ਸ਼ਾਹਿਦ ਕਪੂਰ ਅੱਗੇ ਸ਼ਹਿਨਾਜ਼ ਨੇ ਖੋਲ੍ਹੀ ਦਿਲ ਦੀ ਗੱਲ, ਕਿਹਾ- ਮੈਨੂੰ ਬੁਆਏਫ੍ਰੈਂਡ ਚਾਹੀਦਾ ਭਰਾ ਨਹੀਂ

02/10/2023 5:04:37 PM

ਮੁੰਬਈ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਜਦੋਂ 'ਬਿੱਗ ਬੌਸ 13' 'ਚ ਐਂਟਰੀ ਕੀਤੀ ਸੀ, ਉਦੋਂ ਉਸ ਨੂੰ ਕੋਈ ਨਹੀਂ ਜਾਣਦਾ ਸੀ ਪਰ ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਸ਼ਹਿਨਾਜ਼ ਗਿੱਲ ਨੂੰ ਸ਼ੋਅ 'ਚ ਸਿਧਾਰਥ ਸ਼ੁਕਲਾ ਨਾਲ ਪਿਆਰ ਹੋ ਗਿਆ ਸੀ। ਦੋਵੇਂ ਵਧੀਆ ਜੋੜਿਆਂ ਵਿੱਚੋਂ ਇੱਕ ਸਨ। ਸ਼ਹਿਨਾਜ਼ ਅਤੇ ਸਿਧਾਰਥ ਨੂੰ ਉਨ੍ਹਾਂ ਦੇ ਪ੍ਰਸ਼ੰਸਕ 'ਸਿਡਨਾਜ਼' ਕਹਿੰਦੇ ਸਨ।

ਸਿਧਾਰਥ ਨੇ 2 ਸਤੰਬਰ ਨੂੰ ਹਮੇਸ਼ਾ ਛੱਡਿਆ ਸ਼ਹਿਨਾਜ਼ ਦਾ ਸਾਥ
ਸਿਡਨਾਜ਼ ਦੀ ਕੈਮਿਸਟਰੀ ਚੰਗੀ ਚੱਲ ਰਹੀ ਸੀ ਪਰ 2 ਸਤੰਬਰ 2021 ਨੂੰ ਉਹ ਮਾੜਾ ਪਲ ਆਇਆ, ਜਦੋਂ ਸਿਧਾਰਥ ਸ਼ੁਕਲਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ 'ਚ ਆਖ਼ਰੀ ਸਾਹ ਲਿਆ। ਸ਼ਹਿਨਾਜ਼ ਨੂੰ ਇਸ ਦਰਦ ਤੋਂ ਉਭਰਨ 'ਚ ਕਾਫ਼ੀ ਸਮਾਂ ਲੱਗਾ। ਉਦੋਂ ਤੋਂ ਉਹ ਸਿੰਗਲ ਹੈ। ਹਾਲਾਂਕਿ ਉਸ ਦੇ ਤਾਜ਼ਾ ਬਿਆਨ ਤੋਂ ਲੱਗਦਾ ਹੈ ਕਿ ਸ਼ਹਿਨਾਜ਼ ਹੁਣ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਹੈ।

ਸ਼ਹਿਨਾਜ਼ ਨੇ ਸ਼ਾਹਿਦ ਨੂੰ ਮਿਲਾਇਆ ਆਪਣੇ ਭਰਾ ਨਾਲ 
ਦਰਅਸਲ, ਸ਼ਾਹਿਦ ਕਪੂਰ ਸ਼ਹਿਨਾਜ਼ ਗਿੱਲ ਦੇ ਚੈਟ ਸ਼ੋਅ 'ਦੇਸੀ ਵਾਈਬਸ' 'ਚ ਆਪਣੀ ਵੈੱਬ ਸੀਰੀਜ਼ 'ਫਰਜ਼ੀ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਸ਼ਹਿਨਾਜ਼ ਨੇ ਦੱਸਿਆ ਕਿ ਮੇਰਾ ਭਰਾ ਸ਼ਹਿਬਾਜ਼ ਉਸ ਦਾ ਵੱਡਾ ਫੈਨ ਹੈ ਅਤੇ ਉਸ ਨੇ ਆਪਣੀ ਪ੍ਰੇਮਿਕਾ ਨੂੰ ਕਿਹਾ ਹੈ ਕਿ ਉਹ ਸ਼ਾਹਿਦ ਨਾਲ ਸ਼ੂਟਿੰਗ ਕਰਨ ਜਾ ਰਹੀ ਹੈ। ਇਹ ਸੁਣ ਕੇ ਸ਼ਾਹਿਦ ਸ਼ਹਿਨਾਜ਼ ਦੇ ਭਰਾ ਨੂੰ ਫੋਨ ਕਰਦਾ ਹੈ ਅਤੇ ਉਸ ਨਾਲ ਗੱਲ ਕਰਦਾ ਹੈ।

