ਨਸ਼ਿਆਂ ਦੀ ਦਲਦਲ ''ਚ ਫ਼ਸੇ ਸਤਨਾਮ ਬਾਰੇ ਉੱਡ ਰਹੀਆਂ ਅਫ਼ਵਾਹਾਂ ਸਬੰਧੀ ਦੋਸਤ ਨੇ ਦੱਸੀ ਅਸਲੀਅਤ
Saturday, Aug 29, 2020 - 03:54 PM (IST)
ਜਲੰਧਰ (ਬਿਊਰੋ) — ਸਥਾਨਕ ਸ਼ਹਿਰ ਦੇ ਨਜਦੀਕ ਪੈਂਦੇ ਪਿੰਡ ਭੱਲਮਾਜਰਾ ਦੇ ਪ੍ਰਸਿੱਧ ਬਾਡੀ ਬਿਲਡਰ 30 ਸਾਲਾ ਸਤਨਾਮ ਖੱਟੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸਤਨਾਮ ਖੱਟੜਾ ਦੀ ਅਚਾਨਕ ਹੋਈ ਮੌਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ, ਫਿੱਟਨੈੱਸ ਇੰਡਸਟਰੀ ਤੇ ਸੰਗੀਤ ਜਗਤ ਨੂੰ ਕਾਫ਼ੀ ਧੱਕਾ ਲੱਗਾ ਹੈ।
ਦੱਸ ਦਈਏ ਕਿ ਖੱਟੜਾ ਦੀ ਮੌਤ ਨਾਲ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਖ਼ਬਰਾਂ ਮੁਤਾਬਕ ਸਤਨਾਮ ਖੱਟੜਾ ਦੀ ਮੌਤ 'ਦਿਲ ਦਾ ਦੌਰਾ' ਪੈਣ ਕਾਰਨ ਹੋਈ ਹੈ ਪਰ ਸਾਰਿਆਂ ਦੇ ਮਨ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬਾਡੀ ਬਿਲਡਰ, ਜੋ ਬਿਲਕੁਲ ਫਿੱਟ ਤੇ ਤੰਦਰੁਸਤ ਹੈ, ਉਸ ਦਾ ਦਿਲ ਕਮਜ਼ੋਰ ਕਿਵੇਂ ਹੋ ਸਕਦਾ ਹੈ? ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸਤਨਾਮ ਖੱਟੜਾ ਨਸ਼ੇ ਦੀ ਦਲਦਲ 'ਚ ਫਸੇ ਹੋਏ ਸਨ। ਹਾਲਾਂਕਿ ਉਨ੍ਹਾਂ ਦੇ ਕਰੀਬੀ ਦੋਸਤ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਬੇਬਿਆਨ ਦੱਸਿਆ ਹੈ।
ਨਸ਼ਿਆਂ ਦੀ ਦਲਦਲ ਦਾ ਸੱਚ
ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਉਹ ਨਸ਼ੇ ਦੀ ਦਲਦਲ 'ਚ ਵੀ ਫਸੇ ਹੋਏ ਸਨ ਪਰ ਉਨ੍ਹਾਂ ਦੇ ਕਰੀਬੀ ਦੋਸਤ ਨੇ ਇਸ ਖ਼ਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਤਨਾਮ ਖੱਟੜਾ ਕੋਈ ਨਸ਼ਾ ਨਹੀਂ ਕਰਦਾ ਸੀ। ਲੋਕੀਂ ਤਾਂ ਬਸ ਆਵੇਂ ਹੀ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਹ ਤਾਂ ਬਹੁਤ ਹੀ ਨੇਕ ਦਿਲ ਇਨਸਾਨ ਸੀ, ਜੋ ਹਮੇਸ਼ਾ ਗਰੀਬਾਂ ਦੀ ਮਦਦ ਲਈ ਅੱਗੇ ਆਉਂਦੇ ਸਨ।
ਸਤਨਾਮ ਖੱਟੜਾ ਤਾਂ ਖ਼ੁਦ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਸਨ। ਉਹ ਖਿਡਾਰੀਆਂ ਨੂੰ ਗਾਈਡ ਕਰਦੇ ਸਨ ਕਿ ਚੰਗੀ ਸਿਹਤ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਡਾਈਟ ਜਾਂ ਖ਼ੁਰਾਕ ਖਾਣੀ ਚਾਹੀਦੀ ਹੈ, ਜਿਸ ਖਾਣ ਨਾਲ ਸਰੀਰਕ ਦੀ ਬਣਤਰ ਹੀ ਨਹੀਂ ਸਗੋਂ ਅੰਦਰੋਂ ਵੀ ਤੁਸੀਂ ਮਜ਼ਬੂਤ ਹੋ ਸਕਦੇ ਹੋ।
