60 ਕਰੋੜ ਦੇ ਠੱਗੀ ਮਾਮਲੇ ''ਚ ਰਾਜ ਕੁੰਦਰਾ-ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਲਾਂ

Wednesday, Dec 17, 2025 - 01:49 PM (IST)

60 ਕਰੋੜ ਦੇ ਠੱਗੀ ਮਾਮਲੇ ''ਚ ਰਾਜ ਕੁੰਦਰਾ-ਸ਼ਿਲਪਾ ਸ਼ੈੱਟੀ ਦੀਆਂ ਵਧੀਆਂ ਮੁਸ਼ਕਲਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੇ ਉਨ੍ਹਾਂ ਅਤੇ ਸ਼ਿਲਪਾ ਸ਼ੈਟੀ ਖਿਲਾਫ਼ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਤੇ ਪਹਿਲੀ ਵਾਰ ਜਨਤਕ ਤੌਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
'ਇਲਜ਼ਾਮ ਬੇਬੁਨਿਆਦ ਤੇ ਮਨਘੜਤ'
ਇਹ ਮਾਮਲਾ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਦੁਆਰਾ ਜਾਂਚਿਆ ਜਾ ਰਿਹਾ ਹੈ, ਜਿਸ ਨੇ ਜਾਂਚ ਦੌਰਾਨ ਇਸ ਕੇਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਵੀ ਸ਼ਾਮਲ ਕਰ ਦਿੱਤੀ ਹੈ। ਇਸ ਕਾਰਵਾਈ ਤੋਂ ਬਾਅਦ ਰਾਜ ਕੁੰਦਰਾ ਨੇ ਆਪਣੀ ਚੁੱਪ ਤੋੜੀ।
ਰਾਜ ਕੁੰਦਰਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਖਿਲਾਫ਼ ਲਗਾਏ ਜਾ ਰਹੇ ਦੋਸ਼ 'ਤੱਥਹੀਣ ਅਤੇ ਮਨਘੜਤ' ਹਨ ਅਤੇ ਇਨ੍ਹਾਂ ਨੂੰ ਜਾਣਬੁੱਝ ਕੇ ਅਪਰਾਧਿਕ ਰੰਗ ਦਿੱਤਾ ਜਾ ਰਿਹਾ ਹੈ, ਜਦੋਂ ਕਿ ਇਸਦੀ ਕੋਈ ਕਾਨੂੰਨੀ ਬੁਨਿਆਦ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਮਾਮਲਾ ਪਹਿਲਾਂ ਹੀ ਬੰਬੇ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ, ਜਿੱਥੇ ਉਨ੍ਹਾਂ ਨੇ ਇੱਕ 'ਕੁਐਸ਼ਿੰਗ ਪਟੀਸ਼ਨ' ਦਾਇਰ ਕੀਤੀ ਹੋਈ ਹੈ। ਕਾਰੋਬਾਰੀ ਨੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਨੇ ਮੀਡੀਆ ਨੂੰ ਸੰਜਮ ਨਾਲ ਰਿਪੋਰਟਿੰਗ ਕਰਨ ਦੀ ਅਪੀਲ ਵੀ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਕੇਸ ਇੱਕ ਕਾਰੋਬਾਰੀ ਦੀਪਕ ਕੋਠਾਰੀ ਦੀ ਸ਼ਿਕਾਇਤ 'ਤੇ ਆਧਾਰਿਤ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਨੇ ਉਨ੍ਹਾਂ ਤੋਂ ਕਾਰੋਬਾਰ ਵਧਾਉਣ ਦੇ ਨਾਂ 'ਤੇ ਵੱਡੀ ਰਕਮ ਲਈ ਸੀ, ਪਰ ਉਸ ਰਕਮ ਦੀ ਵਰਤੋਂ ਨਿੱਜੀ ਲੋੜਾਂ ਲਈ ਕੀਤੀ ਗਈ। ਇਸ ਮਾਮਲੇ ਵਿੱਚ ਪਹਿਲਾਂ ਕਪਲ ਖਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ। ਹਾਈ ਕੋਰਟ ਨੇ ਇਸ ਤੋਂ ਪਹਿਲਾਂ ਕਪਲ ਨੂੰ 60 ਕਰੋੜ ਰੁਪਏ ਜਮ੍ਹਾ ਕਰਵਾਉਣ ਜਾਂ ਉਸ ਦੇ ਬਰਾਬਰ ਦੀ ਬੈਂਕ ਗਾਰੰਟੀ ਦੇਣ ਦੀ ਸ਼ਰਤ ਰੱਖੀ ਸੀ।
ਫਿਲਹਾਲ, EOW ਦੀ ਜਾਂਚ ਜਾਰੀ ਹੈ ਅਤੇ ਸ਼ਿਲਪਾ ਸ਼ੈਟੀ ਇਸ ਕਾਨੂੰਨੀ ਲੜਾਈ ਦੌਰਾਨ ਵੀ ਆਪਣੇ ਪ੍ਰੋਫੈਸ਼ਨਲ ਕੰਮਾਂ ਵਿੱਚ ਰੁੱਝੇ ਹੋਏ ਹਨ।
 


author

Aarti dhillon

Content Editor

Related News