ਮੈਨੂੰ ਭਰਾ ਨਹੀਂ ਬੁਆਏਫ੍ਰੈਂਡ ਚਾਹੀਦਾ ਹੈ : ਸ਼ਹਿਨਾਜ਼ 
ਸ਼ਹਿਬਾਜ਼ ਦੇ ਜਾਣ ਤੋਂ ਬਾਅਦ ਸ਼ਾਹਿਦ ਨੇ ਸ਼ਹਿਨਾਜ਼ ਨੂੰ ਪੁੱਛਿਆ ਕਿ ਦੋਹਾਂ ਭੈਣ-ਭਰਾਵਾਂ ਦੀ ਉਮਰ 'ਚ ਕਿੰਨਾ ਅੰਤਰ ਹੈ। ਸ਼ਹਿਨਾਜ਼ ਦੱਸਦੀ ਹੈ ਕਿ ਉਹ ਆਪਣੇ ਭਰਾ ਤੋਂ 3 ਸਾਲ ਵੱਡੀ ਹੈ। ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਇੰਝ ਲੱਗਦਾ ਹੈ ਕਿ ਉਸ ਦਾ ਭਰਾ ਅਦਾਕਾਰਾ ਤੋਂ ਵੱਡਾ ਹੈ। ਸ਼ਾਹਿਦ ਨੇ ਸ਼ਹਿਨਾਜ਼ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਦਾ ਕਹਿਣਾ ਹੈ ਕਿ ਰੱਬ ਉਸ ਨੂੰ ਸ਼ਹਿਬਾਜ਼ ਵਰਗੇ ਕਈ ਭਰਾ ਦੇਵੇ। ਸ਼ਹਿਨਾਜ਼ ਸ਼ਾਹਿਦ ਦੀ ਇਸ ਗੱਲ 'ਤੇ ਮੂੰਹ ਬਣਾ ਲੈਂਦੀ ਹੈ। ਉਹ ਕਹਿੰਦੀ, "ਮੈਂ ਕਿਉਂ ਭਰਾ ਬਣਾਵਾਂ?" ਸ਼ਾਹਿਦ ਕਹਿੰਦਾ ਹੈ, “ਤੁਹਾਨੂੰ ਚਾਹੀਦਾ ਹੈ। ਤਿੰਨ-ਚਾਰ ਤੁਹਾਡੇ ਮਜ਼ਬੂਤ ਭਰਾ ਹੋਣ, ਜੋ ਹਮੇਸ਼ਾ ਨਾਲ ਖੜ੍ਹੇ ਹੋਣ। ਇਸ 'ਤੇ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਭਰਾ ਦੀ ਨਹੀਂ, ਬੁਆਏਫ੍ਰੈਂਡ ਦੀ ਲੋੜ ਹੈ। ਉਸ ਨੇ ਕਿਹਾ, "ਮੈਨੂੰ ਇੱਕ ਬੁਆਏਫ੍ਰੈਂਡ ਚਾਹੀਦਾ ਹੈ। ਮੈਂ ਉਸ ਲਈ ਬਾਊਂਸਰ ਲੈ ਆਵਾਂਗੀ। ਇੰਨੇ ਭਰਾਵਾਂ ਦਾ ਕੀ ਕਰਨਾ ਹੈ।
 


sunita

Content Editor

Related News