CBI ਦੱਸੇ ਕਿ ਸੁਸ਼ਾਂਤ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਤਲ : ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ

12/28/2020 9:22:20 AM

ਮੁੰਬਈ (ਬਿਊਰੋ)  : ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਐਤਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੂੰ ਬੇਨਤੀ ਕੀਤੀ ਹੈ ਕਿ ਉਹ ਦੱਸੇ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਈ ਜਾਂ ਉਨ੍ਹਾਂ ਦਾ ਕਤਲ ਕੀਤਾ ਗਿਆ? ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਉਣਾ ਚਾਹੀਦਾ ਹੈ। ਦੇਸ਼ਮੁੱਖ ਨੇ ਪ੍ਰਰੈੱਸ ਕਾਨਫਰੰਸ 'ਚ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਮਹਾਰਾਸ਼ਟਰ ਅਤੇ ਦੇਸ਼ ਦੇ ਲੋਕ ਸੀ. ਬੀ. ਆਈ. ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕ ਮੈਨੂੰ ਮਾਮਲੇ ਦੀ ਸਥਿਤੀ ਬਾਰੇ ਪੁੱਛਦੇ ਹਨ। ਮੈਂ ਸੀ. ਬੀ. ਆਈ. ਨੂੰ ਇਹ ਉਜਾਗਰ ਕਰਨ ਦੀ ਬੇਨਤੀ ਕਰਦਾ ਹਾਂ ਕਿ ਉਹ ਦੱਸਣ ਕਿ ਇਹ ਖ਼ੁਦਕੁਸ਼ੀ ਸੀ ਜਾਂ ਹੱਤਿਆ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਮਾਮਲਾ ਸੌਂਪੇ ਪੰਜ ਤੋਂ ਛੇ ਮਹੀਨੇ ਬੀਤ ਚੁੱਕੇ ਹਨ। ਲਿਹਾਜਾ ਏਜੰਸੀ ਨੂੰ ਜਲਦ ਤੋਂ ਜਲਦ ਆਪਣੀ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ। 

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਇਸ ਸਾਲ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ 'ਚ ਮ੍ਰਿਤਕ ਮਿਲੇ ਸਨ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਹਾਦਸੇ ਕਾਰਨ ਮੌਤ ਦੀ ਰਿਪੋਰਟ ਦਰਜ ਕੀਤੀ ਸੀ ਤੇ ਮਾਮਲੇ ਦੀ ਜਾਂਚ ਕਰ ਰਹੀ ਸੀ। ਸੁਸ਼ਾਂਤ ਦੇ ਪਿਤਾ ਨੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਉਂਦੇ ਹੋਏ ਪਟਨਾ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਅਦਾਕਾਰ ਦੇ ਪਿਤਾ ਨੇ ਐੱਫ. ਆਈ. ਆਰ. 'ਚ ਸੁਸ਼ਾਂਤ ਦੀ ਪ੍ਰਰੇਮਿਕਾ ਰਿਆ ਚੱਕਰਵਰਤੀ ਤੇ ਹੋਰਨਾਂ 'ਤੇ ਆਪਣੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ। ਬਾਅਦ 'ਚ ਇਸ ਮਾਮਲੇ ਨੂੰ ਜਾਂਚ ਲਈ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ। ਅਕਤੂਬਰ 'ਚ ਏਮਜ਼, ਨਵੀਂ ਦਿੱਲੀ ਦੇ ਮੈਡੀਕਲ ਬੋਰਡ ਨੇ ਸੁਸ਼ਾਂਤ ਦੀ ਮੌਤ ਦਾ ਕਾਰਨ ਹੱਤਿਆ ਨਹੀਂ ਸਗੋਂ ਖ਼ੁਦਕੁਸ਼ੀ ਦੱਸਿਆ ਸੀ।


sunita

Content Editor

Related News