ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ: 'ਦਿ ਸੇਵੀਅਰ- ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਮਿਲਿਆ ਬੈਸਟ ਡਾਕੂਮੈਂਟਰੀ ਐਵਾਰਡ

05/02/2022 4:44:43 PM

ਨੋਇਡਾ (ਬਿਊਰੋ)– ਪੁੰਛ ਖੇਤਰ ’ਚ ਪਹਿਲੀ ਜੰਗ ਦੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ-ਡਰਾਮਾ ਨੂੰ 12ਵੇਂ ਦਾਦਾ ਸਾਹਿਬ ਫ਼ਿਲਮ ਫੈਸਟੀਵਲ 2022 ’ਚ ਸਰਵੋਤਮ ਦਸਤਾਵੇਜ਼ੀ ਫ਼ਿਲਮ ਵਜੋਂ ਜੇਤੂ ਐਲਾਨਿਆ ਗਿਆ ਹੈ। ਡਾਕੂ-ਡਰਾਮਾ ‘ਦਿ ਸੇਵੀਅਰ : ਬ੍ਰਿਗੇਡੀਅਰ ਪ੍ਰੀਤਮ ਸਿੰਘ’ ਚੰਡੀਗੜ੍ਹ ਦੇ ਕਰਨਵੀਰ ਸਿੰਘ ਨਿਰਮਾਤਾ ਹਨ ਤੇ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।

ਇਹ 80 ਮਿੰਟ ਦਾ ਦਸਤਾਵੇਜ਼ੀ ਡਰਾਮਾ ਉਸ ਸਮੇਂ ਦੇ ਕਰਨਲ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਫੌਜ ਦੀ ਬਹਾਦਰੀ ਨੂੰ ਦਰਸਾਉਂਦਾ ਹੈ, ਜਿਸ ਨੇ ਪਹਿਲੀ ਪੈਰਾ ਕੁਮਾਉਂ ਰੈਜੀਮੈਂਟ ਦੀ ਕਮਾਂਡ ਕੀਤੀ ਸੀ ਤੇ 7 ਨਵੰਬਰ 1947 ਨੂੰ ਸ਼ੈਲਾਤਾਂਗ ਦੀ ਲੜਾਈ ’ਚ ਪਾਕਿਸਤਾਨੀ ਫੌਜ ਨਾਲ ਪਹਿਲੀ ਲੜਾਈ ਲੜੀ ਸੀ। ਉਹ ਬਾਰਾਮੂਲਾ, ਉੜੀ ’ਚੋਂ ਦੁਸ਼ਮਣ ਨੂੰ ਖਦੇੜਣ ਤੋਂ ਬਾਅਦ ਸਿਰਫ 419 ਸੈਨਿਕਾਂ ਨਾਲ ਪੁੰਛ ਚਲੇ ਗਏ ਤੇ ਸਰਹੱਦ ਪਾਰ ਦੇ ਹਮਲਾਵਰਾਂ ਤੋਂ 600 ਮੀਲ ਤੱਕ ਦੇ ਖੇਤਰ ਨੂੰ ਆਜ਼ਾਦ ਕਰਵਾਇਆ ਤੇ 55,000 ਤੋਂ ਵੱਧ ਸ਼ਰਨਾਰਥੀਆਂ ਦੀਆਂ ਜਾਨਾਂ ਬਚਾਈਆਂ।

