ਰੈਪਰ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਦਾ ''ਫਾਈਨਲ ਰਿਮਾਈਂਡਰ'', 5 ਅਕਤੂਬਰ ਨੂੰ ਪੁੱਛਗਿੱਛ ਲਈ ਕੀਤਾ ਤਲਬ

Wednesday, Sep 30, 2026 - 08:37 PM (IST)

ਰੈਪਰ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਦਾ ''ਫਾਈਨਲ ਰਿਮਾਈਂਡਰ'', 5 ਅਕਤੂਬਰ ਨੂੰ ਪੁੱਛਗਿੱਛ ਲਈ ਕੀਤਾ ਤਲਬ

ਮੁੰਬਈ : ਮਸ਼ਹੂਰ ਰੈਪਰ ਅਤੇ ਮਿਊਜ਼ਿਕ ਪ੍ਰੋਡਿਊਸਰ ਹਿਰਦੇਸ਼ ਸਿੰਘ ਉਰਫ਼ ਯੋ ਯੋ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਵਿਭਾਗ ਵੱਲੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਮੁੰਬਈ ਦੇ ਸਾਈਬਰ ਪੁਲਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਵਿਭਾਗ ਨੇ ਹਨੀ ਸਿੰਘ ਨੂੰ 5 ਅਕਤੂਬਰ ਨੂੰ ਜਾਂਚ ਅਧਿਕਾਰੀ ਸਾਹਮਣੇ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਮਹਾਰਾਸ਼ਟਰ ਸਾਈਬਰ ਵਿਭਾਗ ਵੱਲੋਂ 14 ਸਤੰਬਰ 2026 ਨੂੰ ਜਾਰੀ ਕੀਤੇ ਗਏ ਨੋਟਿਸ ਨੂੰ 'ਫਾਈਨਲ ਰਿਮਾਈਂਡਰ' ਕਰਾਰ ਦਿੱਤਾ ਗਿਆ ਹੈ। ਨੋਟਿਸ ਮੁਤਾਬਕ ਹਨੀ ਸਿੰਘ ਨੂੰ ਸੋਮਵਾਰ, 5 ਅਕਤੂਬਰ ਨੂੰ ਸਵੇਰੇ 11 ਵਜੇ ਮੁੰਬਈ ਦੇ ਕਫ਼ ਪਰੇਡ ਸਥਿਤ ਵਰਲਡ ਟਰੇਡ ਸੈਂਟਰ ਵਿੱਚ ਮਹਾਰਾਸ਼ਟਰ ਸਾਈਬਰ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਵਿਭਾਗ ਵੱਲੋਂ 1 ਸਤੰਬਰ 2026 ਨੂੰ ਵੀ ਹਨੀ ਸਿੰਘ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਹ ਨਿਰਧਾਰਿਤ ਤਾਰੀਖ ਅਤੇ ਸਮੇਂ 'ਤੇ ਹਾਜ਼ਰ ਨਹੀਂ ਹੋਏ ਸਨ। ਇਸੇ ਕਰਕੇ ਮਹਾਰਾਸ਼ਟਰ ਸਾਈਬਰ ਨੇ 14 ਸਤੰਬਰ ਨੂੰ ਨਵਾਂ ਸਮਨ ਭੇਜ ਕੇ ਇਸ ਵਾਰ ਬਿਨਾਂ ਕਿਸੇ ਦੇਰੀ ਦੇ 5 ਅਕਤੂਬਰ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਦੀ ਤਾਕੀਦ ਕੀਤੀ ਹੈ।

ਇਹ ਕਾਰਵਾਈ ਮੁੰਬਈ ਦੇ ਨੋਡਲ ਸਾਈਬਰ ਪੁਲਸ ਸਟੇਸ਼ਨ ਵਿੱਚ ਦਰਜ FIR ਨੰਬਰ 74/2026 ਨਾਲ ਸਬੰਧਤ ਹੈ। ਇਸ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 296 ਅਤੇ 79 ਦੇ ਨਾਲ-ਨਾਲ ਸੂਚਨਾ ਤਕਨਾਲੋਜੀ (IT) ਐਕਟ, 2000 ਦੀ ਧਾਰਾ 67 ਸ਼ਾਮਲ ਕੀਤੀ ਗਈ ਹੈ। 

ਨੋਟਿਸ ਵਿੱਚ ਹਨੀ ਸਿੰਘ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਅਤੇ ਜਾਂਚ ਅਧਿਕਾਰੀ ਵੱਲੋਂ ਮੰਗੇ ਗਏ ਜ਼ਰੂਰੀ ਦਸਤਾਵੇਜ਼, ਰਿਕਾਰਡ ਜਾਂ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਵਿਭਾਗ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਜਾਂ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਕਾਨੂੰਨ ਮੁਤਾਬਕ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
 


author

Inder Prajapati

Content Editor

Related News