ਮਾਣਹਾਨੀ ਦੇ ਮਾਮਲੇ ''ਚ ਨੈੱਟਫਲਿਕਸ ਦੇ ਨਿਰਦੇਸ਼ਕ ਸਣੇ ਤਿੰਨ ਲੋਕਾਂ ਨੂੰ ਸੰਮਨ ਜਾਰੀ

Friday, Oct 15, 2021 - 10:12 AM (IST)

ਮਾਣਹਾਨੀ ਦੇ ਮਾਮਲੇ ''ਚ ਨੈੱਟਫਲਿਕਸ ਦੇ ਨਿਰਦੇਸ਼ਕ ਸਣੇ ਤਿੰਨ ਲੋਕਾਂ ਨੂੰ ਸੰਮਨ ਜਾਰੀ

ਲਖਨਊ- ਲਖਨਊ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ ਵੈੱਬ ਸੀਰੀਜ਼ ਦੇ ਰਾਹੀਂ ਸਹਾਰਾ ਇੰਡੀਆ ਕੰਪਨੀ ਅਤੇ ਉਸ ਦੇ ਮੁਖੀਆ ਸੁਬਰਤ ਰਾਏ ਦਾ ਅਕਸ ਖਰਾਬ ਕਰਨ ਵਾਲੀ ਪਟੀਸ਼ਨ 'ਤੇ ਬੁੱਧਵਾਰ ਨੂੰ ਨੈੱਟਫਲਿਕਸ ਦੇ ਨਿਰਦੇਸ਼ਕ ਅਭਿਸ਼ੇਕ ਨਾਗ ਸਮੇਤ ਤਿੰਨ ਲੋਕਾਂ ਨੂੰ ਸੰਮਨ ਜਾਰੀ ਕੀਤਾ। 
ਵਿਸ਼ੇਸ਼ ਮੁੱਖ ਨਿਆਇਕ ਮੈਜਿਸਟ੍ਰੇਟ (ਕਸਟਮ) ਸੁਨੀਲ ਕੁਮਾਰ ਦੀ ਅਦਾਲਤ 'ਚ ਸਹਾਰਾ ਇੰਡੀਆ ਅਤੇ ਉਸ ਦੇ ਕਰਮਚਾਰੀਆਂ ਵਲੋਂ ਪਟੀਸ਼ਨ 'ਤੇ ਨੈੱਟਫਲਿਕਸ ਦੇ ਨਿਰਦੇਸ਼ਕ ਅਭਿਸ਼ੇਕ ਨਾਗ ਅਤੇ 'ਬੈਡ ਬੁਆਏਜ਼ ਬਿਲੇਨੀਅਰ ਇੰਡੀਆ' ਵੈੱਬ ਸੀਰੀਜ਼ ਦੇ ਨਿਰਦੇਸ਼ਕ ਨਿਕ ਰੀਡ ਅਤੇ ਨਿਰਮਾਤਾ ਰੇਵਾ ਸ਼ਰਮਾ ਨੂੰ ਸੰਮਨ ਜਾਰੀ ਕਰਦੇ ਹੋਏ 15 ਨਵੰਬਰ ਨੂੰ ਅਦਾਲਤ 'ਚ ਤਲਬ ਕੀਤਾ।
ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਕਿ ਇਸ ਮਾਮਲੇ 'ਚ ਦਾਇਰ ਸ਼ਿਕਾਇਤ ਅਤੇ ਗਵਾਹਾਂ ਗੁਲਾਮ ਜੀਸ਼ਾਨ ਅਤੇ ਭੁਵਨੇਸ਼ ਮਣੀ ਤ੍ਰਿਪਾਠੀ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਦੋਸ਼ੀਆਂ ਦੇ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਬਣਦਾ ਹੈ। 
ਇਸ ਮਾਮਲੇ 'ਚ ਦਾਇਰ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀਆਂ ਨੇ ਸਹਾਰਾ ਇੰਡੀਆ ਕੰਪਨੀ ਅਤੇ ਉਸ ਦੇ ਮੁਖੀਆ ਸੁਬਰਤ ਰਾਏ ਦਾ ਅਕਸ ਖਰਾਬ ਕਰਨ ਦੇ ਇਰਾਦੇ ਨਾਲ ਪੰਜ ਅਕਤੂਬਰ 2020 ਨੂੰ ਨੈੱਟਫਲਿਕਸ 'ਚ ਇਕ ਡਾਕੂਮੈਂਟਰੀ ਲੜੀ ਤਿਆਰ ਕਰਕੇ ਪ੍ਰਸਾਰਿਤ ਕੀਤੀ।
ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਲੜੀ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਨੂੰ ਮਸਾਲੇਦਾਰ ਅਤੇ ਅਲੰਕਾਰਿਕ ਬਣਾਉਣ ਲਈ ਸਾਰੇ ਦੋਸ਼ੀਆਂ ਨੇ ਬਿਨ੍ਹਾਂ ਕਿਸੇ ਸਬੂਤ ਦੇ ਸਹਾਰਾ ਦੇ ਚੇਅਰਮੈਨ ਸੁਬਰਤ ਰਾਏ ਦੇ ਚਰਿੱਤਰ ਦਾ ਗਲਤ ਤਰੀਕੇ ਨਾਲ ਚਿੱਤਰਣ ਕੀਤਾ।
ਸਹਾਰਾ ਨੇ ਸ਼ੁਰੂਆਤ ਤੋਂ ਹੀ ਇਸ ਡਾਕੂਮੈਂਟਰੀ ਲੜੀ ਦਾ ਵਿਰੋਧ ਕਰਦੇ ਹੋਏ ਨੈੱਟਫਲਿਕਸ ਤੋਂ ਇਸ ਨੂੰ ਆਪਣੇ ਵੈੱਬ ਪੋਰਟਲ 'ਤੇ ਜਾਰੀ ਨਹੀਂ ਕਰਨ ਦੀ ਬੇਨਤੀ ਕੀਤੀ ਸੀ ਪਰ ਉਸ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਹਾਰਾ ਗਰੁੱਪ ਅਤੇ ਉਸ ਦੇ ਕਰਮਚਾਰੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। 
ਕੰਪਨੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਸਹਾਰਾ ਨੇ ਕੋਲਕਾਤਾ 'ਚ ਨੈੱਟਫਲਿਕਸ ਦੇ ਖ਼ਿਲਾਫ਼ 500 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ ਅਤੇ ਸਬੰਧਤ ਅਦਾਲਤ ਨੇ ਵੀ ਨੈੱਟਫਲਿਕਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।


author

Aarti dhillon

Content Editor

Related News