ਕਰਨਵੀਰ ਸਿੰਘ ਸਿਬੀਆ ਦਾ ਕਹਿਣਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਪਹਿਲੀ ਭਾਰਤੀ ਜੰਗ ਦੇ ਅਣਗੌਲੇ, ਬਹੁਤ ਘੱਟ ਜਾਣੇ-ਪਛਾਣੇ ਨਾਇਕ ਹਨ, ਜੋ ਪੁੰਛ ਦੇ ਅਸਲੀ ਰਖਵਾਲੇ ਹਨ। ਉਨ੍ਹਾਂ ਦੀ ਕਹਾਣੀ ਸਾਡੀ ਪੀੜ੍ਹੀ ਤੇ ਭਵਿੱਖ ਨਾਲ ਸਾਂਝੀ ਕਰਨ ਦੀ ਲੋੜ ਹੈ। ਕੌਮ ਪ੍ਰਤੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀਆਂ ਸੇਵਾਵਾਂ ਦੇ ਸਨਮਾਨ ’ਚ ਅਕਾਲ ਤਖ਼ਤ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ 11 ਅਪ੍ਰੈਲ 2022 ਨੂੰ ਸਿੱਖ ਅਜਾਇਬ ਘਰ ’ਚ ਚਿੱਤਰ ਲਗਾਇਆ ਗਿਆ। ਡਾ.ਪਰਮਜੀਤ ਸਿੰਘ ਕੱਟੂ ਨੇ ਕਿਹਾ ਕਿ ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ ’ਚ ਸਰਵੋਤਮ ਡਾਕੂਮੈਂਟਰੀ ਵਜੋਂ ਵੱਕਾਰੀ ਐਵਾਰਡ ਮਿਲਣਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਵੱਡੀ ਸ਼ਰਧਾਂਜਲੀ ਹੈ। ਡਾ. ਪਰਮਜੀਤ ਅਨੁਸਾਰ ਦੇਸ਼ ਤੇ ਸੱਭਿਆਚਾਰ ਨੂੰ ਸਮਰਪਿਤ ਅਜਿਹੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਸਾਡਾ ਉਦੇਸ਼ ਤੇ ਲੋੜ ਹੈ। ਅਸੀਂ ਦੇਸ਼ ਤੇ ਸਮਾਜ ਨੂੰ ਸਾਕਾਰਾਤਮਕ ਅਗਵਾਈ ਦੇਣਾ ਚਾਹੁੰਦੇ ਹਾਂ, ਜਿਸ ’ਚ ਫ਼ਿਲਮਾਂ ਬਹੁਤ ਮਦਦਗਾਰ ਹੁੰਦੀਆਂ ਹਨ।

ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ ਪਿਛਲੇ 12 ਸਾਲਾਂ ਤੋਂ ਹਰ ਸਾਲ 30 ਅਪ੍ਰੈਲ ਨੂੰ ਮਹਾਨ ਫ਼ਿਲਮ ਨਿਰਮਾਤਾ ਤੇ ਭਾਰਤੀ ਸਿਨੇਮਾ ਦੇ ਪਿਤਾਮਾ ਦਾ ਜਨਮਦਿਨ ਮਨਾਇਆ ਜਾਂਦਾ ਹੈ, ਜਿਸ ’ਚ ਦੁਨੀਆ ਦੇ 110 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਸਿਨੇਮਾ ਦੇ ਨਵੇਂ ਯੁੱਗ ਤੇ ਦਿੱਗਜ ਫ਼ਿਲਮ ਨਿਰਮਾਤਾਵਾਂ ਨੂੰ ਪਛਾਣਿਆ ਜਾਂਦਾ ਹੈ। ਇਸ ਫ਼ਿਲਮ ’ਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਭੂਮਿਕਾ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਧਨਵੀਰ ਸਿੰਘ ਨੇ ਨਿਭਾਈ ਹੈ। ਇਸ ਫੈਸਟੀਵਲ ’ਚ ਕਾਰਜਕਾਰੀ ਨਿਰਮਾਤਾ ਸ਼੍ਰੀਮਤੀ ਸ਼ਿਵਾਨੀ ਸੋਖੀ ਤੇ ‘ਦਿ ਸੇਵੀਅਰ’ ਦੀ ਟੀਮ ਤੋਂ ਪ੍ਰੀਤਇੰਦਰ ਕੌਰ ਨੇ ਵੀ ਸ਼ਿਰਕਤ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News