ਗਾਇਕ ਬੱਬੂ ਮਾਨ ਦੀ ਫ਼ਿਲਮ ''ਸੁੱਚਾ ਸੂਰਮਾ'' ਦਾ ਮੋਸ਼ਨ ਪੋਸਟਰ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼
Friday, Aug 02, 2024 - 12:29 PM (IST)
ਜਲੰਧਰ (ਬਿਊਰੋ) : ਸਾਲ 2003 'ਚ ਰਿਲੀਜ਼ ਹੋਈ ਬਹੁ-ਚਰਚਿਤ ਫ਼ਿਲਮ 'ਹਵਾਏਂ' ਦੇ ਲਗਭਗ ਦੋ ਦਹਾਕਿਆਂ ਬਾਅਦ ਅਦਾਕਾਰ ਬੱਬੂ ਮਾਨ ਅਤੇ ਨਿਰਦੇਸ਼ਕ ਅਮਿਤੋਜ਼ ਮਾਨ ਇੱਕ ਵਾਰ ਮੁੜ ਨਵਾਂ ਸਿਨੇਮਾ ਇਤਿਹਾਸ ਸਿਰਜਣ ਜਾ ਰਹੇ ਹਨ, ਜਿਨ੍ਹਾਂ ਵੱਲੋਂ ਅਪਣੀ ਸ਼ਾਨਦਾਰ ਸੁਮੇਲਤਾ ਅਧੀਨ ਤਿਆਰ ਕੀਤੀ ਗਈ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ਨੂੰ ਜਲਦ ਹੀ ਵਰਲਡ-ਵਾਈਡ ਜਾਰੀ ਕੀਤਾ ਜਾਵੇਗਾ। ਹਾਲ ਹੀ 'ਚ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਨੂੰ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕੀਤਾ ਹੈ। ਇਹ ਫ਼ਿਲਮ 20 ਸਤੰਬਰ 2024 ਨੂੰ ਰਿਲੀਜ਼ ਹੋਵੇਗੀ।
'ਸਾਗਾ ਸਟੂਡਿਓਜ਼' ਅਤੇ 'ਸੈਵਨ ਕਲਰਜ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਫ਼ਿਲਮ ਲੋਕ-ਗਾਥਾਵਾਂ 'ਚ ਅੱਜ ਵੀ ਅਮਿੱਟ ਨਾਂ ਅਤੇ ਮਹਾਨ ਸੂਰਮੇ ਵਜੋਂ ਜਾਣੇ ਜਾਂਦੇ 'ਸੁੱਚਾ ਸੂਰਮਾ' 'ਤੇ ਅਧਾਰਿਤ ਹੈ, ਜਿਸ ਦੇ ਜੀਵਨ ਅਤੇ ਸਫ਼ਰ ਨੂੰ ਹੂਬਹੂ ਉਸ ਸਮੇਂ ਦੇ ਸੱਚੇ ਹਾਲਾਤਾਂ ਅਨੁਕੂਲ ਸਾਹਮਣੇ ਲਿਆਉਣ ਲਈ ਨਿਰਦੇਸ਼ਕ ਅਮਿਤੋਜ਼ ਮਾਨ ਵੱਲੋਂ ਕਾਫ਼ੀ ਰਿਸਰਚ ਅਤੇ ਮਿਹਨਤ ਕੀਤੀ ਗਈ ਹੈ। ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ 'ਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਅਮਿਤੋਜ਼ ਮਾਨ, ਜਿਨ੍ਹਾਂ ਵੱਲੋਂ ਨਿਰਦੇਸ਼ਿਤ ਪੰਜਾਬੀ ਫ਼ਿਲਮ 'ਹਵਾਏਂ' ਨੇ ਬੱਬੂ ਮਾਨ ਦੀ ਪ੍ਰਭਾਵੀ ਸਿਨੇਮਾ ਆਮਦ ਕਰਵਾਉਣ ਅਤੇ ਉਨ੍ਹਾਂ ਦੀ ਇਸ ਖਿੱਤੇ 'ਚ ਬਤੌਰ ਅਦਾਕਾਰ ਸਥਾਪਤੀ 'ਚ ਅਹਿਮ ਭੂਮਿਕਾ ਨਿਭਾਈ।
ਦੱਸਣਯੋਗ ਇਹ ਵੀ ਹੈ ਕਿ ਨਿਰਦੇਸ਼ਕ ਅਮਿਤੋਜ਼ ਮਾਨ ਅਤੇ ਅਦਾਕਾਰ ਬੱਬੂ ਮਾਨ ਦੀ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਕੈਮਿਸਟਰੀ ਕਈ ਨਵੇਂ ਅਯਾਮ ਸਿਰਜਣ 'ਚ ਕਾਮਯਾਬ ਰਹੀ ਹੈ, ਜਿਸ ਦਾ ਇਜ਼ਹਾਰ ਬੱਬੂ ਮਾਨ ਦੇ ਸ਼ੁਰੂਆਤੀ ਸੰਗੀਤਕ ਵੀਡੀਓਜ਼ 'ਸਾਉਣ ਦੀ ਝੜੀ', 'ਦਿਲ ਤਾਂ ਪਾਗਲ' ਅਤੇ 'ਕਬਜ਼ਾ' ਦੀ ਸੁਪਰ ਡੁਪਰ ਸਫ਼ਲਤਾ ਵੀ ਭਲੀਭਾਂਤ ਕਰਵਾ ਚੁੱਕੀ ਹੈ, ਜੋ ਬਿੱਗ ਸੈਟਅੱਪ ਅਤੇ ਵੱਡੇ ਮਿਊਜ਼ਿਕ ਵੀਡੀਓਜ਼ 'ਚ ਵੀ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ, ਜਿਨ੍ਹਾਂ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਸੀ। ਉਥੇ ਹੀ ਜੇਕਰ ਉਕਤ ਫ਼ਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਸੂਰਤਗੜ੍ਹ ਆਦਿ ਇਲਾਕਿਆਂ 'ਚ ਫ਼ਿਲਮਾਈ ਗਈ ਇਸ ਫ਼ਿਲਮ 'ਚ ਬਹੁਤ ਹੀ ਉਮਦਾ ਸਿਨੇਮਾ ਸਿਰਜਣਾ ਦੇ ਖੂਬਸੂਰਤ ਰੰਗ ਵੀ ਵੇਖਣ ਨੂੰ ਮਿਲਣਗੇ, ਜੋ ਅਮਿਤੋਜ਼ ਮਾਨ ਦੀ ਉੱਚ ਪੱਧਰੀ ਅਤੇ ਬਿਹਤਰੀਨ ਤਕਨੀਕੀ ਸਿਨੇਮਾ ਕੁਸ਼ਲਤਾ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।