ਸਿਧਾਰਥ ਦੇ ਅੰਤਿਮ ਸੰਸਕਾਰ ਦੌਰਾਨ ਬੇਸੁੱਧ ਹੋ ਜ਼ਮੀਨ 'ਤੇ ਡਿੱਗ ਗਈ ਸੀ ਸ਼ਹਿਨਾਜ਼, ਵਾਇਰਲ ਹੋਈ ਤਸਵੀਰ
Saturday, Sep 04, 2021 - 03:52 PM (IST)
ਮੁੰਬਈ (ਬਿਊਰੋ) : ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਹੈ ਪਰ ਉਨ੍ਹਾਂ ਦੀ ਪ੍ਰੇਮਿਕਾ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਕੁਝ ਜ਼ਿਆਦਾ ਹੀ ਬੁਰਾ ਹਾਲ ਹੈ। 2 ਸਤੰਬਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਸਿਧਾਰਥ ਦੇ ਅੰਤਿਮ ਸੰਸਕਾਰ ਹੋਣ ਤਕ ਸ਼ਹਿਨਾਜ਼ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਲਈ ਇਸ ਸਦਮੇ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ।
'ਬਿੱਗ ਬੌਸ 13' ਦੌਰਾਨ ਸਿਧਾਰਥ ਤੇ ਸ਼ਹਿਨਾਜ਼ 'ਚ ਨਜ਼ਦੀਕੀਆਂ ਵਧੀਆਂ ਸਨ, ਜਿਸ ਨੂੰ ਬਾਅਦ 'ਚ ਸ਼ਹਿਨਾਜ਼ ਨੇ ਖੁੱਲ੍ਹੇ ਤੌਰ 'ਤੇ 'ਪਿਆਰ' ਦਾ ਨਾਂ ਦਿੱਤਾ। ਸ਼ਹਿਨਾਜ਼ ਨਾ ਸਿਰਫ਼ ਸ਼ਰੇਆਮ ਸਿਧਾਰਥ ਲਈ ਆਪਣੇ ਪਿਆਰ ਨੂੰ ਸਵੀਕਾਰ ਕਰਦੀ ਸੀ ਸਗੋਂ ਉਨ੍ਹਾਂ ਦੀ ਇੰਟੀਮੇਸੀ ਸਕ੍ਰੀਨ 'ਤੇ ਵੀ ਦਿਖਾਈ ਦਿੰਦੀ ਸੀ। ਹਾਲਾਂਕਿ ਸਿਧਾਰਥ ਨੇ ਖੁੱਲ੍ਹ ਕੇ ਸ਼ਹਿਨਾਜ਼ ਦੇ ਪਿਆਰ 'ਚ ਹੋਣ ਦੀ ਗੱਲ ਕਦੇ ਕਬੂਲੀ ਨਹੀ, ਉਹ ਹਮੇਸ਼ਾਂ ਸ਼ਹਿਨਾਜ਼ ਨੂੰ ਇਕ ਚੰਗੀ ਦੋਸਤ ਮੰਨਦੇ ਸਨ।
ਅੰਤਿਮ ਸੰਸਕਾਰ ਮੌਕੇ ਬੇਸੁੱਧ ਹੋਈ ਸ਼ਹਿਨਾਜ਼
ਸ਼ਹਿਨਾਜ਼ ਕੌਰ ਗਿੱਲ ਦਾ ਸਿਧਾਰਥ ਨਾਲ ਲਗਾਅ ਇਸ ਕਦਰ ਸੀ ਕਿ ਉਨ੍ਹਾਂ ਦੇ ਜਾਣ ਦਾ ਸਦਮਾ ਉਹ ਸਹਿ ਨਹੀਂ ਪਾ ਰਹੀ। 3 ਸਤੰਬਰ ਨੂੰ ਓਸ਼ੀਵਾੜਾ ਸ਼ਮਸ਼ਾਨਘਾਟ 'ਚ ਸਿਧਾਰਥ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼ਹਿਨਾਜ਼ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਗਈ ਸੀ। ਉਨ੍ਹਾਂ ਦਾ ਪਹਿਲਾਂ ਹੀ ਰੋ-ਰੋ ਕੇ ਬੁਰਾ ਹਾਲ ਸੀ। ਉੱਥੇ ਮੌਜੂਦ ਮੀਡੀਆ ਨੇ ਸ਼ਹਿਨਾਜ਼ ਦੀ ਤਸਵੀਰ ਕੈਮਰੇ 'ਚ ਕੈਦ ਕੀਤੀ, ਜੋ ਸ਼ਹਿਨਾਜ਼ ਦਾ ਦਰਦ ਸਾਫ਼ ਬਿਆਨ ਕਰ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਬਹੁਤੀ ਸਾਫ਼ ਤਾਂ ਨਹੀਂ ਹੈ ਪਰ ਸ਼ਹਿਨਾਜ਼ ਜ਼ਮੀਨ 'ਤੇ ਡਿੱਗੀ ਹੋਈ ਸਾਫ਼ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਦੇ ਹੱਥਾਂ 'ਚ ਸਿਧਾਰਥ ਨੇ ਤੋੜਿਆ ਦਮ
ਖ਼ਬਰਾਂ ਮੁਤਾਬਕ, ਸ਼ਹਿਨਾਜ਼ ਨੇ ਆਪਣੇ ਪਿਤਾ ਸੰਤੋਖ ਸਿੰਘ ਸੁੱਖ ਨੂੰ ਕਿਹਾ, ''ਮੈਂ ਹੁਣ ਕਿਵੇਂ ਜੀਵਾਂਗੀ ਪਾਪਾ, ਉਹ ਮੇਰੇ ਹੱਥਾਂ 'ਚ ਦੁਨੀਆਂ ਛੱਡ ਗਿਆ।'' ਉਸ ਨੇ ਕਿਹਾ, ਪਾਪਾ ਮੇਰੇ ਹੱਥਾਂ 'ਚ ਉਸ ਨੇ ਦਮ ਤੋੜਿਆ ਹੈ। ਉਹ ਮੇਰੇ ਹੱਥਾਂ 'ਚ ਦੁਨੀਆ ਛੱਡ ਕੇ ਗਿਆ। ਮੈਂ ਹੁਣ ਕਿਵੇਂ ਜੀਵਾਂਗੀ, ਕੀ ਕਰਾਂਗੀ?''
ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ, ''ਸ਼ਹਿਨਾਜ਼, ਸਿਧਾਰਥ ਨੂੰ ਸਵੇਰੇ ਨੌਰਮਲੀ ਉਠਾਉਣ ਗਈ ਤਾਂ ਉਸ ਨੇ ਰਿਸਪੌਂਡ ਨਹੀਂ ਕੀਤਾ। ਉਸ ਨੇ ਸਿਧਾਰਥ ਨੂੰ ਗੋਦੀ 'ਚ ਫੜ੍ਹ ਕੇ ਰੱਖਿਆ ਪਰ ਸਿਧਾਰਥ ਨੇ ਫ਼ਿਰ ਵੀ ਕੋਈ ਰਿਸਪੌਂਡ ਨਹੀਂ ਕੀਤਾ। ਫਿਰ ਸ਼ਹਿਨਾਜ਼ ਨੇ ਸਿਧਾਰਥ ਦੇ ਪੂਰੇ ਪਰਿਵਾਰ ਨੂੰ ਬੁਲਾਇਆ, ਜੋ ਉੱਥੇ ਆਸਪਾਸ ਰਹਿੰਦੇ ਹਨ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼ਹਿਨਾਜ਼ ਕਹਿ ਰਹੀ ਹੈ ਕਿ ਹੁਣ ਉਹ ਨਹੀਂ ਹੈ ਤਾਂ ਮੈਂ ਕਿਵੇਂ ਰਹਾਂਗੀ।''
'ਬਿੱਗ ਬੌਸ' ਦੇ ਘਰ ਹੋਈ ਸੀ ਸਿਧਾਰਥ-ਸ਼ਹਿਨਾਜ਼ ਦੀ ਮੁਲਾਕਾਤ
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ‘ਬਿੱਗ ਬੌਸ 13’ ਦੇ ਘਰ ’ਚ ਹੋਈ ਸੀ। ਦੋਵਾਂ ਨੇ ਕਈ ਵਾਰ ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਪਰ ਆਪਣੇ ਰਿਸ਼ਤੇ ਦੀ ਖ਼ਬਰ ’ਤੇ ਅਧਿਕਾਰਕ ਮੋਹਰ ਲਗਾਉਣ ਤੋਂ ਬਚਦੇ ਰਹੇ। ਦੋਵਾਂ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਨਦੀਆਂ ਹਨ।