80 ਦੇ ਦਹਾਕੇ 'ਚ ਪੰਜਾਬੀ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਸੀ ਸੁਖਜਿੰਦਰ ਸ਼ੇਰਾ, ਯੂਗਾਂਡਾ 'ਚ ਲਏ ਆਖ਼ਰੀ ਸਾਹ

Wednesday, May 05, 2021 - 03:46 PM (IST)

80 ਦੇ ਦਹਾਕੇ 'ਚ ਪੰਜਾਬੀ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਸੀ ਸੁਖਜਿੰਦਰ ਸ਼ੇਰਾ, ਯੂਗਾਂਡਾ 'ਚ ਲਏ ਆਖ਼ਰੀ ਸਾਹ

ਮੁੰਬਈ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸਤੀਸ਼ ਕੌਲ ਦੀ ਮੌਤ ਤੋਂ ਬਾਅਦ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ-ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ ਹੈ। ਸੁਖਜਿੰਦਰ ਯੂਗਾਂਡਾ 'ਚ ਸਨ, ਜਿਥੇ ਉਨ੍ਹਾਂ ਨੇ ਬੁੱਧਵਾਰ ਨੂੰ ਆਖਰੀ ਸਾਹ ਲਿਆ। ਸੁਖਜਿੰਦਰ ਦੇ ਸਹਾਇਕ ਜਗਦੇਵ ਸਿੰਘ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

PunjabKesari

ਨਿਮੋਨੀਆ ਕਾਰਨ ਹਸਪਤਾਲ 'ਚ ਸਨ ਦਾਖ਼ਲ
ਸੁਖਜਿੰਦਰ ਪਿਛਲੇ ਮਹੀਨੇ 17 ਅਪ੍ਰੈਲ ਨੂੰ ਹੀ ਆਪਣੇ ਇਕ ਦੋਸਤ ਕੋਲ ਕੀਨੀਆ ਗਿਆ ਸੀ। ਜਗਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ 25 ਅਪ੍ਰੈਲ ਨੂੰ ਉਥੇ ਬੁਖਾਰ ਹੋਇਆ ਸੀ, ਜਿਸ ਤੋਂ ਬਾਅਦ ਨਿਮੋਨੀਆ ਹੋਣ ਦੀ ਪੁਸ਼ਟੀ ਹੋਈ। ਹਾਲਤ ਵਿਗੜਣ 'ਤੇ ਸੁਖਜਿੰਦਰ ਸ਼ੇਰਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਬੁੱਧਵਾਰ ਤੜਕੇ 2 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ।

PunjabKesari

'ਯਾਰੀ ਜੱਟ ਦੀ' ਅਤੇ 'ਜੱਟ ਤੇ ਜ਼ਮੀਨ' ਨੇ ਦਿਵਾਈ ਸੀ ਪ੍ਰਸਿੱਧੀ
ਸੁਖਜਿੰਦਰ ਸ਼ੇਰਾ, ਜਗਰਾਉਂ ਦੇ ਪਿੰਡ ਮਲਕਾਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਕਈ ਮਸ਼ਹੂਰ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਸੀ। ਇਨ੍ਹਾਂ 'ਚ 'ਯਾਰੀ ਜੱਟ ਦੀ' ਅਤੇ 'ਜੱਟ ਤੇ ਜ਼ਮੀਨ' ਸ਼ਾਮਲ ਹਨ। ਸੁਖਜਿੰਦਰ ਆਪਣੀ ਆਉਣ ਵਾਲੀ ਫ਼ਿਲਮ 'ਯਾਰ ਬੇਲੀ' ਦੀ ਸ਼ੂਟਿੰਗ ਵੀ ਕਰ ਰਹੇ ਸਨ।

