ਹਾਈ ਕੋਰਟ ਪਹੁੰਚਿਆ ਤਾਮਿਲ ਅਦਾਕਾਰ ਵਿਜੇ ਦੀ ਰੈਲੀ ’ਚ ਭਾਜੜ ਦਾ ਮਾਮਲਾ, ਮ੍ਰਿਤਕਾਂ ਦੀ ਗਿਣਤੀ ਹੋਈ 40
Monday, Sep 29, 2025 - 12:02 PM (IST)

ਚੇਨਈ/ਕਰੂਰ (ਭਾਸ਼ਾ)- ਤਾਮਿਲਨਾਡੂ ਦੇ ਕਰੂਰ ’ਚ ਅਦਾਕਾਰ ਅਤੇ ਸਿਆਸਤਦਾਨ ਵਿਜੇ ਦੀ ਰੈਲੀ ’ਚ ਮਚੀ ਭਾਜੜ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ ਹੈ, ਜਿਨ੍ਹਾਂ ’ਚ 9 ਬੱਚੇ ਵੀ ਸ਼ਾਮਲ ਹਨ।ਇਸ ਘਟਨਾ ਤੋਂ ਵਿਜੇ ਦੀ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਪਾਰਟੀ ਦੇ ਮੈਂਬਰ ਹੈਰਾਨ ਹਨ। ਟੀ. ਵੀ. ਕੇ. ਰੈਲੀ ’ਚ ਕਥਿਤ ਤੌਰ ’ਤੇ ਮਾੜੇ ਪ੍ਰਬੰਧਾਂ ਲਈ ਪਾਰਟੀ ਨੂੰ ਕਈ ਹਲਕਿਆਂ ਤੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦਰਮਿਆਨ, ਟੀ. ਵੀ. ਕੇ. ਨੇ ਮਦੁਰਾਈ ਸਥਿਤ ਮਦਰਾਸ ਹਾਈ ਕੋਰਟ ਦੀ ਬੈਂਚ ’ਚ ਕਰੂਰ ਭਾਜੜ ਘਟਨਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਘਟਨਾ ’ਚ ਕਿਸੇ ਸਾਜ਼ਿਸ਼ ਦਾ ਦੋਸ਼ ਲੱਗਣ ਤੋਂ ਬਚਦੇ ਹੋਏ ਟੀ. ਵੀ. ਕੇ. ਦੇ ਡਿਪਟੀ ਜਨਰਲ ਸਕੱਤਰ ਨਿਰਮਲ ਕੁਮਾਰ ਨੇ ਕਿਹਾ, ‘‘ਜੱਜ ਕੱਲ ਦੁਪਹਿਰ 2:15 ਵਜੇ ਮਾਮਲੇ ਦੀ ਸੁਣਵਾਈ ਕਰਨ ਲਈ ਸਹਿਮਤ ਹੋ ਗਏ ਹਨ।’’
ਇਸ ਦਰਮਿਆਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜੜ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਇਹ ਵੀ ਕਿਹਾ ਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਉੱਥੇ ਹੀ, ਅਦਾਕਾਰ ਵਿਜੇ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ, ‘‘ਹਰੇਕ ਮ੍ਰਿਤਕ ਦੇ ਵਾਰਿਸ ਨੂੰ 20 ਲੱਖ ਰੁਪਏ ਅਤੇ ਹਰੇਕ ਜ਼ਖਮੀ ਨੂੰ 2 ਲੱਖ ਰੁਪਏ ਦਿੱਤੇ ਜਾਣਗੇ।’’