''ਆਪ੍ਰੇਸ਼ਨ ਸਿੰਦੂਰ'' ਲਈ ਰਜਨੀਕਾਂਤ ਨੇ ਕੀਤੀ PM ਮੋਦੀ ਦੀ ਤਾਰੀਫ਼, ਫੌਜੀਆਂ ਨੂੰ ਭੇਜਿਆ ਸਲਾਮ
Monday, May 12, 2025 - 01:32 PM (IST)

ਐਂਟਰਟੇਨਮੈਂਟ ਡੈਸਕ- ਦੱਖਣ ਦੇ ਸੁਪਰਸਟਾਰ ਅਤੇ ਅਦਾਕਾਰ ਰਜਨੀਕਾਂਤ ਜੋ 'ਥਲਾਈਵਾ' ਵਜੋਂ ਮਸ਼ਹੂਰ ਹਨ, ਨੇ ਭਾਰਤ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੀਡਰਸ਼ਿਪ ਹੁਨਰ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦਲੇਰਾਨਾ ਕਾਰਵਾਈ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਵੀ ਵਧਾਈ ਦਿੱਤੀ।
ਮੀਡੀਆ ਨਾਲ ਗੱਲ ਕਰਦੇ ਹੋਏ, ਰਜਨੀਕਾਂਤ ਨੇ ਅੱਤਵਾਦ ਵਿਰੁੱਧ ਭਾਰਤ ਦੇ ਸਖ਼ਤ ਸਟੈਂਡ ਦਾ ਸਮਰਥਨ ਕੀਤਾ ਅਤੇ ਕਿਹਾ, "ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਿਸ ਹਿੰਮਤ ਅਤੇ ਰਣਨੀਤੀ ਨਾਲ ਇਹ ਕਾਰਵਾਈ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਮੈਂ ਇਸ ਫੈਸਲਾਕੁੰਨ ਕਦਮ ਲਈ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਾਡੀਆਂ ਫੌਜਾਂ ਨੂੰ ਵਧਾਈ ਦਿੰਦਾ ਹਾਂ।"
ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਮੁੱਦੇ 'ਤੇ ਆਪਣਾ ਸਮਰਥਨ ਪ੍ਰਗਟ ਕੀਤਾ ਸੀ। 7 ਮਈ ਨੂੰ ਭਾਰਤ ਨੇ ਪਾਕਿਸਤਾਨ ਦੁਆਰਾ ਪਾਗਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਕੁਝ ਘੰਟਿਆਂ ਦੇ ਅੰਦਰ ਰਜਨੀਕਾਂਤ ਨੇ ਸੋਸ਼ਲ ਮੀਡੀਆ 'ਤੇ ਜਵਾਬ ਦਿੰਦੇ ਹੋਏ ਲਿਖਿਆ, "ਲੜਾਈ ਹੁਣ ਸ਼ੁਰੂ ਹੋ ਗਈ ਹੈ, ਮਿਸ਼ਨ ਪੂਰਾ ਹੋਣ ਤੱਕ ਰੁਕਣ ਦਾ ਕੋਈ ਸਵਾਲ ਹੀ ਨਹੀਂ ਹੈ। ਪੂਰਾ ਦੇਸ਼ ਤੁਹਾਡੇ ਨਾਲ ਹੈ।"
ਹਾਲਾਂਕਿ, ਬਾਅਦ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓ) ਵਿਚਕਾਰ ਗੱਲਬਾਤ ਰਾਹੀਂ ਜੰਗਬੰਦੀ 'ਤੇ ਸਹਿਮਤੀ ਬਣ ਗਈ। ਇਸ ਦੇ ਬਾਵਜੂਦ ਸਿੰਧੂ ਜਲ ਸੰਧੀ ਮੁਅੱਤਲ ਹੈ ਅਤੇ ਕਰਤਾਰਪੁਰ ਲਾਂਘਾ ਵੀ ਫਿਲਹਾਲ ਬੰਦ ਰਹੇਗਾ।
ਫਿਲਮਾਂ 'ਚ ਰੁਝੇ ਹਨ ਥਲਾਈਵਾ
ਕੰਮ ਦੀ ਗੱਲ ਕਰੀਏ ਤਾਂ ਰਜਨੀਕਾਂਤ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਕਾਫ਼ੀ ਰੁੱਝੇ ਹੋਏ ਹਨ। ਉਹ ਨਿਰਦੇਸ਼ਕ ਲੋਕੇਸ਼ ਕਨਾਗਰਾਜ ਨਾਲ ਫਿਲਮ 'ਕੂਲੀ' ਵਿੱਚ ਨਜ਼ਰ ਆਉਣਗੇ, ਜੋ 14 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ 2024 ਵਿੱਚ 'ਵੇਤਈਆਂ' ਤੋਂ ਬਾਅਦ ਰਜਨੀਕਾਂਤ ਦੀ ਅਗਲੀ ਵੱਡੀ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਜੈਲਰ 2 ਦੀ ਸ਼ੂਟਿੰਗ ਵਿੱਚ ਵੀ ਰੁੱਝੇ ਹੋਏ ਹਨ, ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਵੱਡਾ ਤੋਹਫ਼ਾ ਹੋਵੇਗਾ।