ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ
Saturday, Feb 26, 2022 - 12:44 PM (IST)
ਜਲੰਧਰ (ਇੰਟ.)– ਪੰਜਾਬੀ ਅਭਿਨੇਤਾ ਅਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦੌਰਾਨ ਉਸ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਨਾਲ ਸੀ। ਹਾਦਸੇ ਤੋਂ ਬਾਅਦ ਰੀਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਜਦੋਂ ਦੀਪ ਨਾਲ ਹਾਦਸਾ ਹੋਇਆ ਸੀ ਤਾਂ ਉਸ ਵੇਲੇ ਉੱਥੋਂ ਦਾ ਦ੍ਰਿਸ਼ ਕਿਹੋ ਜਿਹਾ ਸੀ।
ਆਪਣੀ ਪੋਸਟ ਵਿਚ ਰੀਨਾ ਨੇ ਲਿਖਿਆ–‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।’ ਇਸ ਤੋਂ ਬਾਅਦ ਉਸ ਨੇ ਲਿਖਿਆ ਕਿ ਦੀਪ ਦੇ ਭੋਗ ਨੇ ਦੁਨੀਆ ਨੂੰ ਛੂਹ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀਆਂ ਤੇ ਦੀਪ ਸਿੱਧੂ ਦੀਆਂ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਇੰਨਾ ਹੀ ਨਹੀਂ, ਪੋਸਟ ਵਿਚ ਉਸ ਨੇ ਆਪਣਾ ਦਰਦ ਵੀ ਬਿਆਨ ਕੀਤਾ ਹੈ। ਉਸ ਨੇ ਦੱਸਿਆ ਕਿ ਕਿਵੇਂ ਜਦੋਂ ਉਹ ਦੀਪ ਨਾਲ ਦਿੱਲੀ ਤੋਂ ਪੰਜਾਬ ਵਾਪਸ ਆ ਰਹੀ ਸੀ ਤਾਂ ਕੁੰਡਲੀ-ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਸੜਕ ਹਾਦਸਾ ਹੋ ਗਿਆ, ਜਿਸ ਵਿਚ ਦੀਪ ਸਿੱਧੂ ਦੀ ਮੌਤ ਹੋ ਗਈ। ਉਸ ਨੇ ਲਿਖਿਆ–‘‘120 ਘੰਟੇ, ਆਨੰਦ ਤੇ ਪਿਆਰ ਨਾਲ ਭਰੇ ਜੀਵਨ ਜਿਊਣ ਤੋਂ ਲੈ ਕੇ ਦਿਲ ਦਹਿਲਾ ਦੇਣ ਵਾਲੇ ਤਜਰਬੇ ਕਰਨ ਤਕ ਇਹੀ ਸਮਾਂ ਲੱਗਾ। 120 ਮਿੰਟਾਂ ’ਚ ਮੈਂ ਭਾਰਤ ਲਈ ਉਡਾਣ ਭਰੀ, ਵੈਲੇਨਟਾਈਨ ਡੇਅ ਮਨਾਇਆ, ਇਕ ਘਾਤਕ ਕਾਰ ਹਾਦਸੇ ਦੀ ਸ਼ਿਕਾਰ ਹੋਈ, ਮੇਰੇ ਜੀਵਨ ਦਾ ਪਿਆਰ ਗੁਆਚ ਗਿਆ, ਹਸਪਤਾਲ ’ਚ ਪਹੁੰਚ ਗਈ ਅਤੇ ਟੁੱਟ ਕੇ ਘਰ ਵਾਪਸ ਆ ਗਈ। ਮੈਨੂੰ ਪਤਾ ਹੈ ਕਿ ਹਰ ਕਿਸੇ ਕੋਲ ਬਹੁਤ ਸਾਰੇ ਸਵਾਲ ਹਨ ਅਤੇ ਮੈਂ ਉਨ੍ਹਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ।’’
