ਰਾਹਤ ਫਤਿਹ ਅਲੀ ਖ਼ਾਨ ਨੇ ਕੀਤੀ ਗਾਇਕ ਖ਼ਾਨ ਸਾਬ੍ਹ ਦੀ ਸ਼ਲਾਘਾ, ਦੱਸਿਆ ਨੁਸਰਤ ਸਾਬ੍ਹ ਦਾ ਸੱਚਾ ਆਸ਼ਿਕ
Tuesday, Sep 29, 2026 - 07:59 PM (IST)
ਮਨੋਰੰਜਨ ਡੈਸਕ : ਪੰਜਾਬੀ ਗਾਇਕ ਖ਼ਾਨ ਸਾਬ੍ਹ ਨੇ ਸੋਸ਼ਲ ਮੀਡੀਆ 'ਤੇ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਨਾਲ ਆਪਣੀ ਮੁਲਾਕਾਤ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ ਵਾਲਾ ਪਲ ਦੱਸਿਆ ਹੈ। ਖ਼ਾਨ ਸਾਬ੍ਹ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਿਨ੍ਹਾਂ ਮਹਾਨ ਫ਼ਨਕਾਰਾਂ ਨੂੰ ਸੁਣ ਕੇ ਉਹ ਵੱਡੇ ਹੋਏ ਹਨ, ਅੱਜ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਤੋਂ ਛੋਟਿਆਂ ਨੂੰ ਇੱਜ਼ਤ ਅਤੇ ਮਾਣ ਕਿਵੇਂ ਦੇਣਾ ਹੈ, ਇਹ ਗੱਲ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਅਤੇ ਉਸਤਾਦ ਦਿਲਦਾਰ ਹੁਸੈਨ ਸਾਬ੍ਹ ਤੋਂ ਸਿੱਖਣ ਨੂੰ ਮਿਲਦੀ ਹੈ।
ਵੀਡੀਓ ਦੌਰਾਨ ਉਸਤਾਦ ਰਾਹਤ ਫਤਿਹ ਅਲੀ ਖ਼ਾਨ ਨੇ ਗਾਇਕ ਖ਼ਾਨ ਸਾਬ੍ਹ (ਇਮਰਾਨ ਖਾਨ) ਦੀ ਭਰਪੂਰ ਸ਼ਲਾਘਾ ਕੀਤੀ। ਰਾਹਤ ਫਤਿਹ ਅਲੀ ਖ਼ਾਨ ਨੇ ਕਿਹਾ ਕਿ ਖ਼ਾਨ ਸਾਬ੍ਹ ਇੱਕ ਬਹੁਤ ਹੀ ਹਸੀਨ ਰੂਹ ਦੇ ਮਾਲਕ ਹਨ ਅਤੇ ਉਹ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਾਬ੍ਹ ਦੇ ਦਿਲੋਂ ਚਾਹੁਣ ਵਾਲੇ (ਆਸ਼ਿਕ) ਹਨ।
ਉਨ੍ਹਾਂ ਦੱਸਿਆ ਕਿ ਇਸ ਬਿਲਮੁਸ਼ਾਫ਼ਾ (ਆਹਮੋ-ਸਾਹਮਣੇ) ਮੁਲਾਕਾਤ ਦੌਰਾਨ ਖ਼ਾਨ ਸਾਬ੍ਹ ਨੇ ਉਨ੍ਹਾਂ ਨੂੰ ਆਪਣਾ ਸੰਗੀਤ ਵੀ ਸੁਣਾਇਆ। ਰਾਹਤ ਫਤਿਹ ਅਲੀ ਖ਼ਾਨ ਨੇ ਖ਼ਾਨ ਸਾਬ੍ਹ ਦਾ ਗੀਤ 'ਸਾਵਰੇ' ਸੁਣਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਆਵਾਜ਼ ਕੰਨਾਂ ਨੂੰ ਬਹੁਤ ਸਕੂਨ ਦਿੰਦੀ ਹੈ ਅਤੇ ਉਨ੍ਹਾਂ ਉੱਤੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਾਬ੍ਹ ਦਾ ਖ਼ਾਸ ਕਰਮ ਹੈ।
ਰਾਹਤ ਫਤਿਹ ਅਲੀ ਖ਼ਾਨ ਨੇ ਅੱਲਾਹ ਅੱਗੇ ਦੁਆ ਕਰਦਿਆਂ ਕਿਹਾ ਕਿ ਪਰਵਰਦਿਗਾਰ ਖ਼ਾਨ ਸਾਬ੍ਹ ਨੂੰ ਤਰੱਕੀ ਬਖ਼ਸ਼ੇ ਅਤੇ ਬਹੁਤ ਅੱਗੇ ਲੈ ਕੇ ਜਾਵੇ। ਇਸ ਦੇ ਨਾਲ ਹੀ ਗਾਇਕ ਖ਼ਾਨ ਸਾਬ੍ਹ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਕਿ ਉਨ੍ਹਾਂ ਦੀ ਆਵਾਜ਼ ਵਿੱਚ 'ਦਿਲ ਪੇ ਜ਼ਖਮ' ਦਾ ਅਗਲਾ ਭਾਗ ਵੀ ਜਲਦ ਆਵੇਗਾ।
