ਮੋਗਾ ਦੀ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਸੋਨੂੰ ਸੂਦ ਨੇ ਚੁੱਕਿਆ ਖ਼ਰਚਾ
Sunday, May 09, 2021 - 10:47 AM (IST)
ਮੋਗਾ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸਮਾਜਿਕ ਕੰਮਾਂ ਲਈ ਪੂਰੇ ਦੇਸ਼ ’ਚ ਜਾਣੇ ਜਾਂਦੇ ਹਨ। ਮੋਗਾ ’ਚ ਇਕ ਵਰਕਸ਼ਾਪ ’ਚ ਕੰਮ ਕਰਨ ਵਾਲੇ ਵੈਲਡਰ ਵਿਜੇ ਨੇ ਇਹ ਨਹੀਂ ਸੋਚਿਆ ਸੀ ਕਿ ਇਕ ਈ-ਮੇਲ ਭੇਜ ਕੇ ਉਸ ਦੀ ਪਤਨੀ ਦੇ ਇਲਾਜ ਦਾ ਖਰਚਾ ਸੋਨੂੰ ਸੂਦ ਚੁੱਕਣਗੇ। ਵਿਜੇ ਨੇ ਸੋਨੂੰ ਸੂਦ ਨੂੰ ਈ-ਮੇਲ ਕਰਕੇ ਆਪਣੀ ਪਤਨੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।
ਵਿਜੇ ਨੇ ਸੋਨੂੰ ਸੂਦ ਨੂੰ ਦੱਸਿਆ ਕਿ ਕੰਮ ਦੀ ਘਾਟ ਕਾਰਨ ਉਸ ਕੋਲ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਵਿਜੇ ਦੀ ਈ-ਮੇਲ ’ਤੇ ਤੁਰੰਤ ਕਾਰਵਾਈ ਕਰਦਿਆਂ ਸੋਨੂੰ ਸੂਦ ਨੇ ਮੁੰਬਈ ਦੇ ਮੋਗਾ ਦੇ ਵਸਨੀਕ ਡਾ. ਬੌਬੀ ਕੰਡਾ ਨੂੰ ਉਸ ਦੀ ਮਦਦ ਕਰਨ ਲਈ ਕਿਹਾ। ਡਾ. ਬੌਬੀ ਸਮਾਜ ਸੇਵੀ ਟੀਮ ਦੇ ਮੈਂਬਰ ਵੀ ਹਨ।
ਡਾ. ਬੌਬੀ ਨੇ ਆਪਣੇ ਛੋਟੇ ਭਰਾ ਭੁਪਿੰਦਰ ਕੰਡਾ ਨੂੰ ਸੋਨੂੰ ਸੂਦ ਵਲੋਂ ਭੇਜੀ ਰਕਮ ਮਹਿਲਾ ਤਕ ਭੇਜਣ ਲਈ ਕਿਹਾ। ਸ਼ਨੀਵਾਰ ਨੂੰ ਭੁਪਿੰਦਰ ਕੰਡਾ ਨੇ ਡਾਕਟਰ ਸੰਜੀਵ ਮਿੱਤਲ ਦੀ ਹਾਜ਼ਰੀ ’ਚ ਕੋਰੋਨਾ ਪਾਜ਼ੇਟਿਵ ਔਰਤ ਦੇ ਪਤੀ ਵਿਜੇ ਕੁਮਾਰ ਨੂੰ ਦੱਸਿਆ ਕਿ ਉਸ ਦੀਆਂ ਦਵਾਈਆਂ ਦਾ ਸਾਰਾ ਖਰਚਾ, ਜੋ ਕਿ ਇਕ ਲੱਖ ਤੋਂ ਉੱਪਰ ਹੋਵੇਗਾ, ਸੋਨੂੰ ਸੂਦ ਖ਼ੁਦ ਚੁੱਕਣਗੇ।
ਸੋਨੂੰ ਸੂਦ ਨੇ ਡਾ. ਮਿੱਤਲ ਨੂੰ ਫੋਨ ’ਤੇ ਮਰੀਜ਼ ਦੇ ਪਤੀ ਦੀ ਮੌਜੂਦਗੀ ’ਚ ਔਰਤ ਦਾ ਇਲਾਜ ਕਰਨ ’ਚ ਕੋਈ ਕਸਰ ਬਾਕੀ ਨਾ ਛੱਡਣ ਲਈ ਕਿਹਾ। ਇਸ ਦੌਰਾਨ ਡਾ. ਸੰਜੀਵ ਮਿੱਤਲ ਨੇ ਕਿਹਾ ਕਿ ਉਹ ਮਰੀਜ਼ ਕੋਲੋਂ ਕੋਈ ਪੈਸਾ ਨਹੀਂ ਲੈਣਗੇ ਤੇ ਹਸਪਤਾਲ ’ਚ ਦਾਖ਼ਲ ਹੋਣ ਤਕ ਕੁਝ ਵੀ ਖਰਚਾ ਨਹੀਂ ਕੀਤਾ ਜਾਵੇਗਾ। ਕੋਰੋਨਾ ਪੀੜਤ ਔਰਤ ਦੇ ਪਤੀ ਵਿਜੇ ਕੁਮਾਰ ਨੇ ਸੋਨੂੰ ਸੂਦ ਤੇ ਡਾ. ਸੰਜੀਵ ਮਿੱਤਲ ਦਾ ਧੰਨਵਾਦ ਕੀਤਾ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।