ਨਰੇਸ਼ਨ ਪੜ੍ਹ ਕੇ ਅੱਥਰੂਆਂ ਨਾਲ ਹੱਸ ਰਿਹਾ ਸੀ ਮੈਂ, ਦਿਲੋਂ ਲਿਖੀ ਕਹਾਣੀ ਹੈ ‘ਜਯੇਸ਼ਭਾਈ ਜ਼ੋਰਦਾਰ’ : ਰਣਵੀਰ ਸਿੰਘ

05/13/2022 11:04:42 AM

ਅਭਿਨੇਤਾ ਰਣਵੀਰ ਸਿੰਘ ਦੀ ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਬਾਰੇ ਰਣਵੀਰ ਨੇ ਬਹੁਤ ਸਾਰੇ ਤਜਰਬੇ ਸਾਂਝੇ ਕੀਤੇ। ਉਸ ਨੇ ਦੱਸਿਆ ਕਿ ਉਸ ਨੇ ਜਦੋਂ ਫ਼ਿਲਮ ਦੀ ਨਰੇਸ਼ਨ ਪੜ੍ਹੀ ਤਾਂ ਉਹ ਅੱਥਰੂਆਂ ਨਾਲ ਹੱਸ ਰਿਹਾ ਸੀ। ਰਣਵੀਰ ਮੁਤਾਬਕ ਕਹਾਣੀ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ, ਇਹ ਦਿਲੋਂ ਲਿਖੀ ਗਈ ਕਹਾਣੀ ਹੈ। ਆਓ ਪੜ੍ਹਦੇ ਹਾਂ ਰਣਵੀਰ ਸਿੰਘ ਦੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ’ਚ ਰਿਲੀਜ਼ ਹੋਈ ਐਮੀ, ਸਰਗੁਣ ਤੇ ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’

ਤੁਸੀਂ ਇਸ ਫ਼ਿਲਮ ’ਚ ਕਿਵੇਂ ਆਏ?
ਮੇਰੇ ਗੁਰੂ ਆਦਿਤਿਆ ਚੋਪੜਾ ਨੇ ਇਕ ਦਿਨ ਮੈਨੂੰ ਫੋਨ ਕੀਤਾ ਤੇ ਕਿਹਾ ਉਨ੍ਹਾਂ ਨੂੰ ਇਕ ਚਮਤਕਾਰੀ ਸਕ੍ਰਿਪਟ ਮਿਲੀ ਹੈ ਤੇ ਉਹ ਚਾਹੁੰਦੇ ਹਨ ਕਿ ਮੈਂ ਇਸ ਨੂੰ ਸੁਣਾਂ। ਮੈਂ ਨਰੇਸ਼ਨ ਲਈ ਗਿਆ। ਦਿਵਿਆਂਗ ਠੱਕਰ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਨਿਰਦੇਸ਼ਨ ਨਹੀਂ ਕੀਤਾ ਸੀ, ਨੇ ਮੈਨੂੰ ਇਕ ਨਰੇਸ਼ਨ ਦਿੱਤੀ, ਜਿਸ ’ਚ ਮੈਂ ਆਪਣੇ ਅੱਥਰੂਆਂ ਦੇ ਨਾਲ ਹੱਸ ਰਿਹਾ ਸੀ। ਮੈਂ ਇਕੋ ਵੇੇਲੇ ਹੱਸ ਤੇ ਰੋ ਰਿਹਾ ਸੀ। ਮੇਰੇ ਕੋਲ ਟੇਬਲ ’ਤੇ ਟਿਸ਼ੂ ਬਾਕਸ ਪਿਆ ਸੀ, ਜੋ ਨਰੇਸ਼ਨ ਦੇ ਅਖੀਰ ਤਕ ਖ਼ਤਮ ਹੋ ਗਿਆ। ਮੇਰਾ ਬਹੁਤ ਮਨੋਰੰਜਨ ਹੋਇਆ ਤੇ ਇਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ ਇਕ ਦਿਲੋਂ ਲਿਖੀ ਗਈ ਕਹਾਣੀ ਹੈ। ਮੈਨੂੰ ਦਰਸ਼ਕਾਂ ਲਈ ਸ਼ਾਨਦਾਰ ਐਂਟਰਟੇਨਰ ਦੇ ਰੂਪ ’ਚ ਜਾਣਿਆ ਜਾਂਦਾ ਹੈ ਤੇ ਮੈਂ ਸਭ ਤੋਂ ਵੱਡੇ ਫ਼ਿਲਮ ਨਿਰਮਾਤਾਵਾਂ ਨਾਲ ਸਹਿਯੋਗ ਕਰਨ ਲਈ ਕਿਸਮਤ ਵਾਲਾ ਹਾਂ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਭਾਰਤ ’ਚ ਸਿਨੇਮਾ ਲਈ ਉਨ੍ਹਾਂ ਦੇ ਜੀਵਨ ਤੋਂ ਵੱਡੇ ਨਜ਼ਰੀਏ ਦਾ ਹਿੱਸਾ ਬਣ ਸਕਦਾ ਹਾਂ, ਜਦਕਿ ਮੈਂ ਮੁੱਖ ਤੌਰ ’ਤੇ ਅਜਿਹੀਆਂ ਫ਼ਿਲਮਾਂ ਕਰਨਾ ਚਾਹੁੰਦਾ ਹਾਂ, ਜੋ ਭਾਈਚਾਰਕ ਤਜਰਬੇ ਲਈ ਦੇਸ਼ ਭਰ ਦੇ ਦਰਸ਼ਕਾਂ ਨੂੰ ਇਕਜੁਟ ਕਰਦੀਆਂ ਹਨ। ਮੈਂ ‘ਜਯੇਸ਼ਭਾਈ ਜੋਰਦਾਰ’ ਵਰਗੀਆਂ ਅਹਿਮ ਫ਼ਿਲਮਾਂ ਨੂੰ ਵੀ ਚੁਣਾਂਗਾ, ਜੋ ਵਿਅੰਗਾਤਮਕ ਤੌਰ ’ਤੇ ਜ਼ਹਿਰ ਭਰੇ ਪੁਰਸ਼ਤਵ ਬਾਰੇ ਗੱਲ ਕਰਦੀਆਂ ਹਨ। ਮੈਂ ਸਕ੍ਰਿਪਟ ਤੋਂ ਪ੍ਰਭਾਵਿਤ ਸੀ ਤੇ ਕਹਾਣੀ ਸੁਣਦਿਆਂ ਹੀ ਮੈਨੂੰ ਲੱਗਾ ਸੀ ਕਿ ਮੈਂ ਇਹ ਫ਼ਿਲਮ ਕਰਨੀ ਹੈ।

ਉੱਭਰ ਰਹੇ ਨਿਰਦੇਸ਼ਕ ਦਿਵਿਆਂਗ ਠਾਕੁਰ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਇਸ ਫ਼ਿਲਮ ਦਾ ਦਿਲ ਲੇਖਕ-ਨਿਰਦੇਸ਼ਕ ਦਿਵਿਆਂਗ ਠੱਕਰ ਹਨ ਤੇ ਉਹ ਸ਼ੁੱਧ ਪ੍ਰੇਮ ਤੇ ਆਨੰਦ ਦਾ ਬੰਡਲ ਹਨ। ਉਨ੍ਹਾਂ ਦੇ ਦਿਲ ਦੀ ਚੰਗਿਆਈ, ਦਿਆਲੂ, ਨਿਮਰ ਤੇ ਪਿਆਰ ਕਰਨ ਵਾਲੀ ਆਤਮਾ, ਜੋ ਉਨ੍ਹਾਂ ਦੇ ਕੰਮ, ਉਨ੍ਹਾਂ ਦੀ ਫ਼ਿਲਮ ’ਚ ਉਨ੍ਹਾਂ ਦੀ ਲੇਖਣੀ ਤੇ ਮੇਰੇ ਕਿਰਦਾਰ ’ਚੋਂ ਝਲਕਦੀ ਹੈ।

