ਕੁਝ ਫਿਲਮਾਂ ਰਿਲੀਜ਼ ਦੇ ਸਮੇਂ ਨਹੀਂ, ਬਾਅਦ ''ਚ ਸਲਾਹੀਆਂ ਜਾਂਦੀਆਂ ਹਨ : ਅਕਸ਼ੈ ਕੁਮਾਰ
Wednesday, Jun 24, 2026 - 01:28 PM (IST)
ਐਂਟਰਟੇਨਮੈਂਟ ਡੈਸਕ - ਅਹਿਮਦ ਖਾਨ ਵੱਲੋਂ ਨਿਰਦੇਸ਼ਤ ਫਿਲਮ ‘ਵੈਲਕਮ ਟੂ ਦਿ ਜੰਗਲ’ 26 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿਚ 30 ਤੋਂ ਵੱਧ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਜ਼ਰੀਏ ਰਵੀਨਾ ਟੰਡਨ ਕਮਬੈਕ ਕਰ ਰਹੀ ਹੈ। ਫਿਲਮ ਬਾਰੇ ਨਿਰਦੇਸ਼ਕ ਅਹਿਮਦ ਖ਼ਾਨ, ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਅਰਸ਼ਦ ਵਾਰਸੀ, ਆਫਤਾਬ ਸ਼ਿਵਦਾਸਾਨੀ, ਜੈਕੀ ਸ਼ਰਾਫ ਅਤੇ ਅਦਾਕਾਰਾ ਦਿਸ਼ਾ ਪਟਾਨੀ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ : ਅਕਸ਼ੈ ਕੁਮਾਰ
Q. ਤੁਸੀਂ ਆਪਣੇ ਕਰੀਅਰ ਵਿਚ ਐਕਸ਼ਨ, ਰੋਮਾਂਸ ਅਤੇ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ ਪਰ ਦਰਸ਼ਕ ਤੁਹਾਨੂੰ ਸਭ ਤੋਂ ਜ਼ਿਆਦਾ ਕਾਮੇਡੀ ਨਾਲ ਜੋੜਦੇ ਹਨ। ਅਜਿਹਾ ਕਿਉਂ?
- ਅਜਿਹਾ ਬਿਲਕੁਲ ਨਹੀਂ ਹੈ ਕਿ ਮੈਂ ਸਿਰਫ਼ ਕਾਮੇਡੀ ਕੀਤੀ ਹੈ। ਮੈਂ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਕੀਤੀਆਂ ਹਨ, ਰੋਮਾਂਟਿਕ ਫਿਲਮਾਂ ਕੀਤੀਆਂ ਹਨ। ‘ਧੜਕਨ’ ਵਰਗੀ ਫਿਲਮ ਵੀ ਕੀਤੀ ਹੈ,ਪਰ ਸ਼ਾਇਦ ਕਾਮੇਡੀ ਵਿਚ ਜੋ ਕਿਰਦਾਰ ਲੋਕਾਂ ਦੇ ਦਿਲਾਂ ਵਿਚ ਵੱਸ ਜਾਂਦੇ ਹਨ, ਉਹ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ। ਇਹੀ ਕਾਰਨ ਹੈ ਕਿ ਲੋਕ ਮੈਨੂੰ ਕਾਮੇਡੀ ਨਾਲ ਜ਼ਿਆਦਾ ਜੋੜਦੇ ਹਨ।
Q. ਤੁਹਾਡੀਆਂ ‘ਜਾਨ-ਏ-ਮਨ’ ਵਰਗੀਆਂ ਫਿਲਮਾਂ ਨੂੰ ਅੱਜ ਦੀ ਪੀੜ੍ਹੀ ਬਹੁਤ ਪਸੰਦ ਕਰਦੀ ਹੈ ਜਦਕਿ ਰਿਲੀਜ਼ ਸਮੇਂ ਉਨ੍ਹਾਂ ਨੂੰ ਉਹੋ ਜਿਹੀ ਸਫ਼ਲਤਾ ਨਹੀਂ ਮਿਲੀ ਸੀ। ਕੀ ਤੁਹਾਡੀ ਫਿਲਮੋਗ੍ਰਾਫੀ ਵਿਚ ਅਜਿਹੀਆਂ ਹੋਰ ਫਿਲਮਾਂ ਹਨ ਜਿਨ੍ਹਾਂ ਦਾ ਮੁਲਾਂਕਣ ਤੁਸੀਂ ਘੱਟ ਕਰਦੇ ਹੋ?
