'ਰਾਕ ਐਨ ਰੋਲ' ਦੀ ਰਾਣੀ ਟੀਨਾ ਟਰਨਰ ਦਾ ਦਿਹਾਂਤ, ਅਰਬਾਜ਼ ਖ਼ਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ
Thursday, May 25, 2023 - 12:36 PM (IST)
ਨਵੀਂ ਦਿੱਲੀ (ਬਿਊਰੋ) - 'ਰਾਕ ਐਨ ਰੋਲ' ਦੀ ਰਾਣੀ ਵਜੋਂ ਜਾਣੀ ਜਾਂਦੀ ਟੀਨਾ ਟਰਨਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ। 83 ਸਾਲਾ ਟੀਨਾ ਟਰਨਰ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਈ ਮਸ਼ਹੂਰ ਹਸਤੀਆਂ ਸਦਮੇ 'ਚ ਹਨ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਨੇ ਟੀਨਾ ਟਰਨਰ ਦੀ ਮੌਤ 'ਤੇ ਸੋਗ ਜਤਾਉਂਦਿਆਂ ਸੋਸ਼ਲ ਮੀਡੀਆ 'ਤੇ ਮਰਹੂਮ ਗਾਇਕ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਅਰਬਾਜ਼ ਖ਼ਾਨ ਨੇ ਕੈਪਸ਼ਨ 'ਚ ਲਿਖਿਆ, ''RIP ਟੀਨਾ ਟਰਨਰ।'' ਇਸ ਦੇ ਨਾਲ ਹੀ ਅਰਬਾਜ਼ ਖ਼ਾਨ ਨੇ ਟੁੱਟੇ ਦਿਲ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ।
ਖ਼ਬਰਾਂ ਮੁਤਾਬਕ, ਬੁੱਧਵਾਰ ਟੀਨਾ ਟਰਨਰ ਦੇ ਪ੍ਰਚਾਰਕ ਬਰਨਾਰਡ ਡੋਹਰਟੀ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤ, ਜਿਸ 'ਚ ਕਿਹਾ ਗਿਆ ''ਰਾਕ ਐਨ ਰੋਲ' ਦੀ ਰਾਣੀ ਦਾ ਅੱਜ 83 ਸਾਲ ਦੀ ਉਮਰ 'ਚ ਸਵਿਟਜ਼ਰਲੈਂਡ ਦੇ ਜ਼ਿਊਰਿਖ ਨੇੜੇ ਕੁਸਨਾਚਟ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਦੁਨੀਆ ਨੇ ਇਕ ਮਹਾਨ ਸੰਗੀਤਕਾਰ ਅਤੇ ਰੋਲ ਮਾਡਲ ਨੂੰ ਗੁਆ ਦਿੱਤਾ ਹੈ।"
ਦੱਸਣਯੋਗ ਹੈ ਕਿ ਟੀਨਾ ਟਰਨਰ ਦੀ ਸਿਹਤ ਪਿਛਲੇ ਕਈ ਸਾਲਾਂ ਤੋਂ ਠੀਕ ਨਹੀਂ ਸੀ। ਸਾਲ 2016 'ਚ ਟੀਨਾ ਨੂੰ ਅੰਤੜੀਆਂ ਦੇ ਕੈਂਸਰ ਦਾ ਪਤਾ ਲੱਗਿਆ ਸੀ। ਇੱਕ ਸਾਲ ਬਾਅਦ ਹੀ ਉਸ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ। 26 ਨਵੰਬਰ 1939 ਨੂੰ ਜਨਮੀ ਟੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 60 ਦੇ ਦਹਾਕੇ 'ਚ ਕੀਤੀ ਸੀ। ਟੀਨਾ ਟਰਨਰ ਦਾ ਪਹਿਲਾ ਗੀਤ 'ਏ ਫੂਲ ਇਨ ਲਵ' ਸੀ, ਜੋ ਉਸ ਨੇ ਆਪਣੇ ਸਾਬਕਾ ਪਤੀ ਆਈਕੇ ਨਾਲ ਗਾਇਆ ਸੀ। ਇਸ ਨੇ ਸਫ਼ਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। 60 ਦੇ ਦਹਾਕੇ ਦੇ ਅੱਧ 'ਚ ਟੀਨਾ ਅਤੇ ਉਸ ਦੇ ਪਤੀ ਆਈਕੇ ਦੀ ਜੋੜੀ ਨੇ ਸੰਗੀਤ ਉਦਯੋਗ ਨੂੰ ਹਿਲਾ ਦਿੱਤਾ। ਹਾਲਾਂਕਿ, ਜਦੋਂ ਟੀਨਾ ਨੇ 70 ਦੇ ਦਹਾਕੇ 'ਚ ਆਪਣੇ ਪਤੀ ਆਈਕੇ ਨੂੰ ਤਲਾਕ ਦੇ ਦਿੱਤਾ ਤਾਂ ਉਨ੍ਹਾਂ ਦਾ ਪੇਸ਼ੇਵਰ ਜੋੜਾ ਵੀ ਵੱਖ ਹੋ ਗਿਆ।