ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ
Thursday, Sep 30, 2021 - 12:34 PM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਖ਼ਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ ਭਾਰਤ ’ਚ ਬੈਨ ਹੋ ਗਈ ਹੈ। ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਸ਼ਨ ਨਹੀਂ ਮਿਲੀ ਹੈ। ਇਸ ਦੇ ਬੈਨ ਹੋਣ ਦੇ ਵੱਖ-ਵੱਖ ਕਾਰਨ ਦੱਸੇ ਜਾ ਰਹੇ ਸਨ ਪਰ ਸਿੱਧੂ ਮੂਸੇ ਵਾਲਾ ਨੇ ਪੋਸਟ ਸਾਂਝੀ ਕਰਕੇ ਖ਼ੁਦ ਫ਼ਿਲਮ ਬੈਨ ਹੋਣ ਦੇ ਅਸਲ ਕਾਰਨ ਦੱਸੇ ਹਨ।
ਇਹ ਖ਼ਬਰ ਵੀ ਪੜ੍ਹੋ : ਅੰਤ੍ਰਿਮ ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਫ਼ਿਲਮ ਦੇ ਬੈਨ ਹੋਣ ਦੇ ਕਾਰਨਾਂ ਦੀ ਗੱਲ ਕੀਤੀ ਹੈ। ਸਿੱਧੂ ਪਹਿਲੀ ਸਟੋਰੀ ’ਚ ਲਿਖਦੇ ਹਨ, ‘ਇਹ ਕੋਈ ਨਵੀਂ ਗੱਲ ਨਹੀਂ, ਜੋ ਅੱਜ ਮੇਰੇ ਨਾਲ ਹੋਈ। ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਸੀ, ਉਦੋਂ ਵੀ ਮੈਂ ਬਹੁਤ ਚੀਜ਼ਾਂ ਦਾ ਸਾਹਮਣਾ ਕੀਤਾ ਸੀ ਤੇ ਸਾਬਿਤ ਕੀਤਾ ਸੀ ਕਿ ਕੋਈ ਆਮ ਬੰਦਾ ਬਿਨਾਂ ਸ਼ਕਲ-ਸੂਰਤ ਤੋਂ ਆਪਣੇ ਟੈਲੇਂਟ ਦੇ ਦਮ ’ਤੇ ਦੁਨੀਆ ’ਤੇ ਨਾਂ ਬਣਾ ਸਕਦਾ। ਉਦੋਂ ਵੀ ਬਹੁਤ ਲੋਕ ਕਹਿੰਦੇ ਸੀ ਕਿ ਇਹ ਕੱਲ ਦਾ ਜਵਾਕ ਹੈ, ਇਸ ਨੇ ਕੀ ਕਰਨਾ ਤੇ ਇਹ ਦੁਨੀਆ ਦਾ ਦਸਤੂਰ ਹੈ, ਜਦੋਂ ਤੁਸੀਂ ਕੁਝ ਵੀ ਆਪਣਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਦਬਾਉਣ ਦੀਆਂ ਤੇ ਰੋਕਣ ਦੀਆਂ ਸਾਜ਼ਿਸ਼ਾਂ ਕਰਦੀ ਹੈ। ਮੈਂ ਇਸ ਚੀਜ਼ ਲਈ ਸ਼ੁਰੂ ਤੋਂ ਹੀ ਤਿਆਰ ਰਿਹਾ ਹਾਂ। ਅੱਜ ਵੀ ਮੈਨੂੰ ਕਈ ਫ਼ਿਲਮ ਇੰਡਸਟਰੀ ਦੇ ਲੋਕ ਇਹ ਕਹਿ ਰਹੇ ਹਨ ਕਿ ਇਹ ਤਾਂ ਨਵੇਂ ਹਨ, ਇਨ੍ਹਾਂ ਨੇ ਕੀ ਕਰਨਾ। ਅਸੀਂ ਪੁਰਾਣੇ ਹਾਂ, ਅਸੀਂ ਬਹੁਤ ਦੁਨੀਆ ਦੇਖੀ ਪਰ ਮੈਂ ਇਕੋ ਗੱਲ ਫਿਰ ਕਹਿੰਦਾ ਕਿ ਇਹ ਦੁਨੀਆਦਾਰੀ ਹੈ, ਇਥੇ ਨਵੇਂ ਹੀ ਪੁਰਾਣੇ ਹੁੰਦੇ ਤੇ ਇਹ ਮੇਰੀ ਪਹਿਲੀ ਫ਼ਿਲਮ ਹੈ, ਆਖਰੀ ਨਹੀਂ।’
