ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ

Monday, Aug 01, 2022 - 10:59 AM (IST)

ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਮਿਲਦਿਆਂ ਹੀ ਮੁੰਬਈ ਪੁਲਸ ਕਾਫੀ ਸਾਵਧਾਨ ਹੋ ਗਈ ਹੈ। ਸਲਮਾਨ ਵੀ ਆਪਣੀ ਸੁਰੱਖਿਆ ’ਚ ਕੋਈ ਢਿੱਲ ਨਹੀਂ ਵਰਤ ਰਹੇ। ਹੁਣ ਅਦਾਕਾਰ ਬੁਲੇਟ ਪਰੂਫ ਗੱਡੀ ’ਚ ਸਫਰ ਕਰਨਗੇ। ਇਸ ਤੋਂ ਇਲਾਵਾ ਮੁੰਬਈ ਪੁਲਸ ਨੇ ਅਦਾਕਾਰ ਨੂੰ ਆਤਮ ਰੱਖਿਆ ਲਈ ਇਕ ਬੰਦੂਕ ਦਾ ਲਾਇਸੰਸ ਜਾਰੀ ਕਰ ਦਿੱਤਾ ਹੈ।

ਸਲਮਾਨ ਖ਼ਾਨ ਨੇ ਬੰਦੂਕ ਲਾਇਸੰਸ ਲਈ ਅਰਜ਼ੀ ਦਿੱਤੀ ਸੀ ਤੇ 22 ਜੁਲਾਈ ਨੂੰ ਇਸ ਸਬੰਧੀ ਮੁੰਬਈ ਪੁਲਸ ਕਮਿਸ਼ਨਰ ਵਿਵੇਕ ਫਣਸਾਲਕਰ ਨਾਲ ਵੀ ਮੁਲਾਕਾਤ ਕੀਤੀ ਸੀ। ਪੁਲਸ ਸੂਤਰਾਂ ਮੁਤਾਬਕ ਅਦਾਕਾਰ ਨੇ ਹਥਿਆਰ ਦੇ ਲਾਇਸੰਸ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਖ਼ਾਨ ਨੇ ਕਿਹਾ ਕਿ ਪੁਲਸ ਕਮਿਸ਼ਨਰ ਉਨ੍ਹਾਂ ਦੇ ਪੁਰਾਣੇ ਦੋਸਤ ਹਨ ਤੇ ਉਹ ਉਨ੍ਹਾਂ ਨੂੰ ਵਧਾਈ ਦੇਣ ਗਏ ਸਨ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਪਿਛਲੇ ਮਹੀਨੇ ਖ਼ਾਨ ਨੂੰ ਧਮਕੀ ਭਰੀ ਚਿੱਠੀ ਮਿਲੀ ਸੀ।

ਇਹ ਖ਼ਬਰ ਵੀ ਪੜ੍ਹੋ : ‘ਰਣਵੀਰ ਸਿੰਘ ਨੇ ਨਿਊਡ ਹੋ ਕੇ ਕੁੜੀਆਂ ’ਤੇ ਅਹਿਸਾਨ ਕੀਤਾ’, ਰਾਖੀ ਸਾਵੰਤ ਦੇ ਬਿਆਨ ’ਤੇ ਮਚਿਆ ਹੰਗਾਮਾ

ਪਿਛਲੇ ਮਹੀਨੇ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਇਕ ਚਿੱਠੀ ਮਿਲੀ ਸੀ, ਜਿਸ ’ਚ ਧਮਕੀ ਦਿੱਤੀ ਗਈ ਸੀ ਕਿ ਦੋਵਾਂ ਦਾ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਵਰਗਾ ਹਸ਼ਰ ਕੀਤਾ ਜਾਵੇਗਾ। ਮੂਸੇ ਵਾਲਾ ਦਾ ਮਈ ’ਚ ਕਤਲ ਕਰ ਦਿੱਤਾ ਗਿਆ ਸੀ। ਚਿੱਠੀ ਮਿਲਣ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਮਲੇ ’ਚ ਇਕ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ’ਤੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ 2018 ’ਚ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਰੱਚ ਰਿਹਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News