- ਮੇਰੇ ਹਿਸਾਬ ਨਾਲ ‘ਤੀਸ ਮਾਰ ਖਾਨ’ ਅਤੇ ‘ਖੱਟਾ ਮੀਠਾ’ ਅਜਿਹੀਆਂ ਫਿਲਮਾਂ ਹਨ ਜੋ ਮੈਨੂੰ ਬਹੁਤ ਪਸੰਦ ਸਨ ਪਰ ਰਿਲੀਜ਼ ਸਮੇਂ ਓਨੀਆਂ ਨਹੀਂ ਚੱਲੀਆਂ। ਅੱਜ ਉਨ੍ਹਾਂ ਦੇ ਮੀਮਜ਼ ਬਣਦੇ ਹਨ, ਟੀ.ਵੀ. ਅਤੇ ਡਿਜੀਟਲ ਪਲੇਟਫਾਰਮ 'ਤੇ ਉਨ੍ਹਾਂ ਨੂੰ ਖ਼ੂਬ ਦੇਖਿਆ ਜਾਂਦਾ ਹੈ। ਦਰਸ਼ਕਾਂ ਨੇ ਸਮੇਂ ਨਾਲ ਉਨ੍ਹਾਂ ਨੂੰ ਨਵੀਂ ਪਛਾਣ ਦਿੱਤੀ ਹੈ।
ਇੰਡਸਟਰੀ ਨੂੰ ਪਹਿਲਾਂ ਜਿਹੀ ਇਕਜੁੱਟਤਾ ਦੀ ਲੋੜ : ਸੁਨੀਲ ਸ਼ੈੱਟੀ
Q. 90 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਇੰਡਸਟਰੀ ’ਚ ਸਭ ਤੋਂ ਵੱਡਾ ਬਦਲਾਅ ਕੀ ਦੇਖਦੇ ਹੋ?
- ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਕਮੀ ਆਪਸੀ ਸਹਿਯੋਗ ਅਤੇ ਏਕਤਾ ਦੀ ਹੈ। ਪਹਿਲਾਂ ਪੂਰੀ ਇੰਡਸਟਰੀ ਇਕ ਪਰਿਵਾਰ ਵਾਂਗ ਸੀ। ਕਿਸੇ ਫਿਲਮ ਦਾ ਪ੍ਰੀਮੀਅਰ ਹੁੰਦਾ ਸੀ ਤਾਂ ਸਾਰੇ ਲੋਕ ਫਿਲਮ ਦੇਖਣ ਆਉਂਦੇ ਸਨ ਅਤੇ ਉਸ ਨੂੰ ਸੈਲੀਬ੍ਰੇਟ ਕਰਦੇ ਸਨ। ਅੱਜ ਸੋਸ਼ਲ ਮੀਡੀਆ ਅਤੇ ਵਿਊਜ਼ ਦੇ ਦੌਰ ਵਿਚ ਚੀਜ਼ਾਂ ਬਦਲ ਗਈਆਂ ਹਨ। ਲੋਕ ਤਸਵੀਰਾਂ ਖਿਚਵਾਉਣ ਜ਼ਿਆਦਾ ਆਉਂਦੇ ਹਨ, ਫਿਲਮ ਦੇਖਣ ਘੱਟ। ਪਹਿਲਾਂ ਕਲਾਕਾਰ ਇਕ-ਦੂਜੇ ਦੀ ਸਫ਼ਲਤਾ ਦਾ ਜਸ਼ਨ ਮਨਾਉਂਦੇ ਸਨ। ਅੱਜ ਉਹ ਭਾਵਨਾ ਥੋੜ੍ਹੀ ਘੱਟ ਹੋ ਗਈ ਹੈ। ਮੈਨੂੰ ਲੱਗਦਾ ਹੈ ਕਿ ਇੰਡਸਟਰੀ ਨੂੰ ਫਿਰ ਤੋਂ ਉਸੇ ਇਕਜੁੱਟਤਾ ਦੀ ਲੋੜ ਹੈ।