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
ਰੀਨਾ ਨੇ ਆਪਣੀ ਤੇ ਦੀਪ ਸਿੱਧੂ ਦੀ ਪ੍ਰੇਮ ਕਹਾਣੀ ਬਾਰੇ ਲਿਖਿਆ–‘‘ਦੀਪ ਤੇ ਮੈਨੂੰ 2018 ’ਚ ‘ਰੰਗ ਪੰਜਾਬ’ ਦੇ ਸੈੱਟ ’ਤੇ ਮਿਲਣ ਤੋਂ ਬਾਅਦ ਪਿਆਰ ਹੋ ਗਿਆ। ਦੀਪ ਸਭ ਨਾਲ ਪਿਆਰ ਕਰਨ ਵਾਲੇ, ਦਿਆਲੂ ਤੇ ਨਿਰਸਵਾਰਥ ਵਿਅਕਤੀ ਸਨ, ਜਿਨ੍ਹਾਂ ਨੂੰ ਮੈਂ ਕਦੇ ਮਿਲੀ ਸੀ। ਜੀਵਨ ਲਈ ਉਨ੍ਹਾਂ ਦਾ ਨਜ਼ਰੀਆ ਪਾਜ਼ੇਟਿਵ ਸੀ। ਸਾਡੀ ਦੋਸਤੀ ਫਿਲਮ ਦੇ ਨਿਰਮਾਣ ਦੌਰਾਨ ਵਧਦੀ ਗਈ। ਫਿਲਮ ਬਣਨ ਦੌਰਾਨ ਬ੍ਰੇਕ ਵੇਲੇ ਅਸੀਂ ਘੰਟਿਆਂਬੱਧੀ ਆਪਣੇ ਜੀਵਨ, ਦੋਸਤਾਂ, ਪਰਿਵਾਰਾਂ ਤੇ ਸੁਪਨਿਆਂ ਬਾਰੇ ਗੱਲਾਂ ਕਰਦੇ ਰਹਿੰਦੇ ਸੀ। ‘ਰੰਗ ਪੰਜਾਬ’ ਫਿਲਮ ਬਣਨ ਤੋਂ ਬਾਅਦ ਅਸੀਂ ਸੰਪਰਕ ਵਿਚ ਰਹਿੰਦੇ ਸੀ ਅਤੇ ਸਾਡੀ ਦੋਸਤੀ ਪਿਆਰ ਵਿਚ ਬਦਲ ਗਈ।’’
ਰੀਨਾ ਲਿਖਦੀ ਹੈ,‘‘ਪਿਛਲੇ ਐਤਵਾਰ ਮੈਂ ਕੁਝ ਪ੍ਰਾਜੈਕਟ ਸ਼ੁਰੂ ਕਰਨ ਅਤੇ ਦੀਪ ਨਾਲ ਵੈਲੇਨਟਾਈਨ ਡੇ ਮਨਾਉਣ ਲਈ ਦਿੱਲੀ ਗਈ ਸੀ ਕਿਉਂਕਿ ਅਸੀਂ ਪਿਛਲੇ ਸਾਲ ਇਹ ਦਿਨ ਨਹੀਂ ਮਨਾ ਸਕੇ ਸੀ। ਇਹ ਇਕ ਜਾਦੂਈ ਦਿਨ ਸੀ, ਜਿਸ ਨੂੰ ਮੈਂ ਹਮੇਸ਼ਾ ਆਪਣੇ ਦਿਲ ਵਿਚ ਰੱਖਾਂਗੀ। ਅਗਲੇ ਦਿਨ ਮੁੰਬਈ ਲਈ ਘਰ ਜਾਣ ਤੋਂ ਪਹਿਲਾਂ ਅਸੀਂ ਪੰਜਾਬ ਲਈ ਬਾਹਰ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣਾ ਸਾਮਾਨ ਪੈਕ ਕੀਤਾ, ਸਕਾਰਪੀਓ ਨੂੰ ਲੋਡ ਕੀਤਾ ਅਤੇ ਬਾਹਰ ਨਿਕਲ ਆਏ। ਦੀਪ ਤੇ ਮੈਂ ਕੁਝ ਦੇਰ ਗੱਲਾਂ ਕੀਤੀਆਂ ਅਤੇ ਫਿਰ ਮੈਂ ਝਪਕੀ ਲੈਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਅਜੇ ਵੀ ਜੈੱਟਲੈਂਡ ਸੀ। ਮੈਂ ਆਪਣੀ ਸੀਟ ਪਿੱਛੇ ਕੀਤੀ, ਜੁੱਤੀ ਲਾਹ ਦਿੱਤੀ ਅਤੇ ਸੌਂ ਗਈ। ਮੈਨੂੰ ਸਿਰਫ ਇੰਨਾ ਯਾਦ ਹੈ ਕਿ ਅੱਗੇ ਮੈਨੂੰ ਸੀਟ ’ਤੇ ਧੱਕਾ ਲੱਗਾ ਅਤੇ ਏਅਰਬੈਗ ਖੁੱਲ੍ਹ ਗਿਆ। ਮੇਰੇ ਪੈਰ ਜੰਮ ਗਏ। ਜਦੋਂ ਮੈਂ ਉੱਪਰ ਦੇਖਿਆ ਤਾਂ ਦੀਪ ਹਿਲ ਨਹੀਂ ਰਿਹਾ ਸੀ। ਮੈਂ ਵਾਹਿਗਰੂ ਅੱਗੇ ਅਰਦਾਸ ਕੀਤੀ ਅਤੇ ਮੈਨੂੰ ਉਸ ਦੀ ਮਦਦ ਕਰਨ ਦੀ ਸ਼ਕਤੀ ਦੇਣ ਲਈ ਕਿਹਾ। ਮੈਂ ਚੀਕਦੀ ਰਹੀ–ਦੀਪ, ਉੱਠ ਜਾ। ਅਖੀਰ ’ਚ ਮੈਂ ਉੱਠਣ ’ਚ ਕਾਮਯਾਬ ਹੋ ਗਈ ਅਤੇ ਉਸ ਦਾ ਚਿਹਰਾ ਆਪਣੇ ਵੱਲ ਕੀਤਾ। ਉਸ ਦਾ ਚਿਹਰਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਮੈਂ ਬੇਹੋਸ਼ ਹੋ ਗਈ, ਪਿੱਛੇ ਝੁਕ ਗਈ ਅਤੇ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ। ਇਕ ਵਿਅਕਤੀ ਉੱਥੇ ਆਇਆ ਅਤੇ ਮੈਨੂੰ ਸਕਾਰਪੀਓ ’ਚੋਂ ਬਾਹਰ ਕੱਢਿਆ ਤੇ ਜ਼ਮੀਨ ’ਤੇ ਲਿਟਾ ਦਿੱਤਾ।’’
ਰੀਨਾ ਨੇ ਲਿਖਿਆ,‘‘ਮੈਂ ਮਨਦੀਪ ਨੂੰ ਫੋਨ ਕਰ ਕੇ ਦੀਪ ਦੀ ਮਦਦ ਲਈ ਸਹਾਇਤਾ ਮੰਗੀ। ਇਸ ਤੋਂ ਬਾਅਦ ਲੋਕ ਦੀਪ ਨੂੰ ਬਾਹਰ ਕੱਢਣ ਲੱਗੇ ਤਾਂ ਦੇਖਿਆ ਕਿ ਉਹ ਅੱਗੇ ਦੀ ਸੀਟ ’ਤੇ ਫਸ ਗਿਆ ਹੈ ਅਤੇ ਕਾਰ ਦੇ ਕੈਬਿਨ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਜਿਵੇਂ-ਤਿਵੇਂ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਸਾਨੂੰ ਦੋਵਾਂ ਨੂੰ ਵੱਖ-ਵੱਖ ਐਂਬੂਲੈਂਸ ਵਿਚ ਹਸਪਤਾਲ ਭੇਜ ਦਿੱਤਾ ਗਿਆ। ਮੈਂ ਵਾਰ-ਵਾਰ ਦੀਪ ਬਾਰੇ ਪੁੱਛਦੀ ਰਹੀ ਅਤੇ ਸਭ ਨੇ ਦੱਸਿਆ ਕਿ ਉਹ ਠੀਕ ਹੈ। ਮੇਰਾ ਦਿਲ ਕਹਿ ਰਿਹਾ ਸੀ ਕਿ ਕੁਝ ਹੋਇਆ ਹੈ। ਆਖਰਕਾਰ ਲਗਭਗ 5 ਘੰਟੇ ਬਾਅਦ ਮੇਰਾ ਚਚੇਰਾ ਭਰਾ ਪੰਜਾਬ ਤੋਂ ਹਸਪਤਾਲ ਪਹੁੰਚਿਆ। ਮੇਰੇ ਪਰਿਵਾਰ ਦੇ ਕਹਿਣ ’ਤੇ ਚੰਗੇ ਇਲਾਜ ਲਈ ਦਿੱਲੀ ਵਿਚ ਨੈਸ਼ਨਲ ਹਾਰਟ ਇੰਸਟੀਚਿਊਟ ’ਚ ਭੇਜ ਦਿੱਤਾ ਗਿਆ। ਉੱਥੇ ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਦੀ ਮੌਤ ਹੋ ਗਈ ਹੈ। ਮੇਰਾ ਦਿਲ ਟੁੱਟ ਗਿਆ ਅਤੇ ਮੈਂ ਸਦਮੇ ’ਚ ਚਲੀ ਗਈ। ਫਿਰ ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਆਪਣੇ ਪਰਿਵਾਰ ਦੇ ਕਹਿਣ ’ਤੇ ਮੈਂ ਫਲਾਈਟ ਲੈ ਕੇ ਅਮਰੀਕਾ ਵਾਪਸ ਘਰ ਆ ਗਈ। ਹੁਣ ਮੇਰੀ ਰੀੜ੍ਹ ਦੀ ਹੱਡੀ ’ਚ ਫ੍ਰੈਕਚਰ ਹੈ ਅਤੇ ਮੈਂ ਘਰ ਠੀਕ ਹੋ ਰਹੀ ਹਾਂ। ਮੇਰੇ ਪਰਿਵਾਰ ਨੂੰ ਉਮੀਦ ਹੈ ਕਿ ਦੀਪ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅੱਗੇ ਤੋਂ ਅਜਿਹਾ ਦੁੱਖਦਾਇਕ ਹਾਦਸਾ ਕਿਸੇ ਹੋਰ ਨਾਲ ਨਹੀਂ ਹੋਵੇਗਾ।’’
ਰੀਨਾ ਨੇ ਲਿਖਿਆ ਕਿ ਉਹ ਜਦੋਂ ਅਮਰੀਕਾ ’ਚ ਬੈਠ ਕੇ ਪੋਸਟ ਲਿਖ ਰਹੀ ਸੀ ਅਤੇ ਦੀਪ ਦਾ ਭੋਗ ਦੇਖ ਰਹੀ ਸੀ ਤਾਂ ਦੁਨੀਆ ਨੇ ਉਸ ਦੇ ਲਈ ਜੋ ਪਿਆਰ ਦਿਖਾਇਆ, ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਸਕੂਨ ਦੇਣ ਵਾਲਾ ਹੈ। ਉਸ ਨੂੰ ਦੀਪ ਦੀ ਬਹੁਤ ਯਾਦ ਆਉਂਦੀ ਹੈ। ਉਹ ਸਾਰੀ ਸੰਗਤ ਨੂੰ ਧੰਨਵਾਦ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੇ ਦੀਪ ਲਈ ਇੰਨਾ ਪਿਆਰ ਤੇ ਸਤਿਕਾਰ ਦਿਖਾਇਆ ਹੈ। ਅਖੀਰ ’ਚ ਰੀਨਾ ਨੇ ਲਿਖਿਆ,‘‘ਮੇਰੇ ਦੀਪ ਲਈ, ਮੈਂ ਤੇਰੇ ਬਿਨਾਂ ਮਰ ਗਈ ਹਾਂ। ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ। ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੂੰ ਮੈਨੂੰ ਜੀਵਨ ਵਿਚ ਕਦੇ ਵੀ ਨਹੀਂ ਛੱਡੇਂਗਾ ਪਰ ਤੂੰ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ। ਮੈਂ ਟੁੱਟ ਗਈ ਹਾਂ, ਮੈਂ ਦੁਖੀ ਹਾਂ, ਮੈਂ ਪਾਗਲ ਹੋ ਗਈ ਹਾਂ। ਤੂੰ ਮੈਨੂੰ ਕਿਉਂ ਛੱਡ ਦਿੱਤਾ? ਮੈਂ ਬਸ ਤੈਨੂੰ ਆਪਣੀਆਂ ਬਾਹਾਂ ਵਿਚ ਚਾਹੁੰਦੀ ਹਾਂ।’’ ਇਸ ਤੋਂ ਬਾਅਦ ਉਸ ਨੇ ਲਿਖਿਆ ਕਿ ਦੂਜੀ ਦੁਨੀਆ ਵਿਚ ਉਹ ਦੀਪ ਸਿੱਧੂ ਨੂੰ ਮਿਲੇਗੀ।