ਸਿੱਧੂ ਨੇ ਅੱਗੇ ਲਿਖਿਆ, ‘ਕੋਈ ਦਿੱਕਤ ਨਹੀਂ, ਨਾ ਕਦੇ ਆਪਾਂ ਮੁਕਾਬਲੇ ਤੋਂ ਭੱਜੇ ਹਾਂ ਤੇ ਨਾ ਕਦੇ ਭੱਜਣਾ। ਇਕ ਫ਼ਿਲਮ ਦਾ ਸੈਂਸਰ ਨਹੀਂ ਮਿਲਿਆ, ਕੋਈ ਗੱਲ ਨਹੀਂ। ਦੂਜੀ ਆਊ ਤੇ ਦੂਜੀ ਤੋਂ ਬਾਅਦ ਤੀਜੀ ਵੀ ਆਊ ਤੇ ਜਿੰਨੀ ਵਾਰ ਰੋਕਣ ਦੀ ਜਾਂ ਦਬਾਉਣ ਦੀ ਕੋਸ਼ਿਸ਼ ਕਰੋਗੇ, ਉਨੀ ਵਾਰ ਤੁਹਾਡੇ ਉੱਪਰੋਂ ਹੋ ਕੇ ਆਊਂਗਾ। ਬਾਕੀ ਰਹੀ ਗੱਲ ਭੱਜਣ-ਭਜਾਉਣ ਦੀ, ਅੱਜ ਤੋਂ ਬਾਅਦ ਜਿੰਨੀਆਂ ਫ਼ਿਲਮਾਂ ਆਉਣਗੀਆਂ, ਇਕੋ ਟਾਈਮ ’ਤੇ ਆਉਣਗੀਆਂ ਤੇ ਜਿੰਨੇ ਖੇਡ-ਖਡਈਆ ਕਰਨਾ ਖੁੱਲ੍ਹ ਕੇ ਕਰੋ ਤੇ ਦੱਸ ਕੇ ਕਰੋ। ਜਿਹੜੇ ਕਹਿੰਦੇ ਹਨ ਕਿ ਡੇਟ ਚੇਂਜ ਹੋ ਗਈ। ਡੇਟ ਨਾ ਕੱਲ ਚੇਂਜ ਹੋਈ ਨਾ ਅੱਜ ਹੋਈ ਤੇ ਨਾ ਹੀ ਹੋਵੇਗੀ। ਭਾਰਤ ਨੇ ਸੈਂਸਰ ਨਹੀਂ ਦਿੱਤਾ, ਇਥੇ ਨਹੀਂ ਹੁੰਦੀ ਨਾ ਹੋਵੇ, ਬਾਹਾਰ ਸਭ ਕਿਤੇ ਰਿਲੀਜ਼ ਹੋਊ ਫ਼ਿਲਮ ਕਿਉਂਕਿ ਇਹ ਫ਼ਿਲਮ ਕਿਸਾਨਾਂ ਦੇ ਹੱਕ ’ਚ ਬਣੀ ਹੈ ਤੇ ਉਹ ਇਹ ਗੱਲ ਦੇ ਖ਼ਿਲਾਫ ਹਨ ਪਰ ਅਸੀਂ ਫ਼ਿਲਮ ਨਹੀਂ ਕੱਟੀ, ਅਸੀਂ ਰਿਲੀਜ਼ ਕਰ ਰਹੇ ਹਾਂ ਵਰਲਡਵਾਈਡ।’
ਫ਼ਿਲਮ ਦੇ ਬੈਨ ਹੋਣ ਦੇ ਕਾਰਨ ਦੱਸਦਿਆਂ ਸਿਧੂ ਨੇ ਦੂਜੀ ਸਟੋਰੀ ’ਚ ਲਿਖਿਆ, ‘ਕਈ ਬੰਦੇ ਕਹਿਣਗੇ ਕਿ ਇਹ ਕੰਟਰੋਵਰਸੀ ਕਰਦੇ ਹਨ। ਸੱਚੀ ਗੱਲ ਇਹ ਹੈ ਕਿ ਸਾਡੇ ਤੋਂ ਚੰਗਾ ਹੋਣ ਦਾ ਡਰਾਮਾ ਨਹੀਂ ਹੁੰਦਾ। ਜੋ ਵੀ ਹੈ ਸਭ ਦੇ ਮੂਹਰੇ ਹੈ ਤੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਕੇ ਅੰਦਰੋ ਸਕੀਮਾਂ ਕਰਨ ਦੀ ਆਦਤ ਨਹੀਂ ਮੇਰੀ। ਜੇ ਕਿਸੇ ਦੇ ਖ਼ਿਲਾਫ਼ ਵੀ ਹਾਂ ਤਾਂ ਉਸ ਦੇ ਮੂਹ ’ਤੇ ਹਾਂ। ਬਾਕੀ ‘ਮੂਸਾ ਜੱਟ’ ਦੇ ਸੈਂਸਰ ਨਾ ਹੋਣ ਦੇ ਦੋ ਕਾਰਨ ਹਨ। ਇਕ ਤਾਂ ਫ਼ਿਲਮ ਕਿਸਾਨਾਂ ਦੇ ਹੱਕਾਂ ਦੀ ਸੁਪੋਰਟ ਕਰਦੀ ਸੀ ਤੇ ਦੂਜਾ ਕਾਰਨ ਇਹ ਹੈ ਕਿ ‘ਮੂਸਾ ਜੱਟ’ ਮੇਰੀ ਪਹਿਲੀ ਫ਼ਿਲਮ ਹੈ। ਦੁਨੀਆ ਭਰ ’ਚ 1 ਤਾਰੀਖ਼ ਨੂੰ ਰਿਲੀਜ਼ ਹੋਣੀ, ਬਸ ਭਾਰਤ ਨੂੰ ਛੱਡ ਕੇ। ਅਸੀਂ ਫ਼ਿਲਮ ’ਚ ਕੱਟ ਵੀ ਲਗਾ ਸਕਦੇ ਸੀ ਪਰ ਜ਼ਮੀਰ ਨਹੀਂ ਇਜਾਜ਼ਤ ਦਿੰਦਾ। ਇਸੇ ਕਰਕੇ ਅਸੀਂ ਇਸ ਨੂੰ ਬਾਹਰ ਹੀ ਰਿਲੀਜ਼ ਕਰ ਰਹੇ ਹਾਂ ਤੇ ਅਸੀਂ ਲੜਾਈ ਲੜਾਂਗੇ ਕੋਰਟ ’ਚ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।