‘ਵੈਲਕਮ’ ਦੇ ਗਾਣਿਆਂ ਦਾ ਹਿੱਸਾ ਬਣਨਾ ਸੁਪਨੇ ਵਰਗਾ ਸੀ : ਦਿਸ਼ਾ ਪਟਾਨੀ
Q. ਇੰਨੇ ਤਜਰਬੇਕਾਰ ਕਾਮੇਡੀ ਕਲਾਕਾਰਾਂ ਵਿਚਕਾਰ ਕੰਮ ਕਰਦੇ ਹੋਏ ਤੁਹਾਡਾ ਸਹਾਰਾ ਕੌਣ ਸੀ?
- ਸਭ ਤੋਂ ਵੱਡਾ ਸਹਾਰਾ ਤਾਂ ਅਹਿਮਦ ਸਰ ਸਨ ਪਰ ਸੱਚ ਕਹਾਂ ਤਾਂ ਪੂਰੀ ਟੀਮ ਬਹੁਤ ਸਪੋਰਟਿਵ ਸੀ। ਅਸੀਂ ਸਾਰੇ ਇਕ ਛੋਟੇ ਪਰਿਵਾਰ ਵਾਂਗ ਬਣ ਗਏ ਸੀ। ਕਾਮੇਡੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ ਹੈ, ਇਸ ਲਈ ਤੁਹਾਨੂੰ ਹਰ ਸਮੇਂ ਤਿਆਰ ਰਹਿਣਾ ਪੈਂਦਾ ਹੈ। ਕੋਈ ਨਾ ਕੋਈ ਹਮੇਸ਼ਾ ਸੀਨ ਨੂੰ ਸੰਭਾਲ ਲੈਂਦਾ ਸੀ। ਖ਼ਾਸ ਕਰਕੇ ਅਰਸ਼ਦ ਸਰ ਅਕਸਰ ਕੁਝ ਅਜਿਹਾ ਬੋਲ ਦਿੰਦੇ ਸਨ, ਜਿਸ ਨਾਲ ਮਾਹੌਲ ਹੋਰ ਮਜ਼ੇਦਾਰ ਹੋ ਜਾਂਦਾ ਸੀ।
Q. ‘ਵੈਲਕਮ’ ਦੇ ਪੁਰਾਣੇ ਗਾਣੇ ਅੱਜ ਵੀ ਬਹੁਤ ਲੋਕਪ੍ਰਿਯ ਹਨ। ਕੀ ਤੁਸੀਂ ਉਨ੍ਹਾਂ ਗੀਤਾਂ ਨੂੰ ਦੁਬਾਰਾ ਦੇਖਿਆ ਜਾਂ ਉਨ੍ਹਾਂ ਤੋਂ ਪ੍ਰੇਰਨਾ ਲਈ?
- ਮੈਂ ਹਮੇਸ਼ਾ ਤੋਂ ਉਨ੍ਹਾਂ ਗੀਤਾਂ ਦੀ ਫੈਨ ਰਹੀ ਹਾਂ। ਸ਼ੂਟਿੰਗ ਦੌਰਾਨ ਵੀ ਮੈਂ ਅਕਸਰ ‘ਵੈਲਕਮ’ ਦੇ ਗਾਣੇ ਗੁਣਗੁਣਾਉਂਦੀ ਰਹਿੰਦੀ ਸੀ ਅਤੇ ਉਨ੍ਹਾਂ ਦੇ ਸਟੈਪ ਕਰਦੀ ਰਹਿੰਦੀ ਸੀ। ਜਦੋਂ ਫਿਲਮ ਵਿਚ ਉਸ ਗਾਣੇ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਤਾਂ ਲੱਗਿਆ ਜਿਵੇਂ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ।
