਰੇ ਤੇਰੀ ਇਥੇ ਆਉਣ ਦੀ ਉਡੀਕ ਕਰ ਰਹੇ ਸੀ। ਹਰ ਦਿਨ ਅਸੀਂ ਫੋਨ ’ਤੇ ਆਪਣੇ ਅਗਲੇ ਕਦਮ ਬਾਰੇ ਵਿਚਾਰ ਕਰਦੇ ਸੀ। ਹੁਣ ਤੇਰੇ ਬਿਨਾਂ ਸਭ ਕੁਝ ਅਧੂਰਾ ਹੈ। ਤੂੰ ਮੈਨੂੰ ਕਿਹਾ ਸੀ ਕਿ ਤਾਸ਼ ਲੈ ਆਈ, ਅਸੀਂ ਇਕੱਠੇ ਬੈਠ ਕੇ ਭਾਬੀ ਖੇਡਾਂਗੇ, ਹਾਲਾਂਕਿ ਤੂੰ ਇਸ ਖੇਡ ’ਚ ਕਿੰਨਾ ਬੁਰਾ ਸੀ।’’

ਸਿੱਧੂ ਤੇ ਆਪਣੇ ਸਟੈਂਡ ’ਤੇ ਗੱਲਬਾਤ ਕਰਦਿਆਂ ਸੰਨੀ ਨੇ ਕਿਹਾ, ‘‘ਮੈਂ ਹਮੇਸ਼ਾ ਦੁਨੀਆ ਨੂੰ ਦੱਸਾਂਗਾ ਕਿ ਤੂੰ ਕਿੰਨਾ ਮਹਾਨ ਸੀ। ਸਭ ਤੋਂ ਮੁਸ਼ਕਿਲ ਗੱਲ ਇਹ ਹੈ ਕਿ ਮੈਂ ਨਾ ਸਿਰਫ ਇਕ ਭਰਾ ਗੁਆਇਆ ਹੈ, ਸਗੋਂ ਆਪਣਾ ਮਨਪਸੰਦ ਕਲਾਕਾਰ ਵੀ ਗੁਆਇਆ ਹੈ। ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਸਿੱਧੂ ਬਾਰੇ ਹਰ ਵੇਲੇ ਪੋਸਟ ਕਿਉਂ ਪਾਉਂਦਾ ਹਾ। ਇਹ ਇਸ ਲਈ ਕਿਉਂਕਿ ਮੈਂ ਤੇਰਾ ਸਭ ਤੋਂ ਵੱਡਾ ਫੈਨ ਸੀ। ਅੱਜ ਸਵੇਰੇ ਮੇਰਾ ਪਿਤਾ ਨੇ ਮੈਨੂੰ ਕਿਹਾ ਕਿ ਮੈਨੂੰ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਕੁਝ ਅਜਿਹੇ ਲੋਕ ਹਨ, ਜੋ ਦੁਨੀਆ ਭਰ ਤੋਂ ਮੈਨੂੰ ਮਿਲਣ ਆਉਂਦੇ ਹਨ ਪਰ ਮੇਰੇ ਕੋਲ ਇਕ ਲਗਜ਼ਰੀ ਆਪਣਾ ਸਾਰਾ ਕਰੀਅਰ ਤੇਰੇ ਨਾਲ ਸਾਂਝਾ ਕਰਨ ਦੀ ਸੀ। ਇਕ ਚੀਜ਼ ਜੋ ਮੈਨੂੰ ਪ੍ਰੇਸ਼ਾਨ ਨਹੀਂ ਕਰਦੀ, ਉਹ ਹੈ ਲੋਕਾਂ ਦਾ ਇਹ ਕਹਿਣਾ ਕਿ ਤੇਰਾ ਤੇ ਮੇਰਾ ਕੋਈ ‘ਸਟੈਂਡ’ ਨਹੀਂ ਹੈ ਕਿਉਂਕਿ ਅਸੀਂ ਦੋਵਾਂ ਨੇ ਸਾਰੀ ਬੇਵਕੂਫੀ ਇਕ ਪਾਸੇ ਕੀਤੀ ਤੇ ਮਹਿਸੂਸ ਕੀਤਾ ਕਿ ਅਸੀਂ ਪਰਿਵਾਰ ਹਾਂ। ਜੋ ਕੁਝ ਵੀ ਮੈਂ ਹੁਣ ਕੀਤਾ, ਜੇਕਰ ਮੈਂ ‘ਸਟੈਂਡ’ ਰੱਖਿਆ ਹੁੰਦਾ ਤਾਂ ਕੀ ਮੈਂ ਆਪਣੇ ਭਰਾ ਤੋਂ ਮੁਆਫ਼ੀ ਮੰਗਦਾ?’’

