ਜਲਦ ਤਿਆਰ ਹੋਵੇਗਾ ਸਿੱਧੂ ਦਾ ਹੋਲੋਗ੍ਰਾਮ, ਮਾਂ ਚਰਨ ਕੌਰ ਨੇ ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਕੀਤੀ ਇਹ ਅਪੀਲ

Sunday, May 21, 2023 - 03:48 PM (IST)

ਜਲਦ ਤਿਆਰ ਹੋਵੇਗਾ ਸਿੱਧੂ ਦਾ ਹੋਲੋਗ੍ਰਾਮ, ਮਾਂ ਚਰਨ ਕੌਰ ਨੇ ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਕੀਤੀ ਇਹ ਅਪੀਲ

ਮਾਨਸਾ (ਪਰਮਦੀਪ ਰਾਣਾ)– ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਮੂਸੇ ਵਾਲਾ ਦਾ ਹੋਲੋਗ੍ਰਾਮ ਜਲਦ ਤਿਆਰ ਹੋਵੇਗਾ। ਇਸ ਦੇ ਨਾਲ ਹੀ ਚਰਨ ਕੌਰ ਨੇ ਸਿੱਧੂ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ, ਸਿੱਧੂ ਦੀ ਬਰਸੀ ਤੇ ਸਿੱਧੂ ਦੀ ਆਵਾਜ਼ ਨਾਲ ਗੀਤ ਬਣਾਉਣ ਵਾਲੇ ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਬੇਨਤੀ ਕੀਤੀ ਹੈ।

ਬੋਲ ਕੇ ਸਾਡੇ ਤੋਂ ਮੁਆਫ਼ੀ ਨਾ ਮੰਗੋ
ਚਰਨ ਕੌਰ ਨੇ ਕਿਹਾ, ‘‘2 ਫ਼ੀਸਦੀ ਲੋਕ ਸ਼ੁੱਭ ਨੂੰ ਪਹਿਲਾਂ ਵੀ ਪਸੰਦ ਨਹੀਂ ਕਰਦੇ ਸਨ, ਉਹ ਚੁੱਪ ਜ਼ਰੂਰ ਸਨ ਪਰ ਸਮੇਂ-ਸਮੇਂ ’ਤੇ ਉਹ ਜ਼ਹਿਰ ਉਗਲ ਰਹੇ ਹਨ। ਉਨ੍ਹਾਂ ਦੇ ਦਿਮਾਗ ’ਚ ਜੋ ਜ਼ਹਿਰ ਹੈ, ਉਹ ਉਗਲਣ, ਸਾਡਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ ਤੇ ਸਮਾਂ ਤੁਹਾਨੂੰ ਜਵਾਬ ਦੇਵੇਗਾ। ਬੋਲੋ ਤੇ ਬੋਲ ਕੇ ਸਾਡੇ ਤੋਂ ਮੁਆਫ਼ੀ ਮੰਗਣ ਦੀ ਕੋਸ਼ਿਸ਼ ਨਾ ਕਰੋ, ਉਹ ਸਾਡੇ ਤੋਂ ਨਹੀਂ ਹੋਣੀ।’’

ਸਾਲ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਪਿਆ
ਉਨ੍ਹਾਂ ਕਿਹਾ, ‘‘ਜਦੋਂ ਕਿਸੇ ਪਾਸੇ ਕੋਈ ਰਾਹ ਨਹੀਂ ਲੱਭਦਾ ਉਦੋਂ ਪਰਿਵਾਰ ਕੋਲ ਤਾਂ ਭਟਕਣਾ ਹੀ ਹੁੰਦਾ। ਫਿਰ ਅਸੀਂ ਅੱਕ ਕੇ ਕਿਸੇ ਨਾ ਕਿਸੇ ਕੋਲ ਜਾਂਦੇ ਹੀ ਹਾਂ ਪਰ ਸਾਲ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਪਿਆ, ਜਿਥੇ ਸਾਲ ਪਹਿਲਾਂ ਕੇਸ ਖੜ੍ਹਾ ਸੀ, ਉਥੇ ਹੀ ਅੱਜ ਖੜ੍ਹਾ ਹੈ।’’

ਦੋ ਮਹੀਨੇ ਲੇਟ ਹੋ ਸਕਦੈ ਹੋਲੋਗ੍ਰਾਮ
ਸਿੱਧੂ ਦੀ ਬਰਸੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ‘‘ਸਿੱਧੂ ਦੀਆਂ ਦੋ-ਦੋ ਬਰਸੀਆਂ ਇਕੱਠੀਆਂ ਮਨਾਈਆਂ ਜਾ ਰਹੀਆਂ ਹਨ। ਸ਼ੁੱਭ ਦੇ ਪਿਤਾ ਯੂ. ਕੇ. ਗਏ ਹਨ। ਕੁਝ ਸਿੱਧੂ ਦੇ ਹੋਲੋਗ੍ਰਾਮ ਕਰਕੇ ਵੀ ਉਹ ਬਾਹਰ ਗਏ ਹੋਏ ਹਨ। ਕੁਝ ਮੀਟਿੰਗਾਂ ਉਨ੍ਹਾਂ ਦੀਆਂ ਸਨ। ਮਹੀਨਾ-ਦੋ ਮਹੀਨੇ ਹੋਲੋਗ੍ਰਾਮ ਲੇਟ ਹੋ ਸਕਦਾ ਹੈ ਪਰ ਉਸ ਦੀ ਸ਼ੁਰੂਆਤ ਦੀ ਅਸੀਂ ਤਿਆਰੀ ਕਰ ਲਈ ਹੈ।’’

ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਅਪੀਲ
ਅਖੀਰ ’ਚ ਚਰਨ ਕੌਰ ਨੇ ਕਿਹਾ, ‘‘ਸਾਡੀ ਟੀਮ ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਸਮਝਾਉਣ ’ਚ ਲੱਗੀ ਹੋਈ ਹੈ ਤੇ ਜੇਕਰ ਉਹ ਨਾ ਸਮਝੇ ਤਾਂ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਕੋਲ ਸਾਡੇ ਬੱਚੇ ਦੀ ਆਵਾਜ਼ ਹੀ ਬਚੀ ਹੈ। ਤੁਸੀਂ ਹੋਰਨਾਂ ਕਲਾਕਾਰਾਂ ਦੇ ਗੀਤ ਬਣਾ ਕੇ ਚਲਾਓ ਸਾਨੂੰ ਕੋਈ ਇਤਰਾਜ਼ ਨਹੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News