ਇਮੋਸ਼ਨ, ਡਰਾਮਾ ਤੇ ਸੋਸ਼ਲ ਮੈਸੇਜ ਤੋਂ ਇਲਾਵਾ ਫ਼ਿਲਮ ’ਚ ਹੋਰ ਕੀ ਖ਼ਾਸ ਹੈ?
ਜਯੇਸ਼ਭਾਈ ਜਿਸ ਤਰ੍ਹਾਂ ਸਾਡੇ ਦੇਸ਼ ’ਚ ਮੌਜੂਦਾ ਅਸਲ ਸਮੱਸਿਆਵਾਂ ਨਾਲ ਨਜਿੱਠਦੇ ਹਨ, ਉਹ ਅਸਲ ’ਚ ਮੈਨੂੰ ਪਸੰਦ ਹੈ ਪਰ ਇਹ ਪ੍ਰਵੀਨਗੜ੍ਹ ਦੀ ਇਕ ਕਾਲਪਨਿਕ ਦੁਨੀਆ ’ਚ ਸਥਾਪਿਤ ਹੈ। ਇਹ ਦੁਨੀਆ ਅਜੀਬੋ-ਗਰੀਬ ਢੰਗ ਨਾਲ ਚੱਲਦੀ ਹੈ। ਮੈਨੂੰ ਪਤਾ ਹੈ ਕਿ ‘ਜਯੇਸ਼ਭਾਈ ਜੋਰਦਾਰ’ ਮੇਰੇ ਲਈ ਜੋਖ਼ਮ ਭਰਿਆ ਕਦਮ ਹੈ। ਮੈਨੂੰ ਪਤਾ ਹੈ ਕਿ ਮੈਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਨਹੀਂ ਕੀਤੀਆਂ ਤੇ ਮੈਂ ਸੁਰਖ਼ੀਆਂ ’ਚ ਰਹਿਣ ਲਈ ਜਾਣਿਆ ਜਾਂਦਾ ਹਾਂ। ਮੈਨੂੰ ਪਤਾ ਹੈ ਕਿ ਇਸ ਦਾ ਕੈਨਵਸ ਵੱਡਾ ਨਹੀਂ ਪਰ ਇਸ ਦਾ ਦਿਲ ਸਹੀ ਜਗ੍ਹਾ ’ਤੇ ਹੈ ਤੇ ਇਹ ਇਕ ਅਜਿਹੀ ਫ਼ਿਲਮ ਹੈ, ਜਿਸ ਨੂੰ ਸਾਡੀ ਫ਼ਿਲਮ ਇੰਡਸਟਰੀ ਨੇ ਬਣਾਉਣਾ ਸੀ। ਇਸ ਲਈ ਮੈਨੂੰ ਇਸ ਦਾ ਸਮਰਥਨ ਕਰਨ ’ਤੇ ਮਾਣ ਹੈ ਤੇ ਉਮੀਦ ਹੈ ਕਿ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ।

