''ਸਰਕਾਰ 4'' ਦਾ ਹਿੱਸਾ ਨਹੀਂ ਹੋਵੇਗੀ ਐਸ਼ਵਰਿਆ ਰਾਏ, ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਕੀਤੀ ਪੁਸ਼ਟੀ
Tuesday, Mar 24, 2026 - 04:25 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ (RGV) ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਰਕਾਰ 4' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਫਿਲਮ ਦੇ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕਾਂ ਵਿੱਚ ਸਟਾਰ ਕਾਸਟ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਹੁਣ ਵਰਮਾ ਨੇ ਸਾਫ ਕਰ ਦਿੱਤਾ ਹੈ ਕਿ 'ਸਰਕਾਰ' ਦੇ ਇਸ ਨਵੇਂ ਹਿੱਸੇ ਵਿੱਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਜ਼ਰ ਨਹੀਂ ਆਵੇਗੀ।
ਕੀ ਹੋਵੇਗਾ ਫਿਲਮ 'ਚ ਖਾਸ?
ਇੱਕ ਇੰਟਰਵਿਊ ਦੌਰਾਨ ਜਦੋਂ ਰਾਮ ਗੋਪਾਲ ਵਰਮਾ ਤੋਂ ਪੁੱਛਿਆ ਗਿਆ ਕਿ ਕੀ ਇਸ ਵਾਰ ਅਮਿਤਾਭ ਅਤੇ ਅਭਿਸ਼ੇਕ ਦੇ ਨਾਲ ਐਸ਼ਵਰਿਆ ਵੀ ਫਿਲਮ ਦਾ ਹਿੱਸਾ ਹੋਵੇਗੀ, ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਨਹੀਂ, ਐਸ਼ਵਰਿਆ ਇਸ ਫਿਲਮ ਵਿੱਚ ਨਹੀਂ ਹੈ।" ਉਨ੍ਹਾਂ ਦੱਸਿਆ ਕਿ, 'ਸਰਕਾਰ 4' ਦੀ ਕਹਾਣੀ ਅਤੇ ਦੁਨੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਸ਼ਾਲ ਹੋਵੇਗੀ। ਇਸ ਵਾਰ ਵਿਸ਼ਾ-ਵਸਤੂ ਨੂੰ ਬਹੁਤ ਵੱਡੇ ਪੱਧਰ 'ਤੇ ਦਿਖਾਇਆ ਜਾਵੇਗਾ, ਜੋ ਪਰਦੇ ਦੇ ਪਿੱਛੇ ਦੀਆਂ ਗਤੀਵਿਧੀਆਂ 'ਤੇ ਕੇਂਦਰਿਤ ਹੋਵੇਗਾ। ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।
'ਸਰਕਾਰ' ਫ੍ਰੈਂਚਾਇਜ਼ੀ ਦਾ ਸਫ਼ਰ
ਰਾਮ ਗੋਪਾਲ ਵਰਮਾ ਦੀ ਇਸ ਮਸ਼ਹੂਰ ਸੀਰੀਜ਼ ਦੀ ਸ਼ੁਰੂਆਤ 2005 ਵਿੱਚ 'ਸਰਕਾਰ' ਨਾਲ ਹੋਈ ਸੀ, ਜਿਸ ਵਿੱਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਵਿੱਚ ਸਨ। ਫਿਰ 2008 ਵਿਚ ਇਸ ਦਾ ਸੀਕਵਲ ਆਇਆ, ਜਿਸ ਵਿੱਚ ਐਸ਼ਵਰਿਆ ਰਾਏ ਨੇ 'ਅਨੀਤਾ ਰਾਜਨ' ਦਾ ਕਿਰਦਾਰ ਨਿਭਾਇਆ ਸੀ। ਇਸ ਮਗਰੋਂ 2017 ਵਿੱਚ 'ਸਰਕਾਰ 3' ਰਿਲੀਜ਼ ਹੋਈ, ਜਿਸ ਵਿੱਚ ਅਮਿਤਾਭ ਬੱਚਨ ਦੇ ਨਾਲ ਯਾਮੀ ਗੌਤਮ, ਮਨੋਜ ਬਾਜਪਾਈ ਅਤੇ ਅਮਿਤ ਸਾਧ ਵਰਗੇ ਕਲਾਕਾਰ ਨਜ਼ਰ ਆਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ 'ਸਰਕਾਰ 4' ਵਿੱਚ ਇਸ ਵਾਰ ਕਿਹੜੇ ਨਵੇਂ ਚਿਹਰੇ ਐਂਟਰੀ ਲੈਂਦੇ ਹਨ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਕੀ ਕਮਾਲ ਦਿਖਾਉਂਦੀ ਹੈ।
