‘ਇੰਡੀਅਨ ਆਈਡਲ’ ਵਿਵਾਦ’ ’ਤੇ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੂੰ ਮਾੜਾ ਬੋਲਣ ਵਾਲਿਆਂ ’ਤੇ ਵਰ੍ਹਿਆ ਸੋਨੂੰ ਨਿਗਮ
Tuesday, Jun 01, 2021 - 06:25 PM (IST)
ਮੁੰਬਈ (ਬਿਊਰੋ)– ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਇਨ੍ਹੀਂ ਦਿਨੀਂ ਕਾਫੀ ਵਿਵਾਦਾਂ ਦਾ ਸਾਹਮਣਾ ਕਰ ਰਿਹਾ ਹੈ। ਪਹਿਲਾਂ ਸ਼ੋਅ ਦੇ ਮੁਕਾਬਲੇਬਾਜ਼ਾਂ ਨੂੰ ਲੈ ਕੇ ਸ਼ੋਅ ਚਰਚਾ ’ਚ ਸੀ ਤੇ ਕੁਝ ਦਿਨਾਂ ਤੋਂ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਦੇ ਇਕ ਬਿਆਨ ਨੂੰ ਲੈ ਕੇ ਸ਼ੋਅ ਸੁਰਖ਼ੀਆਂ ਬਟੋਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਸਿੱਧੂ ਮੂਸੇ ਵਾਲਾ ਨੇ ਲਿਆ ਅਹਿਮ ਫ਼ੈਸਲਾ
ਅਮਿਤ ਕੁਮਾਰ ਨੇ ਕਿਹਾ ਸੀ ਕਿ ਸ਼ੋਅ ’ਚ ਉਨ੍ਹਾਂ ਨੂੰ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ। ਇਸ ਗੱਲ ਨੂੰ ਸੋਸ਼ਲ ਮੀਡੀਆ ’ਤੇ ਖੂਬ ਉਛਾਲਿਆ ਗਿਆ। ਸੋਨੂੰ ਨਿਗਮ ਨੇ ਇਸ ’ਤੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਜੋ ਵੀ ਅਮਿਤ ਕੁਮਾਰ ਨੂੰ ਮਾੜਾ ਬੋਲ ਰਿਹਾ ਹੈ, ਉਨ੍ਹਾਂ ਨੂੰ ਸਲਾਹ ਵੀ ਦਿੱਤੀ ਹੈ।
ਸੋਨੂੰ ਨਿਗਮ ਨੇ ਕਿਹਾ ਕਿ ਅਮਿਤ ਕੁਮਾਰ ਸਾਡੇ ਉਸਤਾਦ ਦੇ ਬੇਟੇ ਹਨ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਸਾਡੇ ਨਾਲੋਂ ਬਿਹਤਰ ਦੇਖਿਆ ਹੈ। ਉਨ੍ਹਾਂ ਨੇ ਸਹਿਜ-ਸੁਭਾਅ ਇਹ ਗੱਲ ਆਖੀ ਸੀ ਕਿ ਉਨ੍ਹਾਂ ਨੂੰ ਸ਼ੋਅ ’ਚ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ। ਇਸ ’ਚ ਉਨ੍ਹਾਂ ‘ਇੰਡੀਅਨ ਆਈਡਲ’ ਸ਼ੋਅ ’ਤੇ ਕੋਈ ਇਲਜ਼ਾਮ ਨਹੀਂ ਲਗਾਇਆ ਸੀ।
ਸੋਨੂੰ ਨਿਗਮ ਨੇ ਕਿਹਾ ਕਿ ਅਮਿਤ ਕੁਮਾਰ ਇਕ ਸਿੱਧੇ-ਸਾਦੇ ਸ਼ਰੀਫ ਇਨਸਾਨ ਹਨ, ਉਨ੍ਹਾਂ ਨੂੰ ਮਾੜਾ ਬੋਲਣਾ ਬੰਦ ਕਰੋ। ‘ਇੰਡੀਅਨ ਆਈਡਲ’ ਦਾ ਜ਼ਿਕਰ ਕਰਦਿਆਂ ਸੋਨੂੰ ਨਿਗਮ ਨੇ ਕਿਹਾ ਕਿ ਇਹ ਇਕ ਵਧੀਆ ਸ਼ੋਅ ਹੈ ਤੇ ਇਥੇ ਮੁਕਾਬਲੇਬਾਜ਼ ਵੀ ਵਧੀਆ ਆਉਂਦੇ ਹਨ ਤੇ ਜੇਕਰ ਕਦੇ ਕਿਸੇ ਮੁਕਾਬਲੇਬਾਜ਼ ਕੋਲੋਂ ਮਾੜਾ ਗਾਇਆ ਵੀ ਜਾਂਦਾ ਹੈ ਤਾਂ ਉਸ ਨੂੰ ਸੋਸ਼ਲ ਮੀਡੀਆ ’ਤੇ ਇੰਨਾ ਉਛਾਲੋ ਨਾ।
ਉਨ੍ਹਾਂ ‘ਇੰਡੀਅਨ ਆਈਡਲ’ ਸ਼ੋਅ ਦੀ ਟੀਮ ਨੂੰ ਵੀ ਇਸ ਵਿਵਾਦ ’ਤੇ ਕੋਈ ਟਿੱਪਣੀ ਨਾ ਕਰਨ ਦੀ ਗੱਲ ਆਖੀ ਹੈ।
ਦੱਸਣਯੋਗ ਹੈ ਕਿ ‘ਇੰਡੀਅਨ ਆਈਡਲ’ ’ਤੇ ਮੁਕਾਬਲੇਬਾਜ਼ਾਂ ਦੀ ਝੂਠੀ ਤਾਰੀਫ਼ ਕਰਨ ਦੇ ਦੋਸ਼ ਕਈ ਗਾਇਕਾਂ ਵਲੋਂ ਲਗਾਏ ਜਾ ਚੁੱਕੇ ਹਨ।
ਨੋਟ– ਸੋਨੂੰ ਨਿਗਮ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।