ਅੱਜ ਪਵੇਗਾ ਡਿਪਟੀ ਵੋਹਰਾ ਦਾ ਭੋਗ ਤੇ ਹੋਵੇਗੀ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ
Thursday, Jan 19, 2023 - 11:34 AM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੇ ਕਰੀਬੀ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ ਦੀ ਬੀਤੇ ਕੁਝ ਹਫ਼ਤੇ ਪਹਿਲਾ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਆਪਣੇ ਦੋਸਤ ਦੀ ਮੌਤ ਨੂੰ ਲੈ ਕੇ ਰਣਜੀਤ ਬਾਵਾ ਨੂੰ ਡੂੰਘਾ ਸਦਮਾ ਲੱਗਾ ਹੈ, ਕਿਉਂਕਿ ਡਿਪਟੀ ਵੋਹਰਾ ਉਨ੍ਹਾਂ ਦੇ ਕਾਫ਼ੀ ਕਰੀਬ ਮੰਨੇ ਜਾਂਦੇ ਸਨ। ਹਾਲ ਹੀ 'ਚ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਰਣਜੀਤ ਬਾਵਾ ਦੀ ਇਸ ਪੋਸਟ ਮੁਤਾਬਕ, ਡਿਪਟੀ ਵੋਹਰਾ ਦਾ 19 ਜਨਵਰੀ, ਦਿਨ ਵੀਰਵਾਰ ਨੂੰ ਅੰਤਿਮ ਅਰਦਾਸ ਤੇ ਭੋਗ ਹੋਣ ਜਾ ਰਿਹਾ ਹੈ।
ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ, ਜਿਸ 'ਚ ਲਿਖਿਆ ਹੋਇਆ, 'ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਡਿਪਟੀ ਵੋਹਰਾ ਜੀ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ 19 ਜਨਵਰੀ ਦਿਨ ਵੀਰਵਾਰ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਬਟਾਲਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।'
ਦੱਸ ਦਈਏ ਕਿ ਡਿਪਟੀ ਵੋਹਰਾ ਦੇ ਅੰਤਿਮ ਸੰਸਕਾਰ ਦੌਰਾਨ ਰਣਜੀਤ ਬਾਵਾ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਡਿਪਟੀ ਵੋਹਰਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਸੀ। ਇਸ ਦੌਰਾਨ ਰਣਜੀਤ ਬਾਵਾ ਤਾਂਹਾ ਮਾਰ ਕੇ ਰੋਂਦੇ ਨਜ਼ਰ ਆਏ। ਰਣਜੀਤ ਬਾਵਾ ਨੇ ਅਪਣੇ ਨਾਲ-ਨਾਲ ਵੋਹਰਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਦਿੱਤਾ ਤੇ ਉਨ੍ਹਾਂ ਦਾ ਹਮੇਸ਼ਾ ਸਾਥ ਦੇਣ ਦੀ ਗੱਲ ਕਹੀ। ਮੈਨੇਜਰ ਡਿਪਟੀ ਵੋਹਰਾ ਦੀ ਮੌਤ 'ਤੇ ਰਣਜੀਤ ਬਾਵਾ ਨੇ ਦੁੱਖ ਪ੍ਰਗਟਾਉਂਦਿਆਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ, ''ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ, ਬਹੁਤ ਅੱਗੇ ਜਾਣਾ ਸੀ 🙏🏻ਸਾਡੀ 20 ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ 🙏🏻ਮੈ ਕਿੱਥੋ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ 🙏🏻ਅਲਵਿਦਾ ਭਰਾ 🙏🏻ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ।''
ਦੱਸਣਯੋਗ ਹੈ ਕਿ ਡਿਪਟੀ ਵੋਹਰਾ ਤੇ ਰਣਜੀਤ ਬਾਵਾ ਦੇ ਦਰਮਿਆਨ ਡੂੰਘਾ ਰਿਸ਼ਤਾ ਸੀ। ਡਿਪਟੀ ਬਾਵਾ ਦੇ ਦੋਸਤ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮੈਨੇਜਰ ਵੀ ਸੀ। ਰਣਜੀਤ ਬਾਵਾ ਨੂੰ ਡਿਪਟੀ ਦੀ ਮੌਤ ਨਾਲ ਡੂੰਘਾ ਸਦਮਾ ਪਹੁੰਚਿਆ ਹੈ। ਉਹ ਅਕਸਰ ਵੋਹਰਾ ਦੇ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਡਿਪਟੀ ਵੋਹਰਾ 8 ਜਨਵਰੀ ਨੂੰ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਆਪਣੇ ਘਰ ਬਟਾਲਾ ਵਿਖੇ ਆ ਰਹੇ ਸਨ। ਇਸ ਦੌਰਾਨ ਰਾਤ 10 :30 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਮੌਤ ਉੱਪਰ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦਾ ਅੰਦਾਜ਼ਾ ਰਣਜੀਤ ਬਾਵਾ ਵਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ। ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ। ਇਸ ਪੁਰਾਣੀ ਦੋਸਤੀ ਨੂੰ ਖੋਹਣ ਤੋਂ ਬਾਅਦ ਸ਼ਾਇਦ ਹੀ ਉਹ ਇਸ ਸਦਮੇ ਤੋਂ ਕਦੇ ਉੱਭਰ ਸਕਣ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।