ਰੋਜ਼ਾਨਾ ਸ਼ੂਟਿੰਗ ਦੀ ਉਡੀਕ ਕਰਦੇ ਸੀ : ਆਫ਼ਤਾਬ
Q. ਫਿਲਮ ਵਿਚ ਕੋਈ ਅਜਿਹਾ ਦ੍ਰਿਸ਼ ਸੀ, ਜਿਸ ਨੂੰ ਤੁਸੀਂ ਪਹਿਲਾਂ ਮੁਸ਼ਕਲ ਸਮਝਿਆ ਹੋਵੇ ਪਰ ਬਾਅਦ ਵਿਚ ਉਹ ਆਸਾਨੀ ਨਾਲ ਹੋ ਗਿਆ?
- ਸੱਚ ਕਹਾਂ ਤਾਂ ਮੈਨੂੰ ਕੋਈ ਵੀ ਸੀਨ ਬਹੁਤ ਮੁਸ਼ਕਲ ਨਹੀਂ ਲੱਗਿਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਫਿਲਮ ਦੇ ਲਗਭਗ ਸਾਰੇ ਕਲਾਕਾਰ ਪਹਿਲਾਂ ਵੀ ਇਕ-ਦੂਜੇ ਨਾਲ ਕੰਮ ਕਰ ਚੁੱਕੇ ਸਨ। ਸਾਡੇ ਵਿਚਕਾਰ ਪਹਿਲਾਂ ਤੋਂ ਹੀ ਚੰਗੀ ਸਮਝ ਸੀ। ਮਾਹੌਲ ਇੰਨਾ ਸਹਿਜ ਸੀ ਕਿ ਅਸੀਂ ਹਰ ਦਿਨ ਸ਼ੂਟਿੰਗ 'ਤੇ ਆਉਣ ਦਾ ਇੰਤਜ਼ਾਰ ਕਰਦੇ ਸੀ। ਅਜਿਹਾ ਲੱਗਦਾ ਸੀ ਜਿਵੇਂ ਕਿਸੇ ਵੱਡੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹੋਈਏ।
ਰੋਜ਼ 800-900 ਲੋਕ ਹੁੰਦੇ ਸਨ, ਕਦੇ-ਕਦੇ ਲੱਗਦਾ ਸੀ ਕਿ ਵੈਨਿਟੀ ਵੈਨ ਦਾ ਇਲਾਕਾ ਸੈੱਟ ਤੋਂ ਵੀ ਵੱਡਾ ਹੋ ਗਿਆ ਹੈ : ਅਹਿਮਦ ਖ਼ਾਨ