ਪੋਸਟ ਦੀ ਅਖੀਰ ’ਚ ਸੰਨੀ ਨੇ ਲਿਖਿਆ, ‘‘ਮੈਂ ਅੱਜ ਸ਼ਾਂਤ ਹਾਂ ਕਿਉਂਕਿ ਜਦੋਂ ਤੂੰ ਅਕਤੂਬਰ ’ਚ ਆਇਆ ਸੀ ਤਾਂ ਅਸੀਂ ਕਾਰ ’ਚ ਇਕੱਠਿਆਂ ਬੈਠ ਕੇ ਕਈ ਘੰਟਿਆਂ ਤਕ ਹਰ ਇਕ ਚੀਜ਼ ’ਤੇ ਗੱਲ ਕੀਤੀ। ਮੈਂ ਹਮੇਸ਼ਾ ਉਹ ਗੱਲਬਾਤ ਯਾਦ ਰੱਖਾਂਗਾ ਭਰਾ। ਮੇਰੇ ਕੋਲ ਬਹੁਤ ਕੁਝ ਕਹਿਣ ਲਈ ਹੈ ਪਰ ਉਸ ਲਈ ਇਕ ਸਮਾਂ ਤੇ ਜਗ੍ਹਾ ਹੈ। ਮੈਨੂੰ ਮੁਆਫ਼ ਕਰਦੇ ਕਿਉਂਕਿ ਤੇਰੇ ਮਾਪਿਆਂ ਨੂੰ ਅਜਿਹੇ ਹਾਲਾਤ ’ਚੋਂ ਲੰਘਣਾ ਪੈ ਰਿਹਾ ਹੈ। ਕਿਸੇ ਨਾਲ ਵੀ ਅਜਿਹਾ ਨਾ ਹੋਵੇ, ਕਿਸੇ ਨਾਲ ਵੀ। ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ ਲੋਕ ਮੈਨੂੰ ਮੈਸੇਜਿਸ ਕਰਕੇ ਇਹ ਪੁੱਛ ਰਹੇ ਹਨ ਕਿ ਮੈਂ ਹੁਣ ਤਕ ਕੁਝ ਪੋਸਟ ਕਿਉਂ ਨਹੀਂ ਕੀਤਾ। ਮੇਰਾ ਭਰਾ ਚਲਾ ਗਿਆ ਹੈ, ਮੈਨੂੰ ਆਪਣੇ ਆਪ ’ਚ ਰਹਿਣ ਦਿਓ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਭਰਾ, ਸੰਨੀ ਮਾਲਟਨ ਸਿੱਧੂ ਮੂਸੇ ਵਾਲਾ ਬਿਨਾਂ ਕੁਝ ਵੀ ਨਹੀਂ ਹੈ। ਦਿ ਗੌਟ (ਗਰੇਟੈਸਟ ਆਫ ਆਲ ਟਾਈਮ), ਦਿ ਲੈਜੰਡ।’’

ਨੋਟ– ਸੰਨੀ ਮਾਲਟਨ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News