ਤੁਹਾਡਾ ਕਿਰਦਾਰ ਅਸਲ ’ਚ ਇਕ ਨਾਇਕ ’ਤੇ ਗੈਰ-ਪ੍ਰੰਪਰਾਵਾਦੀ ਰੂਪ ਹੈ ਤਾਂ ਸਾਨੂੰ ਦੱਸੋ ਕਿ ਇਸ ਭੂਮਿਕਾ ਲਈ ਤੁਹਾਨੂੰ ਸਭ ਤੋਂ ਵੱਧ ਕਿਸ ਨੇ ਪ੍ਰੇਰਿਤ ਕੀਤਾ?
‘ਜਯੇਸ਼ਭਾਈ ਜੋਰਦਾਰ’ ਲਈ ਮੇਰੇ ਪਿਤਾ ਮੇਰੇ ਪ੍ਰੇਰਣਾਸ੍ਰੋਤ ਰਹੇ ਹਨ। ਮੈਂ ਆਪਣੇ ਜੀਵਨ ਦੇ ਉਸ ਪਹਿਲੂ ਤੋਂ ਬਹੁਤ ਕੁਝ ਉਧਾਰ ਲਿਆ, ਜਿਸ ਤਰ੍ਹਾਂ ਮੇਰੇ ਪਿਤਾ ਇਕ ਪਰਿਵਾਰ ਦੇ ਰੂਪ ’ਚ ਸਾਡੇ ਨਾਲ ਸਨ, ਉਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਅਸੀਂ ਹੀ ਉਨ੍ਹਾਂ ਲਈ ਮਾਇਨੇ ਰੱਖਦੇ ਸੀ, ਉਨ੍ਹਾਂ ਦੇ ਜਾਗਣ ਦੇ ਪਲ ਤੋਂ ਲੈ ਕੇ ਉਨ੍ਹਾਂ ਦੇ ਸੌਣ ਤੱਕ, ਉਨ੍ਹਾਂ ਦਾ ਇਕੋ-ਇਕ ਉਦੇਸ਼ ਸਾਨੂੰ ਇਕ ਬਿਹਤਰ ਜੀਵਨ ਦੇਣਾ ਸੀ। ਸਭ ਤੋਂ ਚੰਗਾ ਰਖਵਾਲਾ ਤੇ ਪ੍ਰਦਾਤਾ ਬਣਨਾ ਸੀ, ਜੋ ਉਹ ਸੰਭਵ ਤੌਰ ’ਤੇ ਹੋ ਸਕਦੇ ਸਨ। ਸਭ ਤੋਂ ਚੰਗਾ ਪਰਿਵਾਰਕ ਵਿਅਕਤੀ ਬਣਨ ਲਈ, ਜੋ ਉਹ ਸੰਭਵ ਤੌਰ ’ਤੇ ਬਣ ਸਕਦੇ ਸਨ। ਆਪਣੀ ਸ਼ਕਤੀ ’ਚ ਸਭ ਕੁਝ ਕਰਨ ਲਈ, ਭਾਵੇਂ ਉਹ ਉਸ ਤੋਂ ਕਿੰਨਾ ਵੀ ਲੈਣ–ਸਰੀਰਕ, ਮਾਨਸਿਕ, ਭਾਵਨਾਤਮਕ ਤੌਰ ’ਤੇ ਉਹ ਸਾਨੂੰ ਇਕ ਬਿਹਤਰ ਜੀਵਨ ਦੇਣ ਦੀ ਇਸ ਕੋਸ਼ਿਸ਼ ’ਚ ਸਭ ਕੁਝ ਪਾ ਦੇਣਗੇ, ਜੋ ਜਯੇਸ਼ਭਾਈ ਦੀ ਯਾਤਰਾ ਦਾ ਆਧਾਰ ਵੀ ਸੀ।

ਗੁਜਰਾਤੀ ਉਚਾਰਣ ਲਈ ਤੁਹਾਨੂੰ ਵੱਡੇ ਪੱਧਰ ’ਤੇ ਸ਼ਲਾਘਾ ਮਿਲ ਰਹੀ ਹੈ ਤਾਂ ਤੁਸੀਂ ‘ਜਯੇਸ਼ਭਾਈ ਜੋਰਦਾਰ’ ਲਈ ਕਿਵੇਂ ਤਿਆਰੀ ਕੀਤੀ?
ਮੈਂ ਇਕ ਡਿਸਕਸ਼ਨ ਕੋਚ ਨਾਲ ਇਕ ਮਹੀਨੇ ਤੋਂ ਵੱਧ ਸਮਾਂ ਕੰਮ ਕੀਤਾ ਕਿਉਂਕਿ ਜਯੇਸ਼ਭਾਈ ਜਿਸ ਤਰ੍ਹਾਂ ਬੋਲਦੇ ਹਨ, ਉਹ ਗੁਜਰਾਤ ਦੇ ਲੋਕਾਂ ਲਈ ਵਿਸ਼ੇਸ਼ ਹੈ। ਮੈਂ ਠੀਕ-ਠੀਕ ਬੋਲਣਾ ਸੀ ਕਿ ਉਨ੍ਹਾਂ ਦੀ ਹਿੰਦੀ ਕਿਹੋ ਜਿਹੀ ਲੱਗੇਗੀ ਤੇ ਇਹ ਇਕ ਜ਼ਰੂਰੀ ਕੰਮ ਸੀ। ਇਸ ਲਈ ਮੈਂ ਆਪਣੇ ਨਿਰਦੇਸ਼ਕ ਦਿਵਿਆਂਗ ਦਾ ਧੰਨਵਾਦ ਕੀਤਾ, ਜੋ ਗੁਜਰਾਤ ਤੋਂ ਵੀ ਹਨ। ਮੈਂ ਕੁਝ ਹੋਰ ਕੰਮ ਕੀਤੇ। ਉਨ੍ਹਾਂ ਨੂੰ ਗੁਜਰਾਤੀ ਥੀਏਟਰ ਤੇ ਫ਼ਿਲਮ ਇੰਡਸਟਰੀ ਦੇ ਅਨੋਖੇ ਕਲਾਕਾਰਾਂ ਨਾਲ ਮਿਲਵਾਇਆ, ਜਿਨ੍ਹਾਂ ਨੂੰ ‘ਜਯੇਸ਼ਭਾਈ ਜੋਰਦਾਰ’ ’ਚ ਕਾਸਟ ਕੀਤਾ ਗਿਆ ਹੈ। ਦਿਵਿਆਂਗ ਨੇ ਇਹ ਯਕੀਨੀ ਬਣਾਇਆ ਕਿ ਉਹ ਸੈੱਟ ’ਤੇ ਹਮੇਸ਼ਾ ਮੇਰੇ ਆਸ-ਪਾਸ ਰਹਿਣ ਤਾਂ ਜੋ ਮੈਂ ਉਨ੍ਹਾਂ ਨਾਲ ਆਪਣੇ ਦ੍ਰਿਸ਼ਾਂ ਦੀ ਲਗਾਤਾਰ ਰਿਹਰਸਲ ਕਰ ਸਕਾਂ। ਮੇਰੇ ਲਈ ਜਯੇਸ਼ਭਾਈ ਬਣਨ ਦੀ ਇਹ ਵੱਡਮੁੱਲੀ ਪ੍ਰਕਿਰਿਆ ਸੀ।

