ਅੱਜ ਮਨਾਈ ਜਾ ਰਹੀ ਸਿੱਧੂ ਮੂਸੇਵਾਲਾ ਦੀ ਬਰਸੀ ! ਮੌਤ ਤੋਂ ਬਾਅਦ ਵੀ ਫੈਨਜ਼ ਦੇ ਦਿਲਾਂ 'ਚ ਧੜਕ ਰਿਹੈ Legend

Thursday, May 28, 2026 - 10:55 AM (IST)

ਅੱਜ ਮਨਾਈ ਜਾ ਰਹੀ ਸਿੱਧੂ ਮੂਸੇਵਾਲਾ ਦੀ ਬਰਸੀ ! ਮੌਤ ਤੋਂ ਬਾਅਦ ਵੀ ਫੈਨਜ਼ ਦੇ ਦਿਲਾਂ 'ਚ ਧੜਕ ਰਿਹੈ Legend

ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਅੱਜ ਪੂਰੀ ਦੁਨੀਆ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਬਰਸੀ 29 ਮਈ ਨੂੰ ਹੁੰਦੀ ਹੈ, ਪਰ ਇਸ ਵਾਰ ਪਰਿਵਾਰ ਨੇ ਇਕ ਦਿਨ ਪਹਿਲਾਂ, ਭਾਵ 28 ਮਈ ਨੂੰ ਸਿੱਧੂ ਦੀ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ।

ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਪਰਿਵਾਰ ਵੱਲੋਂ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਪ੍ਰਸ਼ੰਸਕ ਆਪਣੇ ਮਹਿਬੂਬ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ, ਜਜ਼ਬਾਤਾਂ ਅਤੇ ਰੈਪ ਦਾ ਅਜਿਹਾ ਸੁਮੇਲ ਪੇਸ਼ ਕੀਤਾ ਸੀ, ਜਿਸ ਨੇ ਗਲੋਬਲ ਪੱਧਰ 'ਤੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਦੇ ਗੀਤ ਜਿਵੇਂ ਕਿ "So High", "295", ਅਤੇ "Old Skool" ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। 

ਹਾਲਾਂਕਿ ਸਿੱਧੂ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਪੂਰੀ ਦੁਨੀਆ 'ਚ ਗੂੰਜ ਰਹੀ ਹੈ। ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਅਨਰਿਲੀਜ਼ਡ ਗੀਤਾਂ ਅਤੇ ਪ੍ਰੋਜੈਕਟਾਂ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਿੱਧੂ ਦੇ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਮੂਸਾ ਪਿੰਡ ਵਿੱਚ ਜੁੜਿਆ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਸਿੱਧੂ ਮੂਸੇਵਾਲਾ ਦੀ ਵਿਰਾਸਤ ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਲੋਕਾਂ ਦੇ ਦਿਲਾਂ ਵਿੱਚ ਡੂੰਘੀ ਵਸੀ ਹੋਈ ਹੈ।


author

Sunaina

Content Editor

Related News