ਗਾਇਕ ਗੁਰਦਾਸ ਮਾਨ ਪਤਨੀ ਮਨਜੀਤ ਨਾਲ ਪਹੁੰਚੇ ਮੀਕਾ ਸਿੰਘ ਦੇ ਘਰ, ਖਾਣੇ ਦਾ ਉਠਾਇਆ ਲੁਤਫ
Friday, May 17, 2024 - 01:39 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਖਾਣੇ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਗੁਰਦਾਸ ਮਾਨ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦਿਆਂ ਲਿਖਿਆ ਹੈ, ''ਮੈਂ ਲੀਵਿੰਗ ਲੀਜੈਂਡ ਗੁਰਦਾਸ ਮਾਨ ਜੀ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਚਾਲੀ ਸਾਲਾਂ ਤੋਂ ਸਾਡਾ ਮਨੋਰੰਜਨ ਕਰਦੇ ਆ ਰਹੇ ਹਨ। ਭਾਜੀ ਤੁਹਾਡੇ ਕੀਮਤੀ ਸਮੇਂ ਲਈ ਬਹੁਤ-ਬਹੁਤ ਧੰਨਵਾਦ। ਪੰਜਾਬੀ ਸ਼ੇਰਾਂ ਦੀ ਚਾਲ ਵਾਂਗ ਤੁਰਦੇ ਰਹੋ ਤੇ ਰੌਕ ਕਰਦੇ ਰਹੋ।'' ਗੁਰਦਾਸ ਮਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਗੁਰਦਾਸ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਕਾਇਲ ਹੈ ਕਿਉਂਕਿ ਉਨ੍ਹਾਂ ਦਾ ਹਰ ਗੀਤ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ।
ਭਾਵੇਂ ਉਹ ਹੱਕ ਹਲਾਲ ਦੀ ਰੋਟੀ ਕਮਾਉਣ ਦੀ ਗੱਲ ਕਰਦਾ ਗੀਤ ‘ਰੋਟੀ ਹੱਕ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’, ਭਾਵੇਂ ਆਪਣੇ ਦੇਸ਼ ਨਾਲ ਪਿਆਰ ਦੀ ਗੱਲ ਕਰਦਾ ਗੀਤ 'ਲੱਖ ਪ੍ਰਦੇਸੀ ਹੋਈਏ ਆਪਣਾ ਮੁਲਕ ਨੀ ਭੰਡੀਦਾ' ਹੋਵੇ ਹਰ ਗੀਤ ‘ਚ ਉਨ੍ਹਾਂ ਨੇ ਸਰੋਤਿਆਂ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੁਰਦਾਸ ਮਾਨ ਜਿੱਥੇ ਚੋਟੀ ਦੇ ਗਾਇਕ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਦੱਸਣਯੋਗ ਹੈ ਕਿ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਾਰ ਜ਼ਿਲ੍ਹੇ 'ਚ ਸਥਿਤ ਪਿੰਡ ਗਿੱਦੜਬਾਹਾ 'ਚ ਹੋਇਆ। ਗੁਰਦਾਸ ਮਾਨ ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫਰ ਅਤੇ ਉੱਘੇ ਅਦਾਕਾਰ ਹਨ। ਸਾਲ 1980 'ਚ ਗਾਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਗੁਰਦਾਸ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਕਈ ਹਿੰਦੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ।
ਸਤੰਬਰ 2010 'ਚ ਬ੍ਰਿਟੇਨ ਦੇ ਵੋਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ 'ਚ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨਾਲ ਪਾਲ, ਬਿਲ ਕਸਬੀ ਤੇ ਬੌਬ ਡਾਲਟਨ ਨੂੰ ਵੀ ਇਸ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 14 ਦਸੰਬਰ 2012 'ਚ ਯੂਨੀਵਰਸਿਟੀ ਪਟਿਆਲਾ ਦੇ 36ਵੇਂ ਕਨਵੋਕੇਸ਼ਨ ਸਮਾਰੋਹ 'ਚ ਰਾਜਪਾਲ ਨੇ 'ਡਾਕਟਰ ਆਫ ਲਿਟਰੇਚਰ' ਦੀ ਉਪਾਧੀ ਨਾਲ ਸਨਮਾਨਿਤ ਕੀਤਾ।