ਵੱਡੀ ਮੁਸ਼ਕਿਲ ’ਚ ਰੀਆ ਚੱਕਰਵਰਤੀ, ਐੱਨ. ਸੀ. ਬੀ. ਦਾ ਦਾਅਵਾ, ਅਦਾਕਾਰਾ ਨੇ ਕਈ ਵਾਰ ਖਰੀਦਿਆ ਗਾਂਜਾ

07/13/2022 10:37:57 AM

ਮੁੰਬਈ (ਬਿਊਰੋ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ’ਚ ਵੱਡਾ ਖ਼ੁਲਾਸਾ ਕੀਤਾ ਹੈ। ਜੀ ਹਾਂ, ਐੱਨ. ਸੀ. ਬੀ. ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਗਰਲਫਰੈਂਡ ਰੀਆ ਚੱਕਰਵਰਤੀ ਨੇ ਆਪਣੇ ਭਰਾ ਸ਼ੋਵਿਕ ਸਮੇਤ ਹੋਰ ਦੋਸ਼ੀਆਂ ਤੋਂ ਕਈ ਵਾਰ ਗਾਂਜਾ ਖਰੀਦ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤਾ ਸੀ।

ਦੱਸ ਦੇਈਏ ਕਿ ਐੱਨ. ਸੀ. ਬੀ. ਨੇ ਹਾਲ ਹੀ ’ਚ ਐੱਨ. ਡੀ. ਪੀ. ਐੱਸ. ਕੋਰਟ ’ਚ ਸੁਸ਼ਾਂਤ ਦੀ ਮੌਤ ਦੇ ਮਾਮਲੇ ’ਚ 35 ਦੋਸ਼ੀਆਂ ਖ਼ਿਲਾਫ਼ ਡਰਾਫਟ ਚਾਰਜ ਦਾਖ਼ਲ ਕੀਤਾ ਸੀ, ਜਿਸ ਦੀ ਸੁਣਵਾਈ ਮੰਗਲਵਾਰ ਨੂੰ ਹੋਈ।

ਇਹ ਖ਼ਬਰ ਵੀ ਪੜ੍ਹੋ : ਅਗਲੇ 3 ਮਹੀਨਿਆਂ 'ਚ ਰਾਹੁਲ ਦੀ ਲਾੜੀ ਬਣੇਗੀ ਆਥੀਆ, ਅਦਾਕਾਰਾ ਖ਼ੁਦ ਕਰ ਰਹੀ ਹੈ ਸਭ ਤਿਆਰੀਆਂ!

12 ਜੁਲਾਈ ਨੂੰ ਐੱਨ. ਸੀ. ਬੀ. ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਕਿ ਰੀਆ ਚੱਕਰਵਰਤੀ, ਸ਼ੋਵਿਕ ਸਮੇਤ ਸਾਰੇ ਦੋਸ਼ੀਆਂ ਨੇ ਇਕ-ਦੂਜੇ ਨਾਲ ਮਿਲ ਕੇ ਮਾਰਚ 2020 ਤੋਂ ਲੈ ਕੇ ਦਸੰਬਰ 2020 ਤਕ ਅਪਰਾਧਿਕ ਸਾਜ਼ਿਸ਼ ਰਚੀ ਸੀ ਤਾਂ ਕਿ ਉਹ ‘ਬਾਲੀਵੁੱਡ ਤੇ ਹਾਈ ਸੁਸਾਇਟੀ’ ’ਚ ਡਰੱਗਸ ਦੀ ਸਪਲਾਈ, ਵਿਕਰੀ ਤੇ ਖਰੀਦ ਕਰ ਸਕਣ।

ਐੱਨ. ਸੀ. ਬੀ. ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਮੁੰਬਈ ਦੇ ਅੰਦਰ ਨਾ ਸਿਰਫ ਡਰੱਗਸ ਦੀ ਤਸਕਰੀ ਦੀ ਫੰਡਿੰਗ ਕੀਤੀ, ਸਗੋਂ ਗਾਂਜਾ, ਚਰਸ, ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੀ ਕੀਤੀ ਸੀ। ਗੈਰ-ਕਾਨੂੰਨੀ ਤਸਕਰੀ ਨੂੰ ਪੈਸਿਆਂ ਲਈ ਵਰਤਣ ਤੇ ਅਪਰਾਧੀਆਂ ਨੂੰ ਪਨਾਹ ਦੇਣ ਲਈ ਇਨ੍ਹਾ ਸਾਰੇ ਦੋਸ਼ੀਆਂ ਖ਼ਿਲਾਫ਼ ਧਾਰਾ 27 ਤੇ 27 ਏ ਲਗਾਈ ਗਈ ਹੈ। ਇਸ ਤੋਂ ਇਲਾਵਾ ਧਾਰਾ 28 ਤੇ ਧਾਰਾ 29 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

PunjabKesari

ਦੋਸ਼ ਤੈਅ ਕਰਨ ਤੋਂ ਪਹਿਲਾਂ ਅਦਾਲਤ ਸਾਰੇ ਦੋਸ਼ੀਆਂ ਦੀ ਬਰੀ ਕਰਨ ਦੀ ਪਟੀਸ਼ਨ ’ਤੇ ਵਿਚਾਰ ਕਰੇਗੀ। ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਖ਼ਾਸ ਜੱਜ ਵੀ. ਜੀ. ਰਘੁਵੰਸ਼ੀ ਨੇ ਮਾਮਲੇ ਦੀ ਸੁਣਵਾਈ ਲਈ 27 ਜੁਲਾਈ ਦੀ ਤਾਰੀਖ਼ ਤੈਅ ਕੀਤੀ ਹੈ। ਯਾਨੀ ਹੁਣ ਅਗਲੀ ਸੁਣਵਾਈ 15 ਦਿਨਾਂ ਬਾਅਦ ਹੋਵੇਗੀ।

ਨੋਟ– ਇਸ ਮਾਮਲੇ ’ਤੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News