2011 'ਚ ਕੇਨੈਡਾ ਗਏ ਸਨ ਸਤਨਾਮ ਖੱਟੜਾ
ਸਤਨਾਮ ਖੱਟੜਾ ਦੇ ਦੋਸਤ ਗੁਰਪ੍ਰੀਤ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2011 'ਚ ਮੈਂ ਤੇ ਸਤਨਾਮ ਖੱਟੜਾ ਇਕੱਠੇ ਕਬੱਡੀ ਖੇਡਣ ਕੇਨੈਡਾ ਗਏ ਸਨ। ਇਸ ਤੋਂ 1-2 ਸਾਲ ਬਾਅਦ ਹੀ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਬਣਨ ਦਾ ਸਫ਼ਰ ਸ਼ੁਰੂ ਕੀਤਾ। 2 ਸਾਲਾ 'ਚ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਵਜੋਂ ਇਨ੍ਹੀਂ ਪ੍ਰਸਿੱਧੀ ਖੱਟੀ ਕਿ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਨੂੰ ਜਾਣਨ ਲੱਗਾ। ਸਤਨਾਮ ਖੱਟੜਾ ਅਜਿਹਾ ਸਿਤਾਰਾ ਸੀ, ਜਿਸ ਨੇ ਹਰ ਖ਼ੇਤਰ 'ਚ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਕਬੱਡੀ, ਬਾਡੀ ਬਿਲਡਰ ਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਸਨ।
ਖੱਟੜਾ ਦੀ ਅਚਾਨਕ ਮੌਤ 'ਤੇ ਪ੍ਰਸ਼ੰਸਕਾਂ ਵਲੋਂ ਜਤਾਇਆ ਜਾ ਰਿਹਾ ਖ਼ਦਸ਼ਾ
ਤੰਦਰੁਸਤ ਸਤਨਾਮ ਖੱਟੜਾ ਦੀ ਅਚਾਨਕ ਮੌਤ ਹੋਣ ਦੀ ਖ਼ਬਰ 'ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਹਤਮੰਦ ਤੇ ਹਮੇਸ਼ਾ ਫਿੱਟ ਰਹਿਣ ਵਾਲਾ ਨੌਜਵਾਨ, ਜਿਸ ਨੂੰ ਕੋਈ ਬੀਮਾਰੀ ਨਹੀਂ ਸੀ, ਅਚਾਨਕ ਕਿਵੇਂ ਮਰ ਸਕਦਾ ਹੈ, ਉਹ ਵੀ ਦਿਲ ਦਾ ਦੌਰਾ ਪੈਣ ਕਾਰਨ। ਲੋਕਾਂ ਨੇ ਸਤਨਾਮ ਖੱਟੜਾ ਦੀ ਮੌਤ 'ਤੇ ਖ਼ਦਸ਼ਾ ਜਤਾਉਂਦਿਆਂ ਮੌਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਸਤਨਾਮ ਖੱਟੜਾ ਦੀ ਮੌਤ 'ਤੇ ਪ੍ਰਤੀਕਿਰਿਆ ਦਿੰਦਿਆਂ ਲੋਕਾਂ ਨੇ ਇਹ ਮੰਗ ਕੀਤੀ ਹੈ।
ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਆਮ ਬੰਦਾ ਬਰਾਂਡ ਬਣ ਜਾਂਦਾ ਹੈ ਤਾਂ ਵਿਰੋਧੀ ਲੋਕੀਂ ਉਸ ਨੂੰ ਹੇਠਾਂ ਸੁੱਟਣ ਲਈ ਕੋਈ ਵੀ ਕਰਤੂਤ ਕਰ ਸਕਦੇ ਹਨ। ਲੋਕੀਂ ਹੀ ਨਹੀਂ ਸਗੋਂ ਸਾਬਕਾ ਖਿਡਾਰੀ ਅਜਮੇਰ ਤੇ ਸਤਨਾਮ ਦਾ ਦੋਸਤ ਅਰਸ਼ ਬੁੱਟੜ ਵੀ ਮੌਤ ਦੀ ਜਾਂਚ ਦੀ ਮੰਗ ਕਰ ਰਹੇ ਹਨ।