PunjabKesari

ਇਹ ਹਨ ਹਿੱਟ ਫ਼ਿਲਮਾਂ 
ਸੁਖਜਿੰਦਰ ਸ਼ੇਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਜੱਟ ਤੇ ਜ਼ਮੀਨ' ਫ਼ਿਲਮ ਤੋਂ ਪ੍ਰਸਿੱਧੀ ਖੱਟੀ। ਸੁਖਜਿੰਦਰ ਸ਼ੇਰਾ ਦਾ ਨਾਂ ਪੰਜਾਬੀ ਫ਼ਿਲਮ ਜਗਤ 'ਚ 80ਵੇਂ ਦਹਾਕੇ 'ਚ ਖੂਬ ਚਮਕਿਆ ਸੀ। ਸ਼ੇਰਾ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ 'ਸਿਰ ਧੜ ਦੀ ਬਾਜ਼ੀ' ਦਾ ਨਾਂ ਸਿਖਰ 'ਤੇ ਆਉਂਦਾ ਹੈ। ਇਸ ਤੋਂ ਇਲਾਵਾ 'ਪੱਗੜੀ ਸੰਭਾਲ ਜੱਟਾ', 'ਧਰਮ ਜੱਟ ਦਾ', 'ਜੰਗੀਰਾ', 'ਕਤਲੇਆਮ', 'ਹਥਿਆਰ', 'ਗੈਰਤ', 'ਉੱਚਾ ਪਿੰਡ', 'ਯਾਰੀ ਜੱਟ ਦੀ' ਆਦਿ ਹਨ।

PunjabKesari

ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣਾ ਚਾਹੁੰਦਾ ਹੈ ਪਰਿਵਾਰ
ਅਦਾਕਾਰ ਦਾ ਪਰਿਵਾਰ ਸੁਖਜਿੰਦਰ ਦੀ ਮ੍ਰਿਤਕ ਦੇਹ ਨੂੰ ਯੂਗਾਂਡਾ ਤੋਂ ਲਿਆਉਣ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਿਹਾ ਹੈ। ਸ਼ੇਰਾ ਦੇ ਨਜ਼ਦੀਕ ਮੰਨੇ ਜਾਂਦੇ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਡੀਪੀ ਸਿੰਘ ਅਰਸ਼ੀ ਦਾ ਕਹਿਣਾ ਹੈ, "ਸੁਖਜਿੰਦਰ ਦਾ ਪਰਿਵਾਰ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣਾ ਚਾਹੁੰਦਾ ਹੈ ਪਰ ਕੋਵਿਡ-19 ਕਾਰਨ ਇਸ ਦੌਰ (ਪੜਾਅ) 'ਚ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''

PunjabKesari

ਸਤੀਸ਼ ਕੌਲ ਦੀ ਮੌਤ ਵੀ ਸੀ ਪਾਲੀਵੁੱਡ ਲਈ ਵੱਡਾ ਝਟਕਾ  
ਦੱਸ ਦੇਈਏ ਕਿ 10 ਅਪ੍ਰੈਲ, 2021 ਨੂੰ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਵੀ ਦਿਹਾਂਤ ਹੋ ਗਿਆ। ਉਹ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ 300 ਤੋਂ ਵੱਧ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਸਨ। ਸਤੀਸ਼ ਕੌਲ ਲੰਬੇ ਸਮੇਂ ਤੋਂ ਆਰਥਿਕ ਤਣਾਅ ਨਾਲ ਜੂਝ ਰਹੇ ਸਨ। ਪਿਛਲੇ ਦਿਨੀਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਫਿਰ ਉਨ੍ਹਾਂ ਦੀ ਮੌਤ ਹੋ ਗਈ। ਟੀ. ਵੀ. ਦੇ 'ਇੰਦਰਦੇਵ' ਸਤੀਸ਼ ਕੌਲ ਨਹੀਂ ਸਨ ਦਵਾਈ ਖਰੀਦਣ ਦੇ ਪੈਸੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਹੁਤ ਹੀ ਮਾੜੇ ਗੁਜਾਰੇ ਸਨ। 

PunjabKesari


author

sunita

Content Editor

Related News