Q. ਫਿਲਮ ਵਿਚ 30 ਤੋਂ ਵੱਧ ਕਲਾਕਾਰ ਹਨ। ਇੰਨੇ ਵੱਡੇ ਕਲਾਕਾਰਾਂ ਦੇ ਸਮੂਹ ਨੂੰ ਸੰਭਾਲਣ ਵਿਚ ਸਭ ਤੋਂ ਵੱਡੀ ਚੁਣੌਤੀ ਕੀ ਸੀ?
- ਅਸਲ ਚੁਣੌਤੀ ਇਹ ਨਹੀਂ ਸੀ ਕਿ ਕੌਣ ਪ੍ਰੇਸ਼ਾਨੀ ਦੇਵੇਗਾ ਸਗੋਂ ਇਹ ਸੀ ਕਿ ਸੈੱਟ 'ਤੇ ਸਾਰੇ ਇਕ-ਦੂਜੇ ਨੂੰ ਇੰਨੇ ਪਿਆਰ ਨਾਲ ਮਿਲਦੇ ਸਨ ਕਿ ‘ਗੁੱਡ ਮੌਰਨਿੰਗ’, ‘ਕਿਵੇਂ ਹੋ’, ‘ਕੀ ਚੱਲ ਰਿਹਾ ਹੈ’ ਵਿਚ ਹੀ ਅੱਧਾ-ਪੌਣਾ ਘੰਟਾ ਨਿਕਲ ਜਾਂਦਾ ਸੀ। ਜਦੋਂ ਸ਼ੂਟਿੰਗ ਸ਼ੁਰੂ ਹੁੰਦੀ ਸੀ ਉਦੋਂ ਸਾਰਿਆਂ ਦੀ ਕਾਮਿਕ ਟਾਈਮਿੰਗ ਦੇਖਣ ਲਾਇਕ ਹੁੰਦੀ ਸੀ। ਸੈੱਟ 'ਤੇ ਕਰੀਬ 32 ਕਲਾਕਾਰ ਸਨ। ਹਰ ਕਲਾਕਾਰ ਨਾਲ ਤਿੰਨ-ਚਾਰ ਸਟਾਫ ਮੈਂਬਰ ਹੁੰਦੇ ਸਨ। ਫਿਰ ਸਾਡੀ ਯੂਨਿਟ ਸੀ, ਫਾਈਟਰ ਸਨ, ਡਾਂਸਰ ਸਨ, ਜੂਨੀਅਰ ਆਰਟਿਸਟ ਸਨ। ਰੋਜ਼ਾਨਾ ਲਗਭਗ 800-900 ਲੋਕ ਸੈੱਟ 'ਤੇ ਮੌਜੂਦ ਰਹਿੰਦੇ ਸਨ। ਇਕ ਹੋਰ ਮਜ਼ੇਦਾਰ ਦਿੱਕਤ ਸੀ ਕਿ ਇੰਨੇ ਵੱਡੇ ਸੈੱਟ ਨਾਲ ਲਗਭਗ 50 ਵੈਨਿਟੀ ਵੈਨਾਂ ਖੜ੍ਹੀਆਂ ਹੁੰਦੀਆਂ ਸਨ। ਕਦੇ-ਕਦੇ ਲੱਗਦਾ ਸੀ ਕਿ ਵੈਨਿਟੀ ਵੈਨ ਦਾ ਇਲਾਕਾ ਸੈੱਟ ਤੋਂ ਵੀ ਵੱਡਾ ਹੋ ਗਿਆ ਹੈ।
ਸੈੱਟ ’ਤੇ ਪਹੁੰਚਿਆ ਤਾਂ ਅਜਿਹਾ ਲੱਗਿਆ ਜਿਵੇਂ ਘਰ ਆ ਗਿਆ ਹਾਂ : ਜੈਕੀ ਸ਼ਰਾਫ਼
Q. ਕੀ ਸ਼ੂਟਿੰਗ ਦੌਰਾਨ ਸੱਚਮੁੱਚ ਅਜਿਹਾ ਲੱਗਿਆ ਕਿ ਇਕ ਪਰਿਵਾਰ ਬਣ ਗਿਆ ਹੈ?
- ਬਿਲਕੁਲ। ਪਹਿਲਾਂ ਤਾਂ ਮੈਂ ਸਿਰਫ਼ ਫਿਲਮ ਦਾ ਨਾਂ ਸੁਣ ਕੇ ਹੀ ਤਿਆਰ ਹੋ ਗਿਆ ਸੀ। ਫਿਰ ਅਹਿਮਦ ਖ਼ਾਨ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ। ਬਾਕੀ ਪੂਰੀ ਗੈਂਗ ਵੀ ਆਪਣੀ ਹੀ ਸੀ। ਪਹਿਲੇ ਦਿਨ ਸੈੱਟ 'ਤੇ ਪਹੁੰਚਿਆ ਤਾਂ ਅਜਿਹਾ ਲੱਗਿਆ ਜਿਵੇਂ ਘਰ ਆ ਗਿਆ ਹਾਂ। ਮੈਂ ਉਮਰ ਵਿਚ ਇਨ੍ਹਾਂ ਤੋਂ ਵੱਡਾ ਹਾਂ ਪਰ ਸਭ ਨੇ ਮੇਰਾ ਖ਼ਿਆਲ ਬੱਚੇ ਵਾਂਗ ਰੱਖਿਆ। ਅਸੀਂ ਬਹੁਤ ਮਜ਼ੇ ਕੀਤੇ। ਇੰਨੇ ਸ਼ਾਨਦਾਰ ਕਲਾਕਾਰਾਂ ਵਿਚਕਾਰ ਮੈਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਈ। ਸਭ ਲੋਕ ਆਪਣਾ ਕਮਾਲ ਦਿਖਾ ਰਹੇ ਸਨ ਅਤੇ ਮੈਂ ਉਸ ਦਾ ਆਨੰਦ ਲੈ ਰਿਹਾ ਸੀ।
