‘ਸਿਰਫ਼ ਜਾਣਕਾਰੀ ਨਹੀਂ, ਦਰਸ਼ਕ ਸੁਨੇਹਾ ਲੈ ਕੇ ਜਾਣ’, ਇਹੀ ਹੈ ‘ਦਿ ਇੰਡੀਆ ਸਟੋਰੀ’ ਦਾ ਮਕਸਦ : ਤਲਪੜੇ
Saturday, Jul 25, 2026 - 09:49 AM (IST)
ਐਂਟਰਟੇਨਮੈਂਟ ਡੈਸਕ - ਦੇਸ਼ ਭਰ ਵਿਚ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਵਰਗੇ ਗੰਭੀਰ ਮੁੱਦਿਆਂ ’ਤੇ ਆਧਾਰਿਤ ਫ਼ਿਲਮ ‘ਦਿ ਇੰਡੀਆ ਸਟੋਰੀ’ 24 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਵਿਚ ਕਾਜਲ ਅਗਰਵਾਲ ਅਤੇ ਸ਼੍ਰੇਅਸ ਤਲਪੜੇ ਮੁੱਖ ਭੂਮਿਕਾ ਵਿਚ ਹਨ। ਫ਼ਿਲਮ ਨੂੰ ਚੇਤਨ ਡੀ. ਕੇ. ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਦਿ ਇੰਡੀਆ ਸਟੋਰੀ’ ਬਾਰੇ ਸ਼੍ਰੇਅਸ ਤਲਪੜੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q : ਫ਼ਿਲਮ ਇਕ ਬਹੁਤ ਹੀ ਗੰਭੀਰ ਸਮਾਜਿਕ ਮੁੱਦੇ ’ਤੇ ਹੈ। ਕਲਾਕਾਰ ਦੇ ਤੌਰ ’ਤੇ ਪਹਿਲੀ ਪ੍ਰਤੀਕਿਰਿਆ ਕੀ ਸੀ?
- ਸਭ ਤੋਂ ਪਹਿਲਾਂ ਤਾਂ ਵਿਸ਼ੇ ਦਾ ਮਹੱਤਵਪੂਰਨ ਹੋਣਾ ਜ਼ਰੂਰੀ ਹੈ ਪਰ ਉਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਸ ਨੂੰ ਦਰਸ਼ਕਾਂ ਤੱਕ ਕਿਸ ਤਰ੍ਹਾਂ ਪਹੁੰਚਾਇਆ ਜਾਵੇ। ਕਿਸੇ ਵੀ ਵੱਡੇ ਮੁੱਦੇ ’ਤੇ ਗੱਲ ਕਰਨੀ ਹੋਵੇ ਤਾਂ ਉਸ ਲਈ ਇਕ ਮਜ਼ਬੂਤ ਕਹਾਣੀ ਚਾਹੀਦੀ ਹੈ। ਆਖ਼ਿਰਕਾਰ ਇਹ ਇਕ ਫ਼ਿਲਮ ਹੈ, ਡਾਕੂਮੈਂਟਰੀ ਨਹੀਂ। ਦਰਸ਼ਕ ਫ਼ਿਲਮ ਦੇਖ ਕੇ ਸਿਰਫ਼ ਜਾਣਕਾਰੀ ਨਹੀਂ, ਸਗੋਂ ਇਕ ਤਜਰਬਾ ਅਤੇ ਸੁਨੇਹਾ ਵੀ ਲੈ ਕੇ ਜਾਣ, ਇਹੋ ਸਭ ਤੋਂ ਅਹਿਮ ਗੱਲ ਹੁੰਦੀ ਹੈ। ਇਸ ਫ਼ਿਲਮ ਵਿਚ ਜਿਸ ਤਰ੍ਹਾਂ ‘ਸਲੋਅ ਪੁਆਇਜ਼ਨ’ ਦੇ ਮੁੱਦੇ ਨੂੰ ਕਹਾਣੀ ਦੇ ਮਾਧਿਅਮ ਨਾਲ ਦਿਖਾਇਆ ਗਿਆ ਹੈ, ਉਹ ਸੋਚਣ ’ਤੇ ਮਜਬੂਰ ਕਰਦਾ ਹੈ। ਮੈਨੂੰ ਨਿਰਦੇਸ਼ਕ ਦਾ ਵਿਜ਼ਨ ਅਤੇ ਉਨ੍ਹਾਂ ਦਾ ਇਰਾਦਾ ਬਹੁਤ ਸਾਫ਼ ਲੱਗਿਆ। ਮੈਂ ਉਨ੍ਹਾਂ ਨਾਲ ਕਈ ਵਾਰ ਕਹਾਣੀ ’ਤੇ ਚਰਚਾ ਕੀਤੀ, ਵੱਖ-ਵੱਖ ਡਰਾਫ਼ਟ ਸੁਣੇ ਅਤੇ ਜਦੋਂ ਲੱਗਿਆ ਕਿ ਇਸ ਕਹਾਣੀ ਦੀ ਆਤਮਾ ਸਹੀ ਦਿਸ਼ਾ ਵਿਚ ਹੈ, ਉਦੋਂ ਹੀ ਇਸ ਫ਼ਿਲਮ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ।
Q : ਵੱਖ-ਵੱਖ ਕਿਰਦਾਰਾਂ ਦੀ ਤਿਆਰੀ ਵਿਚ ਕੀ ਫ਼ਰਕ ਹੁੰਦਾ ਹੈ?
-: ਇਕ ਅਦਾਕਾਰ ਦੇ ਤੌਰ ’ਤੇ ਇਹੋ ਸਾਡਾ ਕੰਮ ਹੈ। ਚਾਹੇ ਕਾਮੇਡੀ ਹੋਵੇ ਜਾਂ ਗੰਭੀਰ ਭੂਮਿਕਾ, ਦੋਵਾਂ ਲਈ ਲਗਾਤਾਰ ਆਬਜ਼ਰਵ ਕਰਨਾ ਪੈਂਦਾ ਹੈ। ਮੈਂ ਥੀਏਟਰ ਤੋਂ ਅਦਾਕਾਰੀ ਸਿੱਖੀ ਹੈ ਅਤੇ ਉੱਥੇ ਸਾਨੂੰ ਸਿਖਾਇਆ ਜਾਂਦਾ ਸੀ ਕਿ ਸਵੇਰੇ ਅੱਖ ਖੁੱਲ੍ਹਦੇ ਹੀ ਤੁਹਾਡਾ ਅਭਿਆਸ ਸ਼ੁਰੂ ਹੋ ਜਾਂਦਾ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖੋ, ਉਨ੍ਹਾਂ ਦੀਆਂ ਆਦਤਾਂ, ਵਿਵਹਾਰ ਅਤੇ ਹਾਲਾਤ ਨੂੰ ਸਮਝੋ। ਕਈ ਵਾਰ ਕਾਮੇਡੀ ਵਿਚ ਵੀ ਟ੍ਰੈਜਡੀ ਦਿਖਾਈ ਦਿੰਦੀ ਹੈ ਅਤੇ ਟ੍ਰੈਜਡੀ ਵਿਚ ਵੀ ਹਾਸੇ ਦੇ ਪਲ ਮਿਲ ਜਾਂਦੇ ਹਨ। ਮੈਂ ਕਿਸੇ ਵੀ ਕਿਰਦਾਰ ਲਈ ਸਕ੍ਰਿਪਟ ਕਈ ਵਾਰ ਪੜ੍ਹਦਾ ਹਾਂ। ਉਸ ਦੇ ਵਿਅਕਤੀਤਵ, ਸੋਚ, ਬੈਕਸਟੋਰੀ ਅਤੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਬੈਕਸਟੋਰੀ ਲਿਖੀ ਹੁੰਦੀ ਹੈ, ਕਈ ਵਾਰ ਨਹੀਂ ਹੁੰਦੀ, ਉਦੋਂ ਸਾਨੂੰ ਖ਼ੁਦ ਉਸ ਨੂੰ ਘੜਨਾ ਪੈਂਦਾ ਹੈ। ਇਸ ਤੋਂ ਬਾਅਦ ਸਹਿ-ਕਲਾਕਾਰਾਂ ਨਾਲ ਰਿਹਰਸਲ ਹੁੰਦੀ ਹੈ। ਜੇਕਰ ਕਿਰਦਾਰ ਦੀ ਕੋਈ ਵਿਸ਼ੇਸ਼ ਲੋੜ ਹੋਵੇ, ਜਿਵੇਂ ਸੰਕੇਤਾਂ ਦੀ ਭਾਸ਼ਾ ਸਿੱਖਣੀ, ਕਿਸੇ ਖੇਡ ਦੀ ਟ੍ਰੇਨਿੰਗ ਲੈਣੀ ਜਾਂ ਕਿਸੇ ਵਿਸ਼ੇਸ਼ ਹੁਨਰ ਦੀ ਤਿਆਰੀ ਕਰਨੀ, ਤਾਂ ਉਹ ਵੀ ਕੀਤੀ ਜਾਂਦੀ ਹੈ।
Q : ਤੁਹਾਡੇ ਲਈ ਸਭ ਤੋਂ ਵੱਡੀ ਪ੍ਰੇਰਣਾ ਕੌਣ ਰਹੇ ਹਨ?
-: ਜੇ ਬਚਪਨ ਦੀ ਗੱਲ ਕਰਾਂ ਤਾਂ ਅਮਿਤਾਭ ਬੱਚਨ ਸਰ ਦੀ ਪੂਰੀ ਯਾਤਰਾ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਣਾ ਰਹੀ ਹੈ। ਅਸੀਂ ਉਨ੍ਹਾਂ ਦਾ ਸੁਪਰਸਟਾਰ ਬਣਨਾ ਵੀ ਦੇਖਿਆ ਅਤੇ ਉਹ ਦੌਰ ਵੀ ਦੇਖਿਆ ਜਦੋਂ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ, ਖ਼ੁਦ ਨੂੰ ਦੁਬਾਰਾ ਸਥਾਪਿਤ ਕੀਤਾ ਅਤੇ ਫਿਰ ਇਤਿਹਾਸ ਰਚ ਦਿੱਤਾ। ਅਜਿਹੀਆਂ ਕਹਾਣੀਆਂ ਕਲਾਕਾਰਾਂ ਨੂੰ ਉਮੀਦ ਦਿੰਦੀਆਂ ਹਨ। ਜਦੋਂ ਤੁਹਾਡੇ ਜੀਵਨ ਵਿਚ ਅਸਫ਼ਲਤਾ ਆਉਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਜੇ ਅਮਿਤਾਭ ਬੱਚਨ ਵਰਗੇ ਮਹਾਨ ਕਲਾਕਾਰ ਵਾਪਸੀ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਇਹੋ ਵਿਸ਼ਵਾਸ ਤੁਹਾਨੂੰ ਅੱਗੇ ਵਧਾਉਂਦਾ ਹੈ। ਮਰਾਠੀ ਸਿਨੇਮਾ ਵਿਚ ਨਾਨਾ ਪਾਟੇਕਰ ਸਰ ਦੀ ਯਾਤਰਾ ਵੀ ਮੇਰੇ ਲਈ ਬਹੁਤ ਪ੍ਰੇਰਣਾਦਾਇਕ ਰਹੀ ਹੈ। ਉਨ੍ਹਾਂ ਵੀ ਸੰਘਰਸ਼ ਕੀਤਾ, ਸਿੱਖਿਆ ਅਤੇ ਆਪਣੇ ਦਮ ’ਤੇ ਵੱਖਰੀ ਪਛਾਣ ਬਣਾਈ।
Q : ਅੱਜ ਜਦੋਂ ਤੁਸੀਂ ਕਿਸੇ ਫ਼ਿਲਮ ਜਾਂ ਕਿਰਦਾਰ ਦੀ ਚੋਣ ਕਰਦੇ ਹੋ ਤਾਂ ਇਸ ਨੂੰ ਲੈ ਕੇ ਤੁਹਾਡਾ ਨਜ਼ਰੀਆ ਕਿੰਨਾ ਬਦਲ ਚੁੱਕਾ ਹੈ?
-: ਮੇਰੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਸ ਕਿਰਦਾਰ ਵਿਚ ਕੁੱਝ ਨਵਾਂ ਅਤੇ ਚੁਣੌਤੀਪੂਰਨ ਹੋਵੇ। ਅਜਿਹਾ ਲੱਗੇ ਕਿ ਉਸ ਵਿਚ ਮੈਂ ਇਕ ਅਦਾਕਾਰ ਦੇ ਤੌਰ ’ਤੇ ਕੁੱਝ ਵੱਖਰਾ ਕਰ ਸਕਦਾ ਹਾਂ ਜਾਂ ਕੁੱਝ ਨਵਾਂ ਖੋਜ ਸਕਦਾ ਹਾਂ। ਜੇ ਕਿਸੇ ਭੂਮਿਕਾ ਵਿਚ ਉਹ ਰੋਮਾਂਚ ਨਹੀਂ ਹੈ ਤਾਂ ਉਸ ਨੂੰ ਕਰਨ ਵਿਚ ਓਨਾ ਮਜ਼ਾ ਨਹੀਂ ਆਉਂਦਾ। ਮੈਨੂੰ ਲੱਗਦਾ ਹੈ ਕਿ ਇਹ ਸੋਚ ਥੀਏਟਰ ਤੋਂ ਆਈ ਹੈ। ਥੀਏਟਰ ਦੇ ਦਿਨਾਂ ਵਿਚ ਜਦੋਂ ਅਸੀਂ ਕੋਈ ਕਹਾਣੀ ਪੜ੍ਹਦੇ ਜਾਂ ਸੁਣਦੇ ਸੀ ਤਾਂ ਮਨ ਵਿਚ ਤੁਰੰਤ ਆਉਂਦਾ ਸੀ ਕਿ ਇਹ ਕਿਰਦਾਰ ਮੈਂ ਨਿਭਾਉਣਾ ਚਾਹਾਂਗਾ। ਕਈ ਵਾਰ ਗੁਰੂ ਜੀ ਉਹੀ ਭੂਮਿਕਾ ਦੇ ਦਿੰਦੇ ਸਨ ਅਤੇ ਕਈ ਵਾਰ ਕੋਈ ਦੂਜੀ, ਪਰ ਜੇ ਦੂਜੀ ਭੂਮਿਕਾ ਮਿਲਦੀ ਸੀ ਤਾਂ ਕੋਸ਼ਿਸ਼ ਰਹਿੰਦੀ ਸੀ ਕਿ ਉਸ ਨੂੰ ਇੰਨੀ ਚੰਗੀ ਤਰ੍ਹਾਂ ਨਿਭਾਵਾਂ ਕਿ ਲੋਕਾਂ ਨੂੰ ਲੱਗੇ ਕਿ ਮੈਨੂੰ ਉਹੀ ਵੱਡਾ ਕਿਰਦਾਰ ਮਿਲਣਾ ਚਾਹੀਦਾ ਸੀ। ਸ਼ਾਇਦ ਉਹੀ ਮੁਕਾਬਲੇ ਵਾਲੀ ਸੋਚ ਅੱਜ ਵੀ ਮੇਰੇ ਅੰਦਰ ਹੈ। ਫ਼ਿਲਮ ਚੁਣਦੇ ਸਮੇਂ ਮੈਂ ਦੇਖਦਾ ਹਾਂ ਕਿ ਉਸ ਕਿਰਦਾਰ ਵਿਚ ਅਦਾਕਾਰੀ ਦੀ ਕਿੰਨੀ ਗੁੰਜਾਇਸ਼ ਹੈ। ਮੈਂ ਉਸ ਨੂੰ ਇਕ ਚੁਣੌਤੀ ਵਾਂਗ ਲੈਂਦਾ ਹਾਂ ਕਿ ਇਸ ’ਚ ਮੈਂ ਕੀ ਨਵਾਂ ਕਰ ਸਕਦਾ ਹਾਂ।
ਹਰ ਕਲਾਕਾਰ ਨੂੰ ਆਪਣਾ ਖ਼ੁਦ ਦਾ ਬੈਂਚਮਾਰਕ ਬਣਾਉਣਾ ਚਾਹੀਦਾ ਹੈ
Q : ਫ਼ਿਲਮ ਇੰਡਸਟਰੀ ਵਿਚ ਕਲਾਕਾਰਾਂ ਨੂੰ ਅਕਸਰ ਇਕੋ ਜਿਹੇ ਕਿਰਦਾਰਾਂ ਵਿਚ ਟਾਈਪਕਾਸਟ ਕਰ ਦਿੱਤਾ ਜਾਂਦਾ ਹੈ। ਤੁਹਾਡੇ ਅਨੁਸਾਰ ਇਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ?
-: ਮੇਰਾ ਮੰਨਣਾ ਹੈ ਕਿ ਹਰ ਦੌਰ ਵਿਚ ਕੋਈ ਨਾ ਕੋਈ ਅਜਿਹਾ ਨਿਰਦੇਸ਼ਕ ਜ਼ਰੂਰ ਹੁੰਦਾ ਹੈ ਜੋ ਕਲਾਕਾਰ ਨੂੰ ਵੱਖਰੇ ਨਜ਼ਰੀਏ ਤੋਂ ਦੇਖਦਾ ਹੈ। ਜਿਵੇਂ ‘ਦਿ ਇੰਡੀਆ ਸਟੋਰੀ’ ਵਿਚ ਨਿਰਦੇਸ਼ਕ ਅਭਿਜੀਤ ਨੇ ਮੈਨੂੰ ਇਕ ਅਲੱਗ ਤਰ੍ਹਾਂ ਦੇ ਕਿਰਦਾਰ ਵਿਚ ਦੇਖਿਆ। ਮੇਰੀ ਸ਼ੁਰੂਆਤ ਗੰਭੀਰ ਭੂਮਿਕਾਵਾਂ ਤੋਂ ਹੋਈ ਸੀ, ਉਸ ਤੋਂ ਬਾਅਦ ਮੈਂ ਕਾਮੇਡੀ ਵੀ ਕੀਤੀ। ਅਜਿਹੇ ਵਿਚ ਲੋਕ ਸੋਚਣ ਲੱਗਦੇ ਹਨ ਕਿ ਇਹ ਅਦਾਕਾਰ ਸਿਰਫ਼ ਕਾਮੇਡੀ ਕਰੇਗਾ ਜਾਂ ਸਿਰਫ਼ ਗੰਭੀਰ ਕਿਰਦਾਰ ਨਿਭਾਏਗਾ ਪਰ ਕੋਈ ਨਾ ਕੋਈ ਅਜਿਹਾ ਇਨਸਾਨ ਹੁੰਦਾ ਹੈ ਜੋ ਉਸ ਦਾਇਰੇ ਤੋਂ ਬਾਹਰ ਸੋਚਦਾ ਹੈ। ਉਸ ਸਮੇਂ ਕਲਾਕਾਰ ਨੂੰ ਵੀ ਜੋਖਮ ਉਠਾਉਣਾ ਪੈਂਦਾ ਹੈ। ਤੁਹਾਨੂੰ ਉਹ ਮੌਕਾ ਫੜਨਾ ਹੁੰਦਾ ਹੈ ਅਤੇ ਉਸ ’ਤੇ ਭਰੋਸਾ ਕਰਨਾ ਹੁੰਦਾ ਹੈ। ਕੋਈ ਹਮੇਸ਼ਾ ਤੁਹਾਡਾ ਹੱਥ ਫੜ ਕੇ ਤੁਹਾਨੂੰ ਨਵੀਂ ਦਿਸ਼ਾ ਵਿਚ ਨਹੀਂ ਲੈ ਜਾਵੇਗਾ। ਮੇਰਾ ਮੰਨਣਾ ਹੈ ਕਿ ਕਲਾਕਾਰ ਨੂੰ ਆਪਣਾ ਖ਼ੁਦ ਦਾ ਬੈਂਚਮਾਰਕ ਬਣਾਉਣਾ ਚਾਹੀਦਾ ਹੈ।
