ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

Monday, Oct 05, 2026 - 10:08 AM (IST)

ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਥਾਪੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਸਾਹਮਣੇ ਆਉਂਦੇ ਹੀ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ। ਫ਼ਿਲਮ ਵਿਚ ਪੰਜਾਬ ਦੇ ਪੇਂਡੂ ਮਾਹੌਲ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ, ਔਰਤਾਂ ਦੇ ਸੰਘਰਸ਼, ਕਬੱਡੀ ਅਤੇ ਆਪਣੇ ਹੱਕ ਲਈ ਲੜਨ ਦੀ ਕਹਾਣੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਫ਼ਿਲਮ ਵਿਚ ਨੀਰੂ ਬਾਜਵਾ ਅਤੇ ਬਾਲੀਵੁੱਡ ਅਦਾਕਾਰ ਸੰਨੀ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਟ੍ਰੇਲਰ ਵਿਚ ਨੀਰੂ ਬਾਜਵਾ ਦਾ ਕਿਰਦਾਰ ਇਕ ਅਜਿਹੀ ਔਰਤ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜੋ ਮੁਸ਼ਕਲ ਹਾਲਾਤ ਦੇ ਬਾਵਜੂਦ ਹਾਰ ਨਹੀਂ ਮੰਨਦੀ ਅਤੇ ਪਿੰਡ ਦੀਆਂ ਕੁੜੀਆਂ ਨੂੰ ਕਬੱਡੀ ਦੇ ਮੈਦਾਨ ’ਚ ਅੱਗੇ ਲਿਆਉਣ ਲਈ ਡਟ ਕੇ ਖੜ੍ਹੀ ਰਹਿੰਦੀ ਹੈ।

‘ਥਾਪੀ’ ਦੀ ਕਹਾਣੀ ਪਰਿਵਾਰਕ ਵਿਰਾਸਤ ਅਤੇ ਕਬੱਡੀ ਦੇ ਆਲੇ-ਦੁਆਲੇ ਘੁੰਮਦੀ ਹੈ। ਪਿੰਡ ਦੀਆਂ ਛੇ ਕੁੜੀਆਂ ਨੂੰ ਕਬੱਡੀ ਦੇ ਮੈਦਾਨ ਵਿਚ ਆਪਣੀ ਪਛਾਣ ਬਣਾਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਸਮਾਜਿਕ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਟ੍ਰੇਲਰ ਵਿਚ ਇਨ੍ਹਾਂ ਕੁੜੀਆਂ ਦੇ ਹੌਸਲੇ, ਮਿਹਨਤ ਅਤੇ ਜਿੱਤ ਦੀ ਤਾਂਘ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਕਹਾਣੀ ਦਾ ਰੋਮਾਂਚ ਉਸ ਸਮੇਂ ਹੋਰ ਵਧ ਜਾਂਦਾ ਹੈ ਜਦੋਂ ਇਨ੍ਹਾਂ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਕੌਮੀ ਟੀਮ ਨਾਲ ਹੁੰਦਾ ਹੈ।

‘ਥਾਪੀ’ ਸਿਰਫ਼ ਕਬੱਡੀ ਦੀ ਖੇਡ ਤੱਕ ਸੀਮਤ ਨਹੀਂ ਹੈ, ਸਗੋਂ ਇਹ ਔਰਤਾਂ ਦੀ ਸਮਰੱਥਾ, ਆਤਮ-ਵਿਸ਼ਵਾਸ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੀਤੇ ਜਾਣ ਵਾਲੇ ਸੰਘਰਸ਼ ਦੀ ਗੱਲ ਕਰਦੀ ਹੈ। ਟ੍ਰੇਲਰ ਵਿਚ ਪਰਿਵਾਰਕ ਤਣਾਅ, ਭਾਵਨਾਤਮਕ ਪਲਾਂ ਅਤੇ ਕਬੱਡੀ ਦੇ ਜੋਸ਼ ਭਰੇ ਦ੍ਰਿਸ਼ਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ।

ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਜਗਦੀਪ ਵੜਿੰਗ ਨੇ ਕੀਤਾ ਹੈ, ਜਦਕਿ ਫ਼ਿਲਮ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਹਨ। ਫ਼ਿਲਮ ਵਿਚ ਨੀਰੂ ਬਾਜਵਾ ਅਤੇ ਸੰਨੀ ਸਿੰਘ ਤੋਂ ਇਲਾਵਾ ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ, ਸਾਵਣ ਰੂਪੋਵਾਲੀ, ਪਵਨ ਜੋਹਲ, ਸਿਮਰਨ ਚਾਹਲ, ਨਿਕਿਤਾ ਗਰੋਵਰ, ਪਰਵੀਨ ਖ਼ਾਨ, ਸੀਮਾ ਕੌਸ਼ਲ, ਮਲਕੀਤ ਰੌਣੀ, ਕੇਵਲ ਧਾਲੀਵਾਲ, ਸਾਹਿਬ ਸਿੰਘ, ਤਰਸੇਮ ਪਾਲ, ਗੋਪੀ ਭੱਲਾ ਅਤੇ ਰਵਿੰਦਰ ਮੰਡ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਫ਼ਿਲਮ ਦੇ ਸੰਗੀਤ ਵਿਚ ਵੀ ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ। ਇਸ ਵਿਚ ਜੋਤੀ ਨੂਰਾਂ, ਸਿਮਰਨ ਕੌਰ ਧਾਂਦਲੀ, ਅਫ਼ਸਾਨਾ ਖ਼ਾਨ, ਜਸਲੀਨ ਕੌਰ, ਦੀਪਕ ਢਿੱਲੋਂ ਅਤੇ ਸਿਮਰ ਕੌਰ ਸ਼ਾਮਲ ਹਨ। ਗੀਤਾਂ ਦੇ ਬੋਲ ਹੈਪੀ ਰਾਏਕੋਟੀ ਅਤੇ ਹਰਮਨਜੀਤ ਸਿੰਘ ਨੇ ਲਿਖੇ ਹਨ। ‘ਥਾਪੀ’ ਫ਼ਿਲਮ 16 ਅਕਤੂਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।


author

cherry

Content Editor

Related News