ਅੱਜ ਵੀ ਸਾਡੇ ਦੇਸ਼ ’ਚ ਮੁੰਡਿਆਂ ਤੇ ਕੁੜੀਆਂ ’ਚ ਵਿਤਕਰਾ ਕੀਤਾ ਜਾਂਦਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਇਹ ਫ਼ਿਲਮ ਸਟੀਰੀਓਟਾਈਪ ਸੋਚ ਨੂੰ ਤੋੜ ਸਕੇਗੀ?
ਮੈਨੂੰ ਲੱਗਦਾ ਹੈ ਕਿ ਜਿਸ ਸਮੇਂ ’ਚ ਅਸੀਂ ਰਹਿ ਰਹੇ ਹਾਂ, ਉਸ ਦੇ ਲਈ ‘ਜਯੇਸ਼ਭਾਈ ਜੋਰਦਾਰ’ ਬਹੁਤ ਅਹਿਮ ਫ਼ਿਲਮ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਮਾਜ ’ਚ ਮੌਜੂਦ ਕੁਝ ਬੁਰਾਈਆਂ ਨੂੰ ਵਿਖਾਉਂਦੀ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਨੂੰ ਇਕ ਅਜਿਹੀ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਜਿਸ ’ਚ ਢੁਕਵਾਂ ਸਮਾਜਿਕ ਸੁਨੇਹਾ ਹੈ, ਫਿਰ ਵੀ ਇਕ ਮਨੋਰੰਜਨਕਰਤਾ ਵਜੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਉਨ੍ਹਾਂ ਚੀਜ਼ਾਂ ’ਚੋਂ ਇਕ ਹੈ, ਜਿਸ ਦੀ ਮੈਂ ਤਹਿ ਦਿਲੋਂ ਆਸ ਕੀਤੀ ਸੀ ਕਿ ਮੈਂ ਆਪਣੇ ਸ਼ਿਲਪ ਤੇ ਕਲਾ ਦੀ ਮਦਦ ਨਾਲ ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਹਾਂ। ਮੈਨੂੰ ਅਸਲ ’ਚ ਖ਼ੁਸ਼ੀ ਹੈ ਕਿ ‘ਜਯੇਸ਼ਭਾਈ ਜੋਰਦਾਰ’ ਦੀ ਟੀਮ ਦੇ ਰੂਪ ’ਚ ਅਸੀਂ ਸਿਨੇਮਾ ਦੀ ਉਸ ਸ਼ਕਤੀ ਦੀ ਵਰਤੋਂ ਕਰਨ ਤੇ ਲੋਕਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਹਾਂ ਤੇ ਆਸ ਹੈ ਕਿ ਪਾਜ਼ੇਟਿਵ ਢੰਗ ਨਾਲ ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਾਂਗੇ।

ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਦੱਸੋ।
ਮੈਂ ਇਨ੍ਹੀਂ ਦਿਨੀਂ ਕਰਨ ਜੌਹਰ ਦੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦੀ ਸ਼ੂਟਿੰਗ ਕਰ ਰਿਹਾ ਹਾਂ। ਕੱਲ ਅਸੀਂ ‘ਸਰਕਸ’ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ, ਜੋ ਇਸ ਸਾਲ ਕ੍ਰਿਸਮਸ ਦੇ ਹਫਤੇ ਦੇ ਅਖੀਰ ’ਚ ਰਿਲੀਜ਼ ਹੋਵੇਗੀ। ਮੈਨੂੰ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੀ ਉਡੀਕ ਹੈ।

ਟਰੇਲਰ ’ਤੇ ਦੀਪਿਕਾ ਪਾਦੁਕੋਣ ਦੀ ਕੀ ਪ੍ਰਤੀਕਿਰਿਆ ਸੀ?
ਦੀਪਿਕਾ ਅਜਿਹੀ ਸ਼ਖ਼ਸ ਹੈ, ਜੋ ਬਹੁਤ ਈਮਾਨਦਾਰ ਹੈ। ਉਹ ਮੇਰੇ ਨਾਲ ਕਦੇ ਝੂਠ ਨਹੀਂ ਬੋਲਦੀ। ਉਹ ਹਮੇਸ਼ਾ ਮੈਨੂੰ ਇਹੀ ਕਹਿੰਦੀ ਹੈ ਜਿਸ ਤਰ੍ਹਾਂ ਮੈਂ ਕਿਹਾ ਹੈ। ਇਸ ਲਈ ਜੇ ਉਹ ਪ੍ਰਸ਼ੰਸਾ ਕਰਦੀ ਹੈ ਤਾਂ ਇਸ ਦਾ ਅਸਰ ਵੱਖਰਾ ਹੋਵੇਗਾ। ਉਸ ਨੇ ਕੁਝ ਅਜਿਹਾ ਕਿਹਾ ਜੋ ਸਿੱਧਾ ਮੇਰੇ ਦਿਲ ’ਚ ਉਤਰ ਗਿਆ। ‘83’ ਤੋਂ ਬਾਅਦ ‘ਜਯੇਸ਼ਭਾਈ ਜੋਰਦਾਰ’ ਦੇ ਟਰੇਲਰ ਪਿੱਛੋਂ ਉਸ ਨੇ ਕਿਹਾ, ‘‘ਤੁਸੀਂ ਜੋ ਕਰ ਰਹੇ ਹੋ, ਉਹ ਕਾਫੀ ਅਨੋਖਾ ਹੈ ਕਿਉਂਕਿ ਤੁਸੀਂ ਅਸਲ ’ਚ ਮੁੱਖ ਧਾਰਾ ਦੇ ਅਭਿਨੇਤਾ ਹੋ। ਫਿਰ ਵੀ ਤੁਸੀਂ ਸਮੇਂ-ਸਮੇਂ ’ਤੇ ਵਿਸ਼ੇਸ਼ ਕਰੈਕਟਰਸ ਨੂੰ ਬਣਾਉਣ ’ਚ ਸਮਰੱਥ ਹੋ। ਜਦੋਂ ਕੋਈ ਤੁਹਾਨੂੰ ਸਕ੍ਰੀਨ ’ਤੇ ਵੇਖਦਾ ਹੈ ਤਾਂ ਕੋਈ ਤੁਹਾਨੂੰ ਟਰੇਸ ਨਹੀਂ ਕਰ ਸਕਦਾ ਤੇ ਤੁਸੀਂ ਇਸ ਕਿਰਦਾਰ ਨੂੰ ਉਸ ਹੱਦ ਤਕ ਲੈ ਗਏ ਹੋ, ਜੋ ਅਨੋਖਾ ਹੈ।’’

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News