Q. ਜੇ ਤੁਹਾਨੂੰ 80-90 ਦੇ ਦਹਾਕੇ ਦੀ ਫਿਲਮ ਇੰਡਸਟਰੀ ਦੀ ਕੋਈ ਇੱਕ ਚੀਜ਼ ਵਾਪਸ ਲਿਆਉਣ ਦਾ ਮੌਕਾ ਮਿਲੇ ਤਾਂ ਉਹ ਕੀ ਹੋਵੇਗੀ?
- ਮੈਂ ਵੱਡੇ ਸਿੰਗਲ-ਸਕਰੀਨ ਥੀਏਟਰ ਵਾਪਸ ਲਿਆਉਣਾ ਚਾਹਾਂਗਾ। ਮਰਾਠਾ ਮੰਦਰ, ਚੰਦਨ, ਰੂਪਮ, ਡਾਇਨਾ, ਅਪਸਰਾ ਵਰਗੇ ਸਿਨੇਮਾਘਰਾਂ ਦਾ ਆਪਣਾ ਵੱਖਰਾ ਹੀ ਜਾਦੂ ਸੀ। ਉੱਥੇ ਫਿਲਮ ਦੇਖਣਾ ਇਕ ਅਨੁਭਵ ਹੁੰਦਾ ਸੀ। ਅੱਜ ਮਲਟੀਪਲੈਕਸ ਦਾ ਦੌਰ ਹੈ ਪਰ ਉਨ੍ਹਾਂ ਵੱਡੇ ਥੀਏਟਰਾਂ ਦੀ ਗੱਲ ਹੀ ਕੁਝ ਹੋਰ ਸੀ।
ਦਬਾਅ ਨਹੀਂ, ਜ਼ਿੰਮੇਵਾਰੀ ਮਹਿਸੂਸ ਹੋਈ : ਅਰਸ਼ਦ ਵਾਰਸੀ
ਤੁਸੀਂ ਅਤੇ ਸ਼੍ਰੇਅਸ ਤਲਪੜੇ ਫਿਲਮ ਵਿਚ ਅਜਿਹੇ ਕਿਰਦਾਰ ਨਿਭਾ ਰਹੇ ਹੋ, ਜਿਨ੍ਹਾਂ ਦੀ ਤੁਲਨਾ ਲੋਕ ਅਨਿਲ ਕਪੂਰ ਅਤੇ ਨਾਨਾ ਪਾਟੇਕਰ ਦੇ ਆਈਕਾਨਿਕ ਕਿਰਦਾਰਾਂ ਨਾਲ ਕਰਨਗੇ। ਕੀ ਇਹ ਦਬਾਅ ਮਹਿਸੂਸ ਹੋਇਆ?
ਅਸੀਂ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਦੀ ਜਗ੍ਹਾ ਭਰੀਏ। ਅਨਿਲ ਕਪੂਰ ਅਤੇ ਨਾਨਾ ਪਾਟੇਕਰ ਸ਼ਾਨਦਾਰ ਕਲਾਕਾਰ ਹਨ ਅਤੇ ਉਨ੍ਹਾਂ ਦੇ ਕਿਰਦਾਰ ਆਈਕਾਨਿਕ ਹਨ। ਅਸੀਂ ਸਾਰੇ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ। ਸੱਚ ਕਹਾਂ ਤਾਂ ਮੈਨੂੰ ਤਾਂ ਇਹ ਚੰਗਾ ਲੱਗਦਾ ਜੇ ਉਹ ਵੀ ਇਸ ਫਿਲਮ ਦਾ ਹਿੱਸਾ ਹੁੰਦੇ। ਅਸੀਂ ਬਸ ਆਪਣੇ ਵੱਲੋਂ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡਾ ਕੰਮ ਪਸੰਦ ਆਵੇਗਾ।
