ਸਰਦੂਲ ਸਿਕੰਦਰ ਦੀ ਮੌਤ ਦੇ ਸਦਮੇ ''ਚੋਂ ਮਾਂ ਅਮਰ ਨੂਰੀ ਨੂੰ ਇੰਝ ਬਾਹਰ ਕੱਢ ਰਹੇ ਦੋਵੇਂ ਪੁੱਤਰ (ਵੀਡੀਓ)
Tuesday, May 25, 2021 - 03:51 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਉਹ ਜੋੜੀ ਹੈ, ਜਿਸ ਨੇ ਪੰਜਾਬ ਦੇ ਹਰ ਘਰ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਬੀਤੇ ਦਿਨੀਂ ਅਮਰ ਨੂਰੀ ਦਾ ਜਨਮ ਦਿਨ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰਾਂ ਵੱਲੋਂ ਉਨ੍ਹਾਂ ਦੇ ਜਨਮਦਿਨ ਨੂੰ ਖ਼ਾਸ ਬਨਾਉਣ ਲਈ ਖ਼ਾਸ ਉਪਰਾਲਾ ਕੀਤਾ ਗਿਆ। ਅਲਾਪ ਸਿਕੰਦਰ ਨੇ ਅਮਰ ਨੂਰੀ ਦੇ ਜਨਮਦਿਨ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਅਮਰ ਨੂਰੀ ਨੂੰ ਜਨਮਦਿਨ 'ਤੇ ਵਧਾਈਆਂ ਦੇ ਰਹੇ ਹਨ।
ਇੰਝ ਅਮਰ ਨੂਰੀ ਨੂੰ ਸਰਦੂਰ ਦੀ ਮੌਤ ਦੇ ਸਦਮੇ 'ਚੋਂ ਕੱਢ ਰਹੇ ਬਾਹਰ
ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਲਾਪ ਸਿਕੰਦਰ ਨੇ ਲਿਖਿਆ ''ਇਸ ਤਾਲਾਬੰਦੀ ਦੌਰਾਨ ਹਰ ਕੋਈ ਦਿਲ ਟੁੱਟਣ ਵਾਲੀਆਂ ਸਥਿਤੀਆਂ 'ਚੋਂ ਲੰਘਿਆ ਹੈ ਕਿਉਂਕਿ ਅਸੀਂ ਸਭ ਨੇ ਆਪਣੇ ਪਿਆਰਿਆਂ ਤੋਂ ਦੂਰ ਹੋਣ ਦਾ ਦੁੱਖ ਸਹਾਰਿਆ ਅਤੇ ਸਾਹਮਣਾ ਕੀਤਾ ਹੈ। ਅਸੀਂ ਵੀ ਇਸ ਸਥਿਤੀ 'ਚੋਂ ਲੰਘੇ ਹਾਂ। ਸਾਰੰਗ ਅਤੇ ਮੈਂ ਇਸ ਸਾਲ ਮੰਮੀ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਦੀ ਯੋਜਨਾ ਬਣਾਈ ਸੀ। ਸਾਡੇ ਦਿਲਾਂ 'ਚ ਅਸੀਮ ਪਿਆਰ ਅਤੇ ਸਾਡਾ ਸਾਰਾ ਪਰਿਵਾਰ ਇੱਕਠੇ ਹੋ ਕੇ ਮਾਂ ਦੇ ਖੁਸ਼ਹਾਲ ਜਨਮਦਿਨ ਦੀ ਕਾਮਨਾ ਕਰਦੇ ਹਾਂ ਅਤੇ ਸੁਨਿਸ਼ਚਿਤ ਕਰਦਾ ਹੈ ਅਤੇ ਉਨ੍ਹਾਂ ਸੁੰਦਰ ਯਾਦਾਂ ਨੂੰ ਸਾਂਝੇ ਕਰਦੇ ਹਾਂ ਤਾਂ ਜੋ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਪੈਦਾ ਕੀਤੀ ਜਾ ਸਕੇ।'
ਫਰਵਰੀ ਚ ਹੋਈ ਸਰਦੂਲ ਸਿਕੰਦਰ ਦੀ ਮੌਤ
ਸਾਲ 1980 ਦੇ ਸ਼ੁਰੂਆਤੀ ਦੌਰ 'ਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਸਦਕਾ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਆਗਾਜ਼ ਕਰਨ ਵਾਲੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਇਸੇ ਸਾਲ ਅਲਵਿਦਾ ਆਖ ਗਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ 'ਚ ਜਨਮੇ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸੰਗੀਤ ਜਗਤ ਦੇ ਇਸ ਲਾਸਾਨੀ ਸਿਤਾਰੇ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ, ਜਿਸ 'ਚ 'ਜੱਗਾ ਡਾਕੂ' ਦਾ ਨਾਂ ਖ਼ਾਸ ਹੈ।
ਆਖੜੇ ਦੌਰਾਨ ਹੋਈ ਸੀ ਪਹਿਲੀ ਮੁਲਾਕਾਤ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ 'ਚ ਅਖਾੜੇ ਦੌਰਾਨ ਹੋਈ ਸੀ। ਇਸ ਮੁਲਾਕਾਤ ਦੌਰਾਨ ਨੂਰੀ ਨੇ ਖੰਨਾ ਦੇ ਪਿੰਡ ਬਲਾਲਾ ਸਰਦੂਲ ਸਿਕੰਦਰ ਨਾਲ ਕਿਸੇ ਵਿਆਹ 'ਚ ਪਹਿਲਾ ਅਖਾੜਾ ਲਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਨ੍ਹਾਂ ਦੀ ਜੋੜੀ ਲੋਕਾਂ ਨੂੰ ਇੰਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ 'ਚ ਵੀ ਦੋਵਾਂ ਦੀ ਜੋੜੀ ਬਣ ਗਈ। ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਅਮਨ ਨੂਰੀ ਨੇ ਦੀਦਾਰ ਸੰਧੂ ਦਾ ਗਰੁੱਪ ਛੱਡਕੇ ਸਰਦੂਲ ਸਿਕੰਦਰ ਨਾਲ ਨਵਾਂ ਗਰੁੱਪ ਬਣਾ ਲਿਆ।
ਪੂਰਾ ਪਰਿਵਾਰ ਖ਼ਿਲਾਫ਼ ਸੀ ਵਿਆਹ ਦੇ
ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਅਮਨ ਨੂਰੀ ਨੇ ਇੱਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖ਼ਿਲਾਫ਼ ਉਨ੍ਹਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ। ਅਮਨ ਨੂਰੀ ਦੇ ਪਿਤਾ ਰੌਸ਼ਨ ਸਾਗਰ ਉਨ੍ਹਾਂ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।
ਦੋਵਾਂ ਦੀ ਜੋੜੀ ਦੇ ਚੁੱਕੀ ਹੈ ਕਈ ਹਿੱਟ ਗੀਤ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇੱਕ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇੱਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।