‘ਸੱਤਿਆਪ੍ਰੇਮ ਕੀ ਕਥਾ’ ਨੇ ਐਤਵਾਰ ਨੂੰ ਬਾਕਸ ਆਫਿਸ ’ਤੇ ਮਚਾਇਆ ਧਮਾਕਾ, ਕਮਾਏ ਇੰਨੇ ਕਰੋੜ

07/03/2023 6:05:51 PM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਲਾਕਡਾਊਨ ਤੋਂ ਬਾਅਦ ‘ਭੂਲ ਭੁਲੱਈਆ 2’ ਨਾਲ ਸਿਨੇਮਾਘਰਾਂ ’ਚ ਵਾਪਸ ਆਏ ਤੇ ਜ਼ਬਰਦਸਤ ਹਿੱਟ ਦਿੱਤੀ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਕਾਰਤਿਕ ਤੋਂ ਫ਼ਿਲਮ ਕਾਰੋਬਾਰ ਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਕਾਫੀ ਵੱਧ ਗਈਆਂ ਹਨ ਪਰ ਇਸ ਸਾਲ ਫਰਵਰੀ ’ਚ ਆਈ ਉਨ੍ਹਾਂ ਦੀ ਫ਼ਿਲਮ ‘ਸ਼ਹਿਜ਼ਾਦਾ’ ਉਸ ਤਰ੍ਹਾਂ ਦਾ ਕਮਾਲ ਨਹੀਂ ਕਰ ਸਕੀ, ਜਿਸ ਦੀ ਕਾਰਤਿਕ ਤੋਂ ਉਮੀਦ ਕੀਤੀ ਜਾਂਦੀ ਹੈ। ਬਾਕਸ ਆਫਿਸ ’ਤੇ ‘ਸ਼ਹਿਜ਼ਾਦਾ’ ਦੇ ਫਲਾਪ ਹੋਣ ਤੋਂ ਬਾਅਦ ਲੋਕਾਂ ਦੀਆਂ ਸਾਰੀਆਂ ਉਮੀਦਾਂ ਕਾਰਤਿਕ ਦੀ ਨਵੀਂ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨਾਲ ਜੁੜ ਗਈਆਂ ਸਨ।

‘ਸੱਤਿਆਪ੍ਰੇਮ ਕੀ ਕਥਾ’ ਵੀਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਤੇ ਇਹ ਫ਼ਿਲਮ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਦੇ ਰਹੀ ਹੈ। ਫ਼ਿਲਮ ਨੂੰ ਨਾ ਸਿਰਫ ਆਲੋਚਕਾਂ ਤੋਂ ਚੰਗੀ ਸਮੀਖਿਆ ਮਿਲੀ, ਸਗੋਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਦੇ ਚਲਦਿਆਂ ‘ਸੱਤਿਆਪ੍ਰੇਮ ਕੀ ਕਥਾ’ ਨੂੰ ਚੰਗੀ ਸ਼ੁਰੂਆਤ ਮਿਲੀ ਤੇ ਈਦ ਦੇ ਦਿਨ ਰਿਲੀਜ਼ ਹੋਈ ਫ਼ਿਲਮ ਨੇ ਸ਼ਾਨਦਾਰ ਸ਼ੁਰੂਆਤੀ ਕਮਾਈ ਕੀਤੀ।

ਹੁਣ ਐਤਵਾਰ ਦੇ ਬਾਕਸ ਆਫਿਸ ਕਲੈਕਸ਼ਨ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਸ ਤੋਂ ਪਤਾ ਚੱਲਦਾ ਹੈ ਕਿ ਕਾਰਤਿਕ ਦੀ ਫ਼ਿਲਮ ਨੇ ਚੌਥੇ ਦਿਨ ਵੀ ਜ਼ਬਰਦਸਤ ਕਮਾਈ ਕੀਤੀ ਹੈ। ਐਤਵਾਰ ਨੂੰ ‘ਸੱਤਿਆਪ੍ਰੇਮ ਕੀ ਕਥਾ’ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ, ਜਿਸ ਕਾਰਨ ਇਹ ਫ਼ਿਲਮ ਹੁਣ ਹਿੱਟ ਹੋਣ ਦੇ ਰਾਹ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਕਾਰਤਿਕ ਦੀ ਫ਼ਿਲਮ ਨੇ ਵੀਰਵਾਰ ਨੂੰ 9.25 ਕਰੋੜ ਰੁਪਏ ਦੀ ਓਪਨਿੰਗ ਕਲੈਕਸ਼ਨ ਨਾਲ ਸ਼ੁਰੂਆਤ ਕੀਤੀ। ਸ਼ੁੱਕਰਵਾਰ ਨੂੰ ਕੰਮਕਾਜੀ ਦਿਨ ਹੋਣ ਕਾਰਨ ਫ਼ਿਲਮ ਦੀ ਕਮਾਈ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਤੀਜੇ ਦਿਨ ਸ਼ਨੀਵਾਰ ਨੂੰ ਫ਼ਿਲਮ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਛਲਾਂਗ ਲਗਾਉਂਦਿਆਂ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ‘ਸੱਤਿਆਪ੍ਰੇਮ ਕੀ ਕਥਾ’ ਦੀ ਕਲੈਕਸ਼ਨ ਤਿੰਨ ਦਿਨਾਂ ’ਚ 26 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਹੁਣ ਐਤਵਾਰ ਦੀ ਕਮਾਈ ਦੇ ਅੰਦਾਜ਼ੇ ਦੱਸਦੇ ਹਨ ਕਿ ‘ਸੱਤਿਆਪ੍ਰੇਮ ਕੀ ਕਥਾ’ ਨੇ ਚੌਥੇ ਦਿਨ ਫਿਰ ਤੋਂ ਲਗਭਗ 20 ਫ਼ੀਸਦੀ ਦੀ ਛਾਲ ਮਾਰੀ ਹੈ। ਕਾਰਤਿਕ ਦੀ ਫ਼ਿਲਮ ਨੇ ਐਤਵਾਰ ਨੂੰ 12 ਤੋਂ 13 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਸੱਤਿਆਪ੍ਰੇਮ ਕੀ ਕਥਾ’, ਜਿਸ ਨੂੰ ਵੀਰਵਾਰ ਦੀ ਰਿਲੀਜ਼ ਤੋਂ ਸ਼ੁਰੂਆਤੀ ਵੀਕੈਂਡ ’ਚ ਇਕ ਵਾਧੂ ਦਿਨ ਮਿਲਿਆ, ਨੇ ਹੁਣ 4 ਦਿਨਾਂ ’ਚ ਲਗਭਗ 38 ਕਰੋੜ ਰੁਪਏ ਕਮਾ ਲਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News