ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੈ ਲੱਖ ਰੁਪਏ ! ਕਰੋੜਾਂ ''ਚ ਹੈ ਸਾਲ ਦੀ ਕਮਾਈ
Monday, Dec 02, 2024 - 02:54 PM (IST)
ਐਂਟਰਟੇਨਮੈਂਟ ਡੈਸਕ : 'ਤੌਬਾ ਤੌਬਾ' ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਵੱਖਰੀ ਪਛਾਣ ਬਣਾਈ ਹੋਈ ਹੈ। ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿਚ ਖੂਬ ਨਾਂ ਕਮਾ ਰਹੇ ਹਨ। ਕਰਨ ਔਜਲਾ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ।
ਕਰੋੜਾਂ 'ਚ ਹੈ ਸਾਲਾਨਾ ਕਮਾਈ
ਕਰਨ ਔਜਲਾ ਦੀ ਕਮਾਈ ਦਾ ਸਰੋਤ ਕੇਵਲ ਗੀਤ ਨਹੀਂ ਹਨ। ਇਸ ਤੋਂ ਇਲਾਵਾ ਬ੍ਰਾਂਡ ਐਂਡੋਰਸਮੈਂਟ, ਸ਼ੋਸ਼ਲ ਮੀਡੀਆ, ਉਸ ਦੀ ਰਿਕਾਰਡ ਕੰਪਨੀ ਆਦਿ ਤੋਂ ਉਹ ਪੈਸਾ ਕਮਾਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਰਨ ਔਜਲਾ ਦੀ ਕੁੱਲ ਜਾਇਦਾਦ 108 ਕਰੋੜ ਹੈ। ਗਾਇਕ ਹਰ ਮਹੀਨੇ 15 ਲੱਖ ਤੱਕ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਗਾਇਕ ਇੱਕ ਗੀਤ ਲਈ 7-8 ਲੱਖ ਰੁਪਏ ਲੈਂਦੇ ਹਨ। ਜੇਕਰ ਸਾਲਾਨਾ ਕਮਾਈ ਦੀ ਗੱਲ ਕਰੀਏ ਤਾਂ ਗਾਇਕ ਇੱਕ ਸਾਲ 'ਚ 8 ਕਰੋੜ ਰੁਪਏ ਕਮਾ ਲੈਂਦੇ ਹਨ।
ਜਸਕਰਨ ਸਿੰਘ ਔਜਲਾ ਤੋਂ ਬਣੇ ਕਰਨ ਔਜਲਾ
ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।
ਬਚਪਨ ਤੋਂ ਲਿਖਣ ਦਾ ਸ਼ੌਕ
ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।
ਪਹਿਲਾ ਗੀਤ ਬੁਰੀ ਤਰ੍ਹਾਂ ਹੋਇਆ ਫਲਾਪ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਨ ਔਜਲਾ ਨੇ ਆਪਣਾ ਪਹਿਲਾ ਗੀਤ 'ਸੈੱਲ ਫ਼ੋਨ' ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਕਰਨ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ ਵਿਚ ਦੀਪ ਜੰਡੂ ਨਾਲ ਆਪਣੇ ਸਟੂਡੀਓ ਵਿਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਕਰਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ।
ਇਸ ਗੀਤ ਨਾਲ ਰਾਤੋਂ-ਰਾਤ ਬਣਿਆ ਸਟਾਰ
