ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭੈਣ ਅਫਸਾਨਾ ਖ਼ਾਨ ਹੋਈ ਭਾਵੁਕ, ਲਿਖਿਆ- ਮਿਸ ਯੂ ਵੱਡੇ ਬਾਈ...

Wednesday, May 29, 2024 - 10:56 AM (IST)

ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭੈਣ ਅਫਸਾਨਾ ਖ਼ਾਨ ਹੋਈ ਭਾਵੁਕ, ਲਿਖਿਆ- ਮਿਸ ਯੂ ਵੱਡੇ ਬਾਈ...

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ 'ਚ 'ਕਾਲੇ ਦਿਨ' ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਥੇ ਹੀ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਤੇ ਗਾਇਕ ਅਫਸਾਨਾ ਖ਼ਾਨ ਨੇ ਭਰਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਮਿਸ ਯੂ ਵੱਡੇ ਬਾਈ।'' ਇਸ ਦੇ ਨਾਲ ਉਹ ਅਫਸਾਨਾ ਨੇ ਇਹ ਪੋਸਟ ਸਿੱਧੂ ਨੂੰ ਟੈਗ ਕਰਦਿਆਂ #justiceforsidhumoosewala ਵੀ ਲਿਖਿਆ ਹੈ।  ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੀ ਇਸ ਪੋਸਟ ਨੂੰ ਗਾਇਕ ਸਾਜ਼ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।  

ਮਾਤਾ ਚਰਨ ਕੌਰ ਦੀ ਭਾਵੁਕ ਪੋਸਟ
ਸਿੱਧੂ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, ''ਬੇਸ਼ੱਕ ਮੈਂ ਆਪਣੇ ਪੁੱਤ ਨੂੰ ਸਰੀਰਕ ਤੌਰ 'ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ 2 ਸਾਲਾਂ ਤੋਂ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਲਈ ਅੱਜ ਦਾ ਦਿਨ ਬੜਾ ਔਖਾ ਹੈ। ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ। ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਨਾਂ ਨੇ ਮੇਰੀ ਕੁੱਖ 'ਚੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖ਼ੁਦ ਉਮੀਦ ਨੂੰ ਵੀ ਨਹੀਂ ਸੀ। ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ਼ ਸੀ, ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ। ਬੇਟਾ ਮੈਂ ਤੇ ਤੁਹਾਡੇ ਬਾਪੂ ਜੀ, ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿਚ ਬਰਕਰਾਰ ਰੱਖਾਂਗੇ। ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ 'ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਨ੍ਹਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ। ਅੱਜ ਦਾ ਦਿਨ ਬੜਾ ਔਖਾ ਪੁੱਤ।"

PunjabKesari

ਪੰਜਾਬੀ ਕਲਾਕਾਰਾਂ ਲਈ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ
ਮੂਸੇਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਨ੍ਹਾਂ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। 2020 ’ਚ ਮੂਸੇਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ। ਮੂਸੇਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਨ੍ਹਾਂ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।

ਪੜ੍ਹਾਈ
ਸ਼ੁੱਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।

PunjabKesari


ਇਸ ਵਾਰ ਨਹੀਂ ਕੀਤਾ ਜਾਵੇਗਾ ਵੱਡਾ ਇਕੱਠ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ। ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। 

PunjabKesari


author

sunita

Content Editor

Related News