ਸਿਧਾਰਥ ਆਨੰਦ ਤੇ ਮਹਾਵੀਰ ਜੈਨ ਨੇ ਕੀਤਾ ਫਿਲਮ ‘ਵ੍ਹਾਈਟ’ ਦਾ ਐਲਾਨ
Saturday, Apr 26, 2025 - 02:37 PM (IST)

ਮੁੰਬਈ- ‘ਪਠਾਨ’, ‘ਵਾਰ’ ਤੇ ‘ਫਾਈਟਰ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਸਿਧਾਰਥ ਆਨੰਦ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਮਾਰਫਲਿਕਸ ਪਿਕਚਰਜ਼ ਤਹਿਤ ਅਤੇ ‘ਉਂਚਾਈ’ ਅਤੇ ‘ਨਾਗਜ਼ਿਲਾ’ ਵਰਗੀਆਂ ਫਿਲਮਾਂ ਦੇ ਨਿਰਮਾਤਾ ਮਹਾਵੀਰ ਜੈਨ ਦੀ ਮਹਾਵੀਰ ਜੈਨ ਫਿਲਮਜ਼ ਦੇ ਨਾਲ ਮਿਲ ਕੇ ਆਪਣੀ ਅਗਲੀ ਫਿਲਮ ‘ਵ੍ਹਾਈਟ’ ਦਾ ਐਲਾਨ ਕੀਤਾ ਹੈ। ਇਹ ਅੰਤਰਰਾਸ਼ਟਰੀ ਪ੍ਰਾਜੈਕਟ ਹੈ, ਜਿਸ ’ਚ ਅਦਾਕਾਰ ਵਿਕਰਾਂਤ ਮੈਸੀ ਮਸ਼ਹੂਰ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਕੋਲੰਬੀਆ ਵਿਚ ਬਣਾਈ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਜੁਲਾਈ ਵਿਚ ਸ਼ੁਰੂ ਹੋਣ ਦੀ ਯੋਜਨਾ ਹੈ।
ਇਹ ਫਿਲਮ ਇਕ ਵੱਕਾਰੀ ਅੰਤਰਰਾਸ਼ਟਰੀ ਟੀਮ ਨਾਲ ਮਿਲ ਕੇ ਉਸ ਪ੍ਰੇਰਨਾਦਾਇਕ ਕਹਾਣੀ ਨੂੰ ਪਰਦੇ ’ਤੇ ਲਿਆਏਗੀ ਕਿ ਕਿਵੇਂ ਕੋਲੰਬੀਆ ਦੇ 52 ਸਾਲ ਲੰਬੇ ਬੇਰਹਿਮ ਗ੍ਰਹਿ ਯੁੱਧ ਦਾ ਅੰਤ ਹੋਇਆ ਤੇ ਇਕ ਅਜਿਹਾ ਅਧਿਆਇ ਜੋ ਦੁਨੀਆ ਭਰ ’ਚ ਬਹੁਤ ਘੱਟ ਜਾਣਿਆ ਜਾਂਦਾ ਹੈ। ਵ੍ਹਾਈਟ ਦਾ ਨਿਰਦੇਸ਼ਨ ਮਸ਼ਹੂਰ ਫਿਲਮ ਨਿਰਮਾਤਾ ਮੋਂਟੂ ਬਾਸੀ ਕਰ ਰਹੇ ਹਨ ਤੇ ਇਸ ਦਾ ਸਹਿ-ਨਿਰਮਾਣ ਪੀਸਕ੍ਰਾਫਟ ਪਿਕਚਰਜ਼ ਦੇ ਨਾਲ-ਨਾਲ ਸਿਧਾਰਥ ਆਨੰਦ ਤੇ ਮਹਾਵੀਰ ਜੈਨ ਕਰ ਰਹੇ ਹਨ। ਸਿਧਾਰਥ ਆਨੰਦ ਦੀ ‘ਵ੍ਹਾਈਟ’ ਇਸ ਗੱਲ ’ਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕਰੇਗੀ ਕਿ ਕਿਵੇਂ ਪ੍ਰਾਚੀਨ ਭਾਰਤੀ ਗਿਆਨ ਨੇ ਇਤਿਹਾਸ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲਣ ਵਾਲੇ ਸੰਘਰਸ਼ਾਂ ’ਚੋਂ ਇਕ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।