ਸਾਲ 2016 ਵਿਚ ਕਰਨ ਔਜਲਾ ਨੇ ਮੁੜ ਗੀਤ ਗਾਇਆ, ਜਿਸ ਦਾ ਨਾਂ 'ਪ੍ਰਾਪਰਟੀ ਆਫ਼ ਪੰਜਾਬ' ਸੀ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਲਿਆ ਅਤੇ ਉਹ ਗਾਣਿਆਂ ਵਿਚ ਰੈਪ ਕਰਨ ਲੱਗੇ। ਉਨ੍ਹਾਂ ਦੀ ਰੈਪ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗ ਪਿਆ। ਇਸ ਤੋਂ ਬਾਅਦ ਸਾਲ 2018 ਵਿਚ ਕਰਨ ਔਜਲਾ ਨੇ 'ਡੋਂਟ ਵਰੀ' ਗਾਣਾ ਗਾਇਆ। ਇਸ ਗੀਤ ਨੇ ਰਾਤੋਂ-ਰਾਤ ਕਰਨ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਕਰਨ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਔਜਲਾ ਦੇ ਸੁਪਰਹਿੱਟ ਗੀਤ ਆਉਂਦੇ ਰਹੇ। 'ਡੋਂਟ ਲੁੱਕ', 'ਡੋਂਟ ਵਰੀ', 'ਚਿੱਟਾ ਕੁੜਤਾ', 'ਨੋ ਨੀਡ', 'ਝਾਂਜਰ', 'ਅਲਕੋਹਲ' ਵਰਗੇ ਗੀਤ ਯਾਦਗਾਰੀ ਬਣ ਗਏ।
ਸਿੱਧੂ ਮੂਸੇਵਾਲਾ ਨਾਲ ਵਿਵਾਦ
ਕਿਹਾ ਜਾਂਦਾ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਜਿਗਰੀ ਦੋਸਤ ਹੁੰਦੇ ਸਨ ਪਰ ਔਜਲਾ ਨੇ ਮੂਸੇਵਾਲਾ ਦੇ ਗੀਤ ਲੀਕ ਕਰ ਦਿੱਤੇ ਸਨ। ਇਸ ਕਾਰਨ ਦੋਵਾਂ ਦੀ ਦੋਸਤੀ ਵਿਚ ਬਹੁਤ ਜ਼ਿਆਦਾ ਫਿੱਕ ਪੈ ਗਈ। ਇੱਥੋਂ ਤੱਕ ਕਿ ਇਹ ਦੋਵੇਂ ਇੱਕ-ਦੂਜੇ ਨਾਲ ਕੋਲੈਬੋਰੇਸ਼ਨ ਵੀ ਕਰਨ ਵਾਲੇ ਸਨ ਪਰ ਇਨ੍ਹਾਂ ਦੇ ਝਗੜੇ ਕਰਕੇ ਫ਼ੈਨਜ਼ ਨੂੰ ਇਨ੍ਹਾਂ ਦੋਵਾਂ ਦਾ ਇਕੱਠੇ ਗੀਤ ਦੇਖਣ ਨੂੰ ਨਹੀਂ ਮਿਲਿਆ।
30 ਕਰੋੜ ਦੀ ਜਾਇਦਾਦ ਦਾ ਮਾਲਕ ਕਰਨ ਔਜਲਾ
ਕਰਨ ਔਜਲਾ ਦੀ ਨੈੱਟ ਵਰਥ ਯਾਨੀਕਿ ਜਾਇਦਾਦ ਦਾ ਗ੍ਰਾਫ਼ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਉੱਪਰ ਚੜ੍ਹਿਆ ਹੈ। ਉਹ ਛੋਟੀ ਉਮਰ ਵਿਚ ਹੀ ਸਫ਼ਲ ਗਾਇਕ ਬਣੇ ਪਰ ਇਹ ਸਫ਼ਲਤਾ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ। ਇੱਕ ਰਿਪੋਰਟ ਮੁਤਾਬਕ, ਸਾਲ 2022 ਵਿਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨੀਕਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ। ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ।
ਕਾਰ ਕਲੈਕਸ਼ਨ
ਕਰਨ ਔਜਲਾ ਦਾ ਕਾਰ ਕਲੈਕਸ਼ਨ ਸ਼ਾਨਦਾਰ ਹੈ। ਉਨ੍ਹਾਂ ਕੋਲ ਲਗਭਗ 4 ਕਰੋੜ ਦੀਆਂ ਕਾਰਾਂ ਹਨ, ਜਿਨ੍ਹਾਂ ਵਿਚ 3.53 ਕਰੋੜ ਦੀ ਲੈਂਬੋਰਗਿਨੀ ਗੈਲਾਰਡੋ ਤੇ 70 ਲੱਖ ਦੀ ਵਿਨਟੇਜ ਕਾਰ ਸ਼ਾਮਲ ਹੈ। ਇਸ ਦੇ ਨਾਲ-ਨਾਲ ਔਜਲਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।