ਸ਼ੇਰ ਦੇ ਬੱਚੇ ਨੂੰ ਵੇਖ ਘਬਰਾਈ ਸ਼ਹਿਨਾਜ਼ ਗਿੱਲ, ਚੀਕਾਂ ਮਾਰਦੀ ਭੱਜੀ ਬਾਹਰ (ਵੀਡੀਓ)
11/21/2022 3:48:15 PM

ਜਲੰਧਰ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਇੰਨ੍ਹੀਂ ਦਿਨੀਂ ਆਪਣੀਆਂ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ। ਹਾਲ 'ਚ ਉਹ ਫਿਲਮਫੇਅਰ ਐਵਾਰਡ ਵਾਲੇ ਈਵੈਂਟ 'ਚ ਨਜ਼ਰ ਆਈ ਸੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਹੁਣ ਸ਼ਹਿਨਾਜ਼ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਸ਼ੇਰ ਦੇ ਬੱਚੇ ਤੋਂ ਡਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ਹਿਨਾਜ਼ ਨੇ ਪੋਸਟ ਕਰਦਿਆਂ ਲਿਖਿਆ ਹੈ, ''ਮੈਂ ਡਰ ਗਈ।'' ਨਾਲ ਇਕ ਇਮੋਜ਼ੀ ਵੀ ਬਣਾਈ ਹੈ। ਸ਼ਹਿਨਾਜ਼ ਦੀਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਵਲੋਂ ਉਸ ਦੀ ਵੀਡੀਓ 'ਤੇ ਖ਼ੂਬ ਪਿਆਰ ਲੁਟਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ਼ਹਿਨਾਜ਼ ਦਾ ਬੈੱਡਰੂਮ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਹ ਆਪਣੀ ਮੰਮੀ ਨਾਲ ਨਜ਼ਰ ਆ ਰਹੀ ਸੀ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਇੱਕ ਕਮਰੇ 'ਚ ਆਪਣੀ ਮਾਂ ਨਾਲ ਪੰਜਾਬੀ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ। ਵੀਡੀਓ 'ਚ ਦੇਖ ਸਕਦੇ ਹੋ ਸ਼ਹਿਨਾਜ਼ ਗਿੱਲ ਆਪਣੇ ਅਤੇ ਆਪਣੀ ਮੰਮੀ 'ਤੇ ਫੁੱਲ ਸੁੱਟਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਫਿਲਫੇਅਰ ਦੇ ਮੰਚ 'ਤੇ ਸ਼ਹਿਨਾਜ਼ ਗਿੱਲ ਨੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਆਪਣੇ ਐਵਾਰਡ ਨੂੰ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਕੀਤਾ ਸੀ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ 'Kisi Ka Bhai Kisi Ki Jaan' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਦੀ ਝੋਲੀ ਕਈ ਹੋਰ ਹਿੰਦੀ ਫ਼ਿਲਮਾਂ ਦੇ ਪ੍ਰਾਜੈਕਟ ਹਨ।