ਆਮਿਰ ਖ਼ਾਨ ਨਾਲ ‘3 ਇਡੀਅਟਸ’ ’ਚ ਕੰਮ ਕਰਨ ਵਾਲੇ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

Thursday, Mar 25, 2021 - 04:40 PM (IST)

ਆਮਿਰ ਖ਼ਾਨ ਨਾਲ ‘3 ਇਡੀਅਟਸ’ ’ਚ ਕੰਮ ਕਰਨ ਵਾਲੇ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਆਰ. ਮਾਧਵਨ ਨੂੰ ਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ ਨੇ ਟਵਿਟਰ ’ਤੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਮਾਧਵਨ ਨੇ ਸਾਲ 2009 ’ਚ ਰਿਲੀਜ਼ ਹੋਈ ਫ਼ਿਲਮ ‘3 ਇਡੀਅਟਸ’ ਨਾਲ ਆਪਣੀ ਗੱਲ ਨੂੰ ਜੋੜਦਿਆਂ ਕੋਰੋਨਾ ਸਬੰਧੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਹੈ।

ਆਰ. ਮਾਧਵਨ ਨੇ ਫ਼ਿਲਮ ‘3 ਇਡੀਅਟਸ’ ਦੇ ਪੋਸਟਰ ਨਾਲ ਆਪਣੀ ਤੇ ਆਮਿਰ ਖ਼ਾਨ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਫਰਹਾਨ ਨੇ ਰੈਂਚੋ ਨੂੰ ਫਾਲੋਅ ਕਰਨਾ ਸੀ ਤੇ ਵਾਇਰਸ ਹਮੇਸ਼ਾ ਤੋਂ ਉਨ੍ਹਾਂ ਨੂੰ ਫਾਲੋਅ ਕਰ ਰਿਹਾ ਸੀ, ਹਾਲਾਂਕਿ ਇਸ ਵਾਰ ਉਸ ਨੇ ਸਾਨੂੰ ਫੜ ਹੀ ਲਿਆ ਪਰ ਆਲ ਇਜ਼ ਵੈੱਲ ਤੇ ਕੋਵਿਡ ਵੀ ਛੇਤੀ ਹੀ ਖੂਹ ’ਚ ਡਿੱਗੇਗਾ। ਹਾਲਾਂਕਿ ਇਹ ਉਹ ਜਗ੍ਹਾ ਹੈ, ਜਿਥੇ ਅਸੀਂ ਨਹੀਂ ਚਾਹੁੰਦੇ ਹਾਂ ਕਿ ਰਾਜੂ ਵੀ ਪਹੁੰਚੇ। ਧੰਨਵਾਦ ਤੁਹਾਡੇ ਪਿਆਰ ਲਈ। ਮੈਂ ਤੇਜ਼ੀ ਨਾਲ ਠੀਕ ਹੋ ਰਿਹਾ ਹਾਂ।’

ਦੱਸਣਯੋਗ ਹੈ ਕਿ ਫ਼ਿਲਮ ‘3 ਇਡੀਅਟਸ’ ’ਚ ਆਮਿਰ ਖ਼ਾਨ ਨੇ ਰੈਂਚੋ ਦਾ ਕਿਰਦਾਰ ਨਿਭਾਇਆ ਸੀ ਤੇ ਆਰ. ਮਾਧਵਨ ਫਰਹਾਨ ਦੇ ਕਿਰਦਾਰ ’ਚ ਸਨ। ਸ਼ਰਮਨ ਜੋਸ਼ੀ ਨੇ ਇਸ ਫ਼ਿਲਮ ’ਚ ਰਾਜੂ ਰਸਤੋਗੀ ਦਾ ਕਿਰਦਾਰ ਨਿਭਾਇਆ ਸੀ ਤੇ ਬੋਮਨ ਈਰਾਨੀ ਨੇ ਫ਼ਿਲਮ ’ਚ ਕਾਲਜ ਦੇ ਡੀਨ ਵੀਰੂ ਸਹਸਤਰਬੁੱਧੇ (ਵਾਇਰਸ) ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਦੇ ਕਿਰਦਾਰਾਂ ਨੂੰ ਜੋੜਦਿਆਂ ਹੀ ਆਰ. ਮਾਧਵਨ ਨੇ ਟਵੀਟ ’ਚ ਆਪਣੀ ਗੱਲ ਆਖੀ ਹੈ।

ਬੀਤੇ ਦਿਨੀਂ ਆਮਿਰ ਖ਼ਾਨ ਦੇ ਬੁਲਾਰੇ ਨੇ ਉਨ੍ਹਾਂ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਗੱਲ ਦੱਸੀ ਸੀ ਤੇ ਨਾਲ ਹੀ ਇਹ ਵੀ ਦੱਸਿਆ ਸੀ ਕਿ ਉਹ ਇਸ ਸਮੇਂ ਘਰ ’ਚ ਹੀ ਇਕਾਂਤਵਾਸ ਹਨ। ਬੀਤੇ ਕੁਝ ਦਿਨਾਂ ’ਚ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਮਹਾਰਾਸ਼ਟਰ ’ਚ ਵਾਇਰਸ ਇਕ ਵਾਰ ਮੁੜ ਤੇਜ਼ੀ ਨਾਲ ਫੈਲ ਰਿਹਾ ਹੈ। ਖਤਰੇ ਨੂੰ ਧਿਆਨ ’ਚ ਰੱਖਦਿਆਂ ਸਲਮਾਨ ਖ਼ਾਨ ਨੇ ਵੀ ਬੁੱਧਵਾਰ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News