‘ਟੁੱਟ ਪੈਣੀ ਇੰਗਲਿਸ਼ ਨੇ’ ਨਾਲ ਸਤਵਿੰਦਰ ਸਿੰਘ ਦਾ ਪੰਜਾਬੀ ਸਿਨੇਮਾ ’ਚ ਆਗਾਜ਼
Monday, Sep 21, 2026 - 10:55 AM (IST)
ਜਲੰਧਰ (ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੀ ਬਹੁਚਰਚਿਤ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਕਾਮੇਡੀ, ਪਰਿਵਾਰਕ ਡਰਾਮੇ, ਭਾਵਨਾਵਾਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਨਾਲ ਭਰਪੂਰ ਹੈ। ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਫਿਲਮ ਨੂੰ ਲੈ ਕੇ ਦਰਸ਼ਕਾਂ ਵਿਚ ਉਤਸ਼ਾਹ ਹੋਰ ਵੀ ਵਧ ਗਿਆ ਹੈ।
ਇਸ ਫਿਲਮ ਰਾਹੀਂ ਅਦਾਕਾਰ ਸਤਵਿੰਦਰ ਸਿੰਘ ਪੰਜਾਬੀ ਸਿਨੇਮਾ ਵਿਚ ਆਪਣਾ ਆਗਾਜ਼ ਕਰਨ ਜਾ ਰਹੇ ਹਨ। ਸਤਵਿੰਦਰ ਸਿੰਘ ਫਿਲਮ ’ਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਨਾਲ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ। ਟ੍ਰੇਲਰ ਵਿਚ ਤਿੰਨਾਂ ਦੀ ਮੌਜੂਦਗੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਤਵਿੰਦਰ ਸਿੰਘ ਲਈ ਇਹ ਫਿਲਮ ਖਾਸ ਹੈ, ਕਿਉਂਕਿ ਇਸ ਰਾਹੀਂ ਉਹ ਪਹਿਲੀ ਵਾਰ ਵੱਡੇ ਪਰਦੇ ’ਤੇ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਹਨ।
ਫਿਲਮ ਵਿਚ ਸਿੰਮੀ ਚਾਹਲ, ਸਤਵਿੰਦਰ ਸਿੰਘ ਅਤੇ ਮੈਂਡੀ ਤੱਖਰ ਤੋਂ ਇਲਾਵਾ ਅੰਜੁਮ ਬੱਤਰਾ, ਰੁਪਿੰਦਰ ਰੂਪੀ, ਸਤਵੰਤ ਕੌਰ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਗਿੱਲ, ਰਾਜਿੰਦਰ ਮੋਹਨ, ਜੋਤ ਅੰਮੂ ਅਤੇ ਤਾਨਵੀ ਸ਼ਰਮਾ ਵੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। ਵੱਡੀ ਸਟਾਰਕਾਸਟ ਨਾਲ ਸਜੀ ਇਹ ਫਿਲਮ ਦਰਸ਼ਕਾਂ ਨੂੰ ਕਾਮੇਡੀ ਅਤੇ ਪਰਿਵਾਰਕ ਮਨੋਰੰਜਨ ਦਾ ਤੜਕਾ ਦੇਣ ਲਈ ਤਿਆਰ ਹੈ।
ਫਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਨੇ ਕੀਤਾ ਹੈ, ਜਦਕਿ ਫਿਲਮ ਦੀ ਕਹਾਣੀ ਅਤੇ ਪਟਕਥਾ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਮਾਨ ਕੌਰ, ਮਨਿੰਦਰ ਸਿੰਘ, ਗੀਤਾ ਅਗਰਵਾਲ ਅਤੇ ਰਾਜਿੰਦਰ ਸ਼ਰਮਾ ਨੰਨੂ ਵੱਲੋਂ ਤਿਆਰ ਕੀਤਾ ਗਿਆ ਹੈ।
ਫਿਲਮ ਦੀ ਕਹਾਣੀ ਪੰਜਾਬੀ ਸਮਾਜ ਵਿਚ ਅੰਗਰੇਜ਼ੀ ਭਾਸ਼ਾ ਨੂੰ ਦਿੱਤੇ ਜਾ ਰਹੇ ਵਧਦੇ ਮਹੱਤਵ ਅਤੇ ਇਸ ਨਾਲ ਜੁੜੇ ਸਮਾਜਿਕ ਦਿਖਾਵੇ ਦੇ ਆਲੇ-ਦੁਆਲੇ ਘੁੰਮਦੀ ਹੈ। ਕਹਾਣੀ ਵਿਚ ਇਕ ਅਜਿਹੇ ਪਰਿਵਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਿੱਥੇ ਸਮਾਜਿਕ ਰੁਤਬੇ ਅਤੇ ਸ਼ਾਨ ਲਈ ਅੰਗਰੇਜ਼ੀ ਬੋਲਣ ਵਾਲੀ ਨੂੰਹ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸੇ ਦੌਰਾਨ ਪੈਦਾ ਹੋਣ ਵਾਲੀਆਂ ਸਥਿਤੀਆਂ ਕਹਾਣੀ ਵਿਚ ਹਾਸੇ-ਮਜ਼ਾਕ ਦੇ ਨਾਲ-ਨਾਲ ਕਈ ਭਾਵਨਾਤਮਕ ਮੋੜ ਵੀ ਲੈ ਕੇ ਆਉਂਦੀਆਂ ਹਨ।
ਹੁਣ ਸਤਵਿੰਦਰ ਸਿੰਘ ਦੇ ਪੰਜਾਬੀ ਸਿਨੇਮਾ ਵਿਚ ਆਗਾਜ਼ ਅਤੇ ਸਿੰਮੀ ਚਾਹਲ ਤੇ ਮੈਂਡੀ ਤੱਖਰ ਨਾਲ ਉਨ੍ਹਾਂ ਦੀ ਜੋੜੀ ਨੂੰ ਲੈ ਕੇ ਵੀ ਦਰਸ਼ਕਾਂ ਵਿਚ ਉਤਸੁਕਤਾ ਬਣੀ ਹੋਈ ਹੈ। 25 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਦਰਸ਼ਕਾਂ ਨੂੰ ਕਿੰਨਾ ਪਸੰਦ ਆਉਂਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।
