10 ਸਾਲ ਦੇ ਕਰੀਅਰ ’ਚ ਪਹਿਲੀ ਵਾਰ ਬਿਨਾਂ ਆਡੀਸ਼ਨ ਮਿਲਿਆ ਰੋਲ : ਅੰਜਲੀ ਆਨੰਦ

Sunday, Jul 26, 2026 - 09:40 AM (IST)

10 ਸਾਲ ਦੇ ਕਰੀਅਰ ’ਚ ਪਹਿਲੀ ਵਾਰ ਬਿਨਾਂ ਆਡੀਸ਼ਨ ਮਿਲਿਆ ਰੋਲ : ਅੰਜਲੀ ਆਨੰਦ

ਐਂਟਰਟੇਨਮੈਂਟ ਡੈਸਕ - ਅੰਜਲੀ ਆਨੰਦ ਇਨ੍ਹੀਂ ਦਿਨੀਂ ਫ਼ਿਲਮ ‘ਧਮਾਲ-4’ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਬਣੀ ਹੋਈ ਹੈ। ਫ਼ਿਲਮ ’ਚ ਉਸ ਦੇ ਕਿਰਦਾਰ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ। ਉੱਥੇ ਹੀ, ਅਦਾਕਾਰਾ ਦੇ ਡਾਂਸ ਅਤੇ ਕਾਮਿਕ ਟਾਈਮਿੰਗ ਦੀ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ। ‘ਧਮਾਲ-4’ ਦੀ ਸਫ਼ਲਤਾ ਤੋਂ ਬਾਅਦ ਅੰਜਲੀ ਆਨੰਦ ਨੇ ਫ਼ਿਲਮ ਬਾਰੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

Q. ਕੁਝ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਹੀ ਅਹਿਸਾਸ ਹੋ ਜਾਂਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ। ਕੀ ‘ਧਮਾਲ-4’ ਦੀ ਸ਼ੂਟਿੰਗ ਵੇਲੇ ਵੀ ਭਰੋਸਾ ਸੀ?

ਜਦੋਂ ਅਸੀਂ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ ਉਦੋਂ ਹੀ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਫ਼ਿਲਮ ਜ਼ਰੂਰ ਚੱਲੇਗੀ। ਮੈਂ ਫ਼ਿਲਮਾਂ ਨੂੰ ਇਕ ਦਰਸ਼ਕ ਦੀ ਤਰ੍ਹਾਂ ਵੀ ਦੇਖਦੀ ਹਾਂ। ਜੇਕਰ ਮੈਨੂੰ ਖ਼ੁਦ ਕਿਸੇ ਸੀਨ ਨੂੰ ਕਰਦੇ ਹੋਏ ਤੇ ਉਸ ਨੂੰ ਦੇਖਦੇ ਹੋਏ ਮਜ਼ਾ ਆ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਵੀ ਆਵੇਗਾ। ਸ਼ੂਟਿੰਗ ਦੌਰਾਨ ਸਾਰਿਆਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਲੋਕਾਂ ਨੂੰ ਇਹ ਫ਼ਿਲਮ ਪਸੰਦ ਆਵੇਗੀ ਤੇ ਉਹ ਇਸ ਦਾ ਪੂਰਾ ਮਜ਼ਾ ਲੈਣਗੇ।

Q. ਤੁਹਾਡੀਆਂ ਲਗਾਤਾਰ 2 ਫ਼ਿਲਮਾਂ 100 ਕਰੋੜ ਕਲੱਬ ’ਚ ਸ਼ਾਮਿਲ ਹੋ ਚੁੱਕੀਆਂ ਹਨ। ਕੀ ਹੁਣ ਤੁਹਾਨੂੰ ਇਸ ਦੀ ਅਹਿਮਜੀਅਤ ਮਹਿਸੂਸ ਹੋ ਰਹੀ ਹੈ?

ਸੱਚ ਕਹਾਂ ਤਾਂ ਇਹ ਅਹਿਸਾਸ ਮੈਨੂੰ ਤੁਹਾਡੇ ਲੋਕਾਂ ਨਾਲ ਗੱਲ ਕਰ ਕੇ ਹੋ ਰਿਹਾ ਹੈ। ਮੈਂ ਖ਼ੁਦ ਇਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੀ ਨਹੀਂ ਹਾਂ। ਮੇਰੇ ਲਈ ਸਭ ਤੋਂ ਜ਼ਰੂਰੀ ਕੰਮ ਹੈ। ਮੈਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਦਾ ਦਬਾਅ ਨਹੀਂ ਲੈਣਾ ਚਾਹੁੰਦੀ।

Q. ‘ਧਮਾਲ-4’ ’ਚ ਤੁਹਾਡਾ ਸਿਲੈਕਸ਼ਨ ਕਿਵੇਂ ਹੋਇਆ? ਕੀ ਤੁਹਾਨੂੰ ਆਡੀਸ਼ਨ ਦੇਣਾ ਪਿਆ ਸੀ?

ਇਹ ਮੇਰੇ ਦੱਸ ਸਾਲ ਦੇ ਕਰੀਅਰ ਦਾ ਪਹਿਲਾ ਪ੍ਰਾਜੈਕਟ ਸੀ, ਜਿਸ ਦੇ ਲਈ ਮੈਨੂੰ ਆਡੀਸ਼ਨ ਨਹੀਂ ਦੇਣਾ ਪਿਆ। ਟੀਮ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੱਗਾ ਕਿ ਮੈਂ ਇਸ ਕਿਰਦਾਰ ਲਈ ਬਿਲਕੁਲ ਸਹੀ ਹਾਂ। ਸ਼ੁਰੂਆਤ ’ਚ ਮੈਨੂੰ ਬੱਸ ਇਕ ਚਿੰਤਾ ਸੀ ਕਿ ਮੇਰਾ ਕਿਰਦਾਰ ਸਿਰਫ਼ ਹਲਕਾ-ਫੁਲਕਾ ਨਾ ਹੋਵੇ। ਮੈਂ ਚਾਹੁੰਦੀ ਸੀ ਕਿ ਉਸ ’ਚ ਦਮ ਹੋਵੇ ਤਾਂ ਜੋ ਮੈਂ ਆਪਣੀ ਐਕਟਿੰਗ ਦਾ ਪੂਰਾ ਦਾਇਰਾ ਦਿਖਾ ਸਕਾਂ। ਜਿਵੇਂ-ਜਿਵੇਂ ਸ਼ੂਟਿੰਗ ਅੱਗੇ ਵਧੀ, ਟੀਮ ਨੂੰ ਵੀ ਮੇਰੀ ਸਮਰੱਥਾ ਦਾ ਅੰਦਾਜ਼ਾ ਹੋਇਆ। ਉਨ੍ਹਾਂ ਨੇ ਮੈਨੂੰ ਕਾਫ਼ੀ ਆਜ਼ਾਦੀ ਦਿੱਤੀ ਕਿ ਮੈਂ ਇੰਪ੍ਰੋਵਾਈਜ਼ ਕਰ ਸਕਾਂ। ਹੌਲੀ-ਹੌਲੀ ਮੇਰਾ ਕਿਰਦਾਰ ਹੋਰ ਮਜ਼ਬੂਤ ਹੁੰਦਾ ਗਿਆ। ਬਾਅਦ ’ਚ ਉਨ੍ਹਾਂ ਨੇ ਮੈਨੂੰ ਦੋ ਗਾਣੇ ਵੀ ਦਿੱਤੇ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਮੈਂ ਡਾਂਸ ਵੀ ਚੰਗੀ ਤਰ੍ਹਾਂ ਕਰ ਸਕਦੀ ਹਾਂ।

Q. ਕੀ ਤੁਸੀਂ ਖ਼ੁਦ ਕਦੇ ਨਿਰਮਾਤਾਵਾਂ ਨੂੰ ਕਿਹਾ ਕਿ ਮੈਨੂੰ ਵੀ ਇਕ ਗਾਣਾ ਦਿਓ?

ਮੈਂ ਕਿਸੇ ਨੂੰ ਕੁਝ ਨਹੀਂ ਕਿਹਾ। ਮੈਂ ਸਿਰਫ਼ ਉੱਪਰ ਵਾਲੇ ਨੂੰ ਕਿਹਾ ਸੀ। ਬਾਕੀ ਪ੍ਰੋਡਿਊਸਰਾਂ ਨੇ ਨਿਰਦੇਸ਼ਕ ਇੰਦੂ ਜੀ ਨੂੰ ਕਿਹਾ ਕਿ ਗਾਣੇ ਚਾਹੀਦੇ ਹਨ ਤੇ ਫਿਰ ਉਨ੍ਹਾਂ ਨੇ ਮੈਨੂੰ ਮੌਕਾ ਦੇ ਦਿੱਤਾ। ਮੈਨੂੰ ਨਹੀਂ ਪਤਾ ਉਨ੍ਹਾਂ ਦੀ ਸੋਚ ਕੀ ਸੀ ਪਰ ਜੋ ਵੀ ਮਿਲਿਆ, ਮੈਂ ਪੂਰੇ ਦਿਲ ਨਾਲ ਪ੍ਰਵਾਨ ਕੀਤਾ।

Q. ਕੀ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ’ਤੇ ਤੁਹਾਡੀ ਮੌਜੂਦਗੀ ਨੇ ਵੀ ਇਸ ’ਚ ਮਦਦ ਕੀਤੀ?

ਉਮੀਦ ਤਾਂ ਇਹੋ ਹੈ। ਮੈਂ ਹਮੇਸ਼ਾ ਖ਼ੁਦ ਨੂੰ ਤਿਆਰ ਰੱਖਦੀ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਅਗਲਾ ਮੌਕਾ ਕਦੋਂ ਤੇ ਕਿਸ ਰੂਪ ’ਚ ਆਵੇਗਾ। ਇਕ ਅਦਾਕਾਰ ਦਾ ਕੰਮ ਖ਼ੁਦ ਨੂੰ ਹਰ ਤਰ੍ਹਾਂ ਦੇ ਕਿਰਦਾਰ ਲਈ ਤਿਆਰ ਰੱਖਣਾ ਹੈ। ਮੈਂ ਕਦੇ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਨੂੰ ਇਹ ਨਹੀਂ ਆਉਂਦਾ ਜਾਂ ਮੈਂ ਇਹ ਨਹੀਂ ਕਰ ਸਕਦੀ। ਮੈਂ ਹਰ ਮੌਕੇ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੁੰਦੀ ਹਾਂ।

Q. ‘ਧਮਾਲ-4’ ਦੇ ਸੈੱਟ ’ਤੇ ਸਭ ਤੋਂ ਜ਼ਿਆਦਾ ਇੰਪ੍ਰੋਵਾਈਜ਼ ਕੌਣ ਕਰਦਾ ਸੀ?

ਅਰਸ਼ਦ ਵਾਰਸੀ ਸਰ ਹਮੇਸ਼ਾ ਇੰਪ੍ਰੋਵਾਈਜ਼ ਕਰਦੇ ਹਨ। ਉਹ ਮੌਕੇ ’ਤੇ ਹੀ ਸ਼ਾਨਦਾਰ ਵਨ-ਲਾਈਨਰਜ਼ ਬੋਲ ਦਿੰਦੇ ਹਨ। ਫ਼ਿਲਮ ’ਚ ਜਦੋਂ ਮੈਂ ਰਿਤੇਸ਼ ਉੱਪਰ ਡਿੱਗਦੀ ਹਾਂ ਤੇ ਉਹ ਕਹਿੰਦੇ ਹਨ ‘ਪਚਕ ਗਿਆ ਯੇਹ’, ਉਹ ਸਭ ਉਨ੍ਹਾਂ ਨੇ ਉੱਥੇ ਹੀ ਬਣਾਇਆ ਸੀ। ਉਨ੍ਹਾਂ ਦੀ ਇਹੋ ਖ਼ਾਸੀਅਤ ਹੈ ਕਿ ਦਰਸ਼ਕ ਜੋ ਸੋਚ ਵੀ ਨਹੀਂ ਰਹੇ ਹੁੰਦੇ, ਉਹ ਉਹੀ ਗੱਲ ਬੋਲ ਦਿੰਦੇ ਹਨ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਆਸਾਨ ਤੇ ਮਜ਼ੇਦਾਰ ਹੈ।

Q. ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਅੱਜ ਵੀ ਕਿਸ ਦੇ ਨਾਲ ਸਭ ਤੋਂ ਜ਼ਿਆਦਾ ਸੰਪਰਕ ਬਣਿਆ ਹੋਇਆ ਹੈ?

ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਫ਼ਿਲਮ ਦੀ ਇਕ ਵੀ ਪਾਰਟੀ ਨਹੀਂ ਹੋਈ। ਹੁਣ ਉਮੀਦ ਹੈ ਕਿ ਸਫ਼ਲਤਾ ਦੀ ਪਾਰਟੀ ਜ਼ਰੂਰ ਹੋਵੇਗੀ। ਜੇਕਰ ਹੋਵੇਗੀ ਤਾਂ ਸ਼ਾਇਦ ਮੈਂ ਫਿਰ ਗੁਲਾਬੀ ਸਾੜ੍ਹੀ ਪਹਿਨਾਂਗੀ। ਜਿੱਥੋਂ ਤੱਕ ਦੋਸਤੀ ਦੀ ਗੱਲ ਹੈ, ਰਿਤੇਸ਼ ਦੇਸ਼ਮੁਖ ਨਾਲ ਅੱਜ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਫ਼ੋਨ ਕਰ ਕੇ ਕਿਹਾ ਕਿ ਮੈਂ ਬਹੁਤ ਚੰਗਾ ਕੰਮ ਕੀਤਾ ਹੈ। ਮੈਂ ਵੀ ਉਨ੍ਹਾਂ ਨੂੰ ਇਹੋ ਕਿਹਾ। ਇਸ ਤੋਂ ਇਲਾਵਾ ਮੈਂ ਇੰਦੂ ਜੀ ਨਾਲ ਗੱਲ ਕਰਦੀ ਰਹਿੰਦੀ ਹਾਂ। ਅਸ਼ੋਕ ਜੀ ਵੀ ਹਮੇਸ਼ਾ ਬਹੁਤ ਪਿਆਰ ਨਾਲ ਮਿਲਦੇ ਹਨ।

ਪਹਿਲਾ ਮੌਕਾ ਸੰਜੋਗ ਸੀ, ਕਰੀਅਰ ਮਿਹਨਤ ਨੇ ਬਣਾਇਆ

Q. ਟੀਵੀ ’ਚ ਪਹਿਲਾ ਵੱਡਾ ਮੌਕਾ ਮਿਲਣਾ ਕਿੰਨਾ ਮੁਸ਼ਕਿਲ ਸੀ?

ਮੇਰੇ ਲਈ ਇਹ ਸਫ਼ਰ ਬੁਹਤ ਹੀ ਆਸਾਨ ਰਿਹਾ। ਮੈਂ ਪਹਿਲਾਂ ਵੈਡਿੰਗ ਤੇ ਸੰਗੀਤ ਦੀ ਕੋਰੀਓਗ੍ਰਾਫ਼ੀ ਕਰਦੀ ਸੀ ਤੇ ਉਸੇ ਤੋਂ ਆਪਣੀ ਕਮਾਈ ਕਰ ਰਹੀ ਸੀ। ਮੈਂ ਬੈਰੀ ਜੌਨ ਐਕਟਿੰਗ ਸਕੂਲ ਤੋਂ ਟ੍ਰੇਨਿੰਗ ਪੂਰੀ ਕੀਤੀ ਸੀ ਪਰ ਉੱਥੋਂ ਨਿਕਲਦੇ ਹੀ ਕੰਮ ਨਹੀਂ ਮਿਲ ਜਾਂਦਾ। ਇਸ ਲਈ ਮੈਂ ਵਾਪਸ ਕੋਰੀਓਗ੍ਰਾਫ਼ੀ ਕਰਨ ਲੱਗੀ ਕਿਉਂਕਿ ਜ਼ਿੰਦਗੀ ਵੀ ਚਲਾਉਣੀ ਸੀ। ਇਕ ਦਿਨ ਮੈਂ ਕੈਫ਼ੇ ’ਚ ਬੈਠੀ ਸੀ ਉਦੋਂ ਹੀ ਨਿਰਮਾਤਾ ਸੰਦੀਪ ਸਿਕੰਦ ਨੇ ਮੈਨੂੰ ਦੇਖਿਆ। ਉਹ ਮੇਰੇ ਕੋਲ ਆਏ ਤੇ ਪਹਿਲਾ ਸਵਾਲ ਇਹੋ ਪੁੱਛਿਆ ਕਿ, “ਕੀ ਤੁਸੀਂ ਮੇਰੀ ਹੀਰੋਇਨ ਬਣਨਾ ਚਾਹੋਗੀ?” ਅਜਿਹਾ ਬਹੁਤ ਘੱਟ ਲੋਕਾਂ ਨਾਲ ਹੁੰਦਾ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਮੈਨੂੰ ਤੁਰੰਤ ਕੰਮ ਨਹੀਂ ਮਿਲਿਆ। ਮੈਨੂੰ ਕਰੀਬ ਅੱਠ ਮਹੀਨੇ ਤੱਕ ਆਪਣੀ ਐਕਟਿੰਗ ਸਾਬਤ ਕਰਨੀ ਪਈ। ਆਖ਼ਰ ’ਚ ਮਾਅਨੇ ਤੁਹਾਡੀ ਮਿਹਨਤ ਤੇ ਤੁਹਾਡਾ ਹੁਨਰ ਹੀ ਰੱਖਦਾ ਹੈ। ਇਕ-ਦੋ ਮੌਕੇ ਕਿਸੇ ਵਜ੍ਹਾ ਨਾਲ ਮਿਲ ਸਕਦੇ ਹਨ ਪਰ ਲੰਬੇ ਸਮੇਂ ਤੱਕ ਟਿਕੇ ਰਹਿਣ ਲਈ ਸਿਰਫ਼ ਤੁਹਾਡਾ ਕੰਮ ਹੀ ਕੰਮ ਆਉਂਦਾ ਹੈ।


author